ਅਸ਼ੋਕ ਵਰਮਾ
ਬਠਿੰਡਾ 3 ਅਪ੍ਰੈਲ 2021:ਲੰਬੀ ਥਾਣੇ ਅਧੀਨ ਆਉਂਦੇ ਇੱਕ ਪਿੰਡ ਦੀ ਦਲਿਤ ਨਾਬਾਲਗ ਲੜਕੀ ਨਾਲ ਸਮੂਹਿਕ ਬਲਾਤਕਾਰ ਅਤੇ ਪੀੜਤ ਦੀ ਵੀਡੀਓ ਵਾਇਰਲ ਕਰਨ ਵਾਲੇ ਦੋਸ਼ੀਆਂ ਨੂੰ ਗਿਰਫ਼ਤਾਰ ਕਰਾਉਣ 'ਚ ਅਹਿਮ ਭੂਮਿਕਾ ਅਦਾ ਕਰਨ ਵਾਲੇ ਬੀਕੇਯੂ ਏਕਤਾ ਉਗਰਾਹਾਂ ਦੇ ਆਗੂਆਂ ਨੂੰ ਦੋਸ਼ੀਆਂ ਵੱਲੋਂ ਪੁਲਿਸ ਅਤੇ ਕਾਂਗਰਸੀ ਤੇ ਭਾਜਪਾ ਲੀਡਰਾਂ ਨਾਲ਼ ਮਿਲਕੇ ਝੂਠੇ ਕੇਸ 'ਚ ਫਸਾਉਣ ਦੇ ਹੱਥਕੰਡਿਆਂ ਖਿਲਾਫ ਅੱਜ਼ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੱਦੇ ਤੇ ਸੈਂਕੜੇ ਮਰਦ ਔਰਤਾਂ ਤੇ ਨੌਜਵਾਨਾਂ ਵੱਲੋਂ ਲੰਬੀ ਥਾਣੇ ਅੱਗੇ ਰੋਹ ਭਰਪੂਰ ਧਰਨਾ ਦਿੱਤਾ ਗਿਆ।ਇਸ ਵਿਸ਼ਾਲ ਧਰਨੇ ਨੂੰ ਬੀਕੇਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਸਕੱਤਰ ਗੁਰਭਗਤ ਸਿੰਘ ਭਲਾਈਆਣਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ,ਗੁਰਪਾਸ਼ ਸਿੰਘ, ਤਰਸੇਮ ਸਿੰਘ ਖੁੰਡੇ ਹਲਾਲ, ਕਾਲਾ ਸਿੰਘ ਸਿੰਘੇਵਾਲਾ , ਭੁਪਿੰਦਰ ਸਿੰਘ ਚੰਨੂੰ, ਬਲਾਕ ਸੰਗਤ ਦੇ ਆਗੂ ਕੁਲਵੰਤ ਰਾਏ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਆਗੂ ਡਾਕਟਰ ਮਨਜਿੰਦਰ ਸਿੰਘ ਸਰਾਂ, ਨੌਜਵਾਨ ਭਾਰਤ ਸਭਾ ਦੇ ਆਗੂ ਜਸਕਰਨ ਸਿੰਘ ਕੋਟਗੁਰੂ ਤੇ ਅਧਿਆਪਕ ਆਗੂ ਕੁਲਦੀਪ ਸ਼ਰਮਾ ਨੇ ਸੰਬੋਧਨ ਕੀਤਾ।
ਉਹਨਾਂ ਦੋਸ਼ ਲਾਇਆ ਕਿ ਬਲਾਤਕਾਰ ਦੇ ਕੇਸ 'ਚ ਨਾਮਜ਼ਦ ਦੋਸ਼ੀ ਨੂੰ ਬਚਾਉਣ ਲਈ ਇਲਾਕੇ ਦੇ ਅਕਾਲੀ, ਕਾਂਗਰਸੀ ਲੀਡਰਾਂ ਵੱਲੋਂ ਪੀੜਤ ਪਰਿਵਾਰ ਸਮੇਤ ਮਜ਼ਦੂਰ ਕਿਸਾਨ ਆਗੂਆਂ ਉਤੇ ਸਮਝੌਤੇ ਲਈ ਦਬਾਅ ਪਾਇਆ ਗਿਆ ਸੀ। ਪਰ ਪੀੜਤ ਪਰਿਵਾਰ ਤੇ ਜਥੇਬੰਦੀਆਂ ਵੱਲੋਂ ਉਹਨਾਂ ਦੀ ਸਮਝੌਤਾ ਤਜਵੀਜ਼ ਠੁਕਰਾ ਦਿੱਤੀ ਗਈ। ਉਹਨਾਂ ਕਿਹਾ ਕਿ ਇਸੇ ਗੱਲ ਤੋਂ ਖ਼ਫ਼ਾ ਹੋਕੇ ਪਿੰਡ ਮਿਠੜੀ ਬੁੱਧਗਿਰ ਦੇ ਇੱਕ ਕਾਂਗਰਸੀ ਦਲਿਤ ਪੰਚਾਇਤ ਮੈਂਬਰ ਤੋਂ ਕਿਸਾਨ ਆਗੂ ਗੁਰਪਾਸ਼ ਸਿੰਘ ਸਿੰਘੇਵਾਲਾ ਤੇ ਦਲਜੀਤ ਸਿੰਘ ਮਿਠੜੀ ਬੁੱਧਗਿਰ ਸਮੇਤ ਹੋਰ ਕਿਸਾਨ ਆਗੂਆਂ ਖਿਲਾਫ ਉਸ ਨੂੰ ਜਾਤੀ ਸੂਚਕ ਸ਼ਬਦ ਵਰਤਣ ਦੀ ਝੂਠੀ ਸ਼ਕਾਇਤ ਦਰਜ਼ ਕਰਵਾ ਦਿੱਤੀ ਜਿਸਦੇ ਆਧਾਰ 'ਤੇ ਪੁਲਿਸ ਵੱਲੋਂ ਉਨ੍ਹਾਂ ਖਿਲਾਫ ਕੇਸ ਦਰਜ ਕਰਨ ਦੀ ਤਿਆਰੀ ਵਿੱਢੀ ਹੋਈ ਹੈ। ਉਹਨਾਂ ਇਹ ਦੋਸ਼ ਲਾਇਆ ਕਿ ਕਿਸਾਨ ਆਗੂ ਦਲਜੀਤ ਸਿੰਘ ਤੇ ਉਸਦੀ ਪਤਨੀ ਉਤੇ ਹਮਲਾ ਕਰਨ , ਕਿਸਾਨ ਆਗੂ ਦੀ ਦਾੜ੍ਹੀ ਪੁੱਟਕੇ ਤੇ ਪੱਗ ਉਤਾਰ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਚਾਉਣ ਵਾਲੇ ਮਿਠੜੀ ਬੁੱਧਗਿਰ ਦੇ ਕਾਂਗਰਸੀ ਆਗੂ ਖਿਲਾਫ ਮਹੀਨੇ ਤੋਂ ਜ਼ਿਆਦਾ ਸਮਾਂ ਬੀਤਣ ਦੇ ਬਾਵਜੂਦ ਪੁਲਿਸ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ।
ਉਹਨਾਂ ਪਿੰਡ ਮਹਿਣਾ ਦੇ ਮਜ਼ਦੂਰ ਆਗੂ ਜਸਵੀਰ ਸਿੰਘ ਨੂੰ ਕਾਂਗਰਸੀਆਂ ਤੇ ਪੁਲਿਸ ਵੱਲੋਂ ਇੱਕ ਝੂਠੇ ਕੇਸ 'ਚ ਗਿਰਫ਼ਤਾਰ ਕਰਾਉਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਮਜ਼ਦੂਰ ਆਗੂ ਦਾ ਕਸੂਰ ਸਿਰਫ਼ ਇਹੀ ਹੈ ਕਿ ਉਸ ਵੱਲੋਂ ਬੀਤੇ ਦਿਨੀਂ ਲੰਬੀ ਪੁਲਿਸ ਵੱਲੋਂ ਚੋਰੀ ਦੇ ਇੱਕ ਕੇਸ ਦੀ ਪੜਤਾਲ ਕਰਨ ਦੇ ਬਹਾਨੇ ਇੱਕ ਮਜ਼ਦੂਰ ਰਮੇਸ਼ ਕੁਮਾਰ ਨੂੰ ਨਜਾਇਜ਼ ਹਿਰਾਸਤ 'ਚ ਰੱਖਕੇ ਅੰਨਾਂ ਤਸ਼ੱਦਦ ਢਾਹੁਣ ਵਿਰੁੱਧ ਅਵਾਜ਼ ਉਠਾਈ ਸੀ । ਉਹਨਾਂ ਮੰਗ ਕੀਤੀ ਕਿ ਕਿਸਾਨ ਆਗੂਆਂ ਨੂੰ ਝੂਠੇ ਕੇਸ 'ਚ ਫਸਾਉਣ ਦੀਆਂ ਸਾਜ਼ਸ਼ਾਂ ਬੰਦ ਕੀਤੀਆਂ ਜਾਣ, ਮਜ਼ਦੂਰ ਆਗੂ 'ਤੇ ਪਾਇਆ ਝੂਠਾ ਕੇਸ ਰੱਦ ਕੀਤਾ ਜਾਵੇ, ਕਿਸਾਨ ਆਗੂ ਤੇ ਉਸਦੀ ਪਤਨੀ 'ਤੇ ਹਮਲਾ ਕਰਨ ਵਾਲੇ ਕਾਂਗਰਸੀ ਸਰਪੰਚ ਖਿਲਾਫ ਬਣਦਾ ਮੁਕੱਦਮਾ ਦਰਜ ਕਰਕੇ ਗਿਰਫ਼ਤਾਰ ਕੀਤਾ ਜਾਵੇ, ਮਜ਼ਦੂਰ ਰਮੇਸ਼ ਕੁਮਾਰ ਨੂੰ ਨਜਾਇਜ਼ ਹਿਰਾਸਤ 'ਚ ਰੱਖਕੇ ਜ਼ਬਰ ਢਾਹੁਣ ਵਾਲੇ ਪੁਲਿਸ ਅਧਿਕਾਰੀ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਮਹਿਣਾ ਸਮੇਤ ਹੋਰਨਾਂ ਪਿੰਡਾਂ ਦੇ ਕਿਸਾਨਾਂ ਦੀਆਂ ਮੋਟਰਾਂ ਤੋਂ ਤਾਰਾਂ ਚੋਰੀ ਕਰਨ ਵਾਲੇ ਅਸਲ ਦੋਸ਼ੀਆਂ ਨੂੰ ਗਿਰਫ਼ਤਾਰ ਕੀਤਾ ਜਾਵੇ।
ਅੱਜ਼ ਦੇ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਗੁਰਜੰਟ ਸਿੰਘ ਸਾਉਂਕੇ, ਡਾਕਟਰ ਹਰਪਾਲ ਸਿੰਘ ਕਿੱਲਿਆਂਵਾਲੀ, ਨਿਸ਼ਾਨ ਸਿੰਘ ਕੱਖਾਵਾਲੀ, ਦਲਜੀਤ ਸਿੰਘ ਮਿਠੜੀ ਬੁੱਧਗਿਰ,ਮਨੋਹਰ ਸਿੰਘ ਸਿੱਖਾਂਵਾਲਾ, ਡਾਕਟਰ ਜਗਦੀਸ ਕੁਮਾਰ , ਕਾਕਾ ਸਿੰਘ ਖੁੰਡੇ ਹਲਾਲ, ਕਾਲਾ ਸਿੰਘ ਖੂਨਣ ਖੁਰਦ ਆਦਿ ਆਗੂਆਂ ਨੇ ਸੰਬੋਧਨ ਕੀਤਾ।