ਨਵਾਂਸ਼ਹਿਰ 20 ਮਾਰਚ 2021 - ਆਟੋ ਵਰਕਰ 23 ਮਾਰਚ ਨੂੰ ਆਟੋਆਂ ਉੱਤੇ ਕਿਰਤੀ ਕਿਸਾਨ ਯੂਨੀਅਨ ਦੇ ਝੰਡੇ ਬੰਨ੍ਹਕੇ ਸੰਯੁਕਤ ਕਿਸਾਨ ਮੋਰਚੇ ਦੀ ਖੱਟਕੜ ਕਲਾਂ ਵਿਖੇ ਹੋ ਰਹੀ ਕਿਸਾਨ ਕਾਨਫਰੰਸ ਵਿਚ ਜਿਲੇ ਭਰ ਵਿਚੋਂ ਕਾਫਲਿਆਂ ਰਾਹੀਂ ਸ਼ਮੂਲੀਅਤ ਕਰਨਗੇ।ਇਸ ਸਬੰਧੀ ਅੱਜ ਨਿਊ ਆਟੋ ਵਰਕਰਜ਼ ਯੂਨੀਅਨ ਦੀ ਜਿਲਾ ਪ੍ਰਧਾਨ ਪੁਨੀਤ ਕਲੇਰ ਬਛੌੜੀ ਦੀ ਪ੍ਰਧਾਨਗੀ ਹੇਠ ਇੱਥੇ ਮੀਟਿੰਗ ਹੋਈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਇਫਟੂ ਦੇ ਸੂਬਾ ਪ੍ਰੈੱਸ ਸਕੱਤਰ ਜਸਬੀਰ ਦੀਪ, ਪੁਨੀਤ ਕਲੇਰ ਬਛੌੜੀ ਅਤੇ ਜਿਲਾ ਮੀਤ ਪ੍ਰਧਾਨ ਬਿੱਲਾ ਗੁੱਜਰ ਨੇ ਕਿਹਾ ਕਿ ਇਹ ਪਹਿਲਾ ਮੌਕਾ ਹੈ ਜਦੋਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਉੱਤੇ ਕਿਸਾਨਾਂ ਦੀ ਵਿਸ਼ਾਲ ਕਾਨਫਰੰਸ ਹੋ ਰਹੀ ਹੈ।
ਕੇਂਦਰ ਸਰਕਾਰ ਦੇ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕੀਤੀ ਜਾ ਰਹੀ ਇਸ ਕਾਨਫਰੰਸ ਵਿਚ ਕਿਸਾਨਾਂ ਦੇ ਨਾਲ ਮਜਦੂਰ ਅਤੇ ਹੋਰ ਵਰਗ ਵੀ ਭਰਵੀਂ ਸ਼ਮੂਲੀਅਤ ਕਰ ਰਹੇ ਹਨ।ਇਹ ਖੇਤੀ ਕਾਨੂੰਨ ਦੇਸ਼ ਦੀ ਵਿਸ਼ਾਲ ਜਨਤਾ ਦੇ ਵਿਰੁੱਧ ਹਨ ਜਿਹੜੇ ਕਿਸਾਨਾਂ ਦੀਆਂ ਜਮੀਨਾਂ ਖੋਹ ਕੇ ਕਾਰਪੋਰੇਟਰਾਂ ਨੂੰ ਦੇਣ ਲਈ ਘੜੇ ਗਏ ਹਨ ਜਿਹਨਾਂ ਨੂੰ ਸਹਿਣ ਨਹੀਂ ਕੀਤਾ ਜਾਵੇਗਾ।ਆਟੋ ਵਰਕਰ ਨਵਾਂਸ਼ਹਿਰ ਤੋਂ ਇਲਾਵਾ ਬੰਗਾ, ਬਲਾਚੌਰ, ਰਾਹੋਂ,ਬਹਿਰਾਮ, ਔੜ,ਕਰਿਆਮ ਤੋਂ ਵੀ ਇੱਥੇ ਪੁੱਜਣਗੇ।