ਅਸ਼ੋਕ ਵਰਮਾ
ਬਰਨਾਲਾ,8ਜਨਵਰੀ2021:ਤਿੰਨ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਚੱਲ ਰਹੇ ਸਾਂਝੇ ਕਿਸਾਨ ਸੰਘਰਸ਼ ਦੌਰਾਨ ਅੱਜ ਸ਼ਿੰਦਰ ਸਿੰਘ, ਗੁਰਚਰਨ ਸਿੰਘ , ਜਗਰਾਜ ਸਿੰਘ, ਬੇਅੰਤ ਸਿੰਘ ਅਤੇ ਨਾਜਮ ਸਿੰਘ ਆਦਿ ਨੇ ਭੁੱਖ ਹੜਤਾਲ ਰੱਖੀ। ਪੇਂਡੂ ਕਿਸਾਨੀ ਔਰਤਾਂ ਨੇ ਨਾਲ ਨਾਲ ਸ਼ਹਿਰ ਦੀਆਂ ਬਾਬਾ ਜੀਵਨ ਸਿੰਘ ਗੁਰਦਵਾਰਾ ਮੁਹੱਲਾ ਦੀਆਂ ਅਨੀਤਾ ਮੱਟੂ ਦੀ ਅਗਵਾਈ ਵਿੱਚ ਸ਼ਾਮਿਲ ਹੋਈਆਂ ਵੱਡੀ ਗਿਣਤੀ ਵਿੱਚ ਭੈਣਾਂ ਦਾ ਸਾਥ ਮਿਲਿਆ। ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਬਲਵੰਤ ਸਿੰਘ ਉੱਪਲੀ , ਪ੍ਰੇਮਪਾਲ ਕੌਰ, ਚਰਨਜੀਤ ਕੌਰ, ਬਾਬੂ ਸਿੰਘ ਖੁੱਡੀਕਲਾਂ, ਨੇਕਦਰਸ਼ਨ ਸਿੰਘ, ਕਰਨੈਲ ਸਿੰਘ ਗਾਂਧੀ, ਨਿਰਭੈ ਸਿੰਘ ਗਿਆਨੀ, ਬਾਰਾ ਸਿੰਘ ਬਦਰਾ, ਹਰਚਰਨ ਚੰਨਾ,ਅਨੀਤਾ ਮੱਟੂ ਆਦਿ ਨੇ ਸੰਬੋਧਨ ਕੀਤਾ।
ਬੁਲਾਰਿਆਂ ਨੇ ਕਿਹਾ ਕਿ ਖੇਤੀ ਵਿਰੋਧੀ ਕਾਨੂੰਨ ਰੱਦ ਕਰਨ ਦੀ ਆਵਾਜ ਘਰ-ਘਰ ਦੀ ਅਵਾਜ ਬਣਕੇ ਮੋਦੀ ਸਰਕਾਰ ਨੂੰ ਲਲਕਾਰਨ ਲੱਗੀ ਹੈ। ਬੇਸ਼ੱਕ ਅੱਜ ਖੇਤੀ ਮੰਤਰੀ ਨਰਿੰਦਰ ਤੋਮਰ ਨਾਲ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋ ਰਹੀ ਹੈ ਪਰ ਇਸ ਮੀਟਿੰਗ ਵਿਚੋਂ ਬਹੁਤਾ ਕੁੱਝ ਹਾਸਲ ਹੋਣ ਦੇ ਆਸਾਰ ਘੱਟ ਹਨ। ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਖੇਤੀ ਵਿਰੋਧੀ ਕਾਨੂੰਨਾਂ ਦੀ ਮੰਗ ਛੱਡਣ ਦੀਆਂ ਗੱਲਾਂ ਕਰ ਰਿਹਾ ਹੈ ਜਦੋਂਕਿ ਕਿਸਾਨ ਖੇਤੀ ਕਾਨੂੰਨ ਰੱਦ ਕਰਨ ਤੋਂ ਘੱਟ ਸਵੀਕਾਰ ਨਹੀਂ ਕਰਨਞੇ। ਬੁਲਾਰਿਆਂ ਕਿਹਾ ਕਿ 12 ਜਨਵਰੀ ਤੱਕ ਜਾਗਰੂਕਤਾ ਹਫਤਾ ਮੁਹਿੰਮ ਸ਼ੁਰੂ ਹੋ ਗਈ ਹੈ। ਅੱਜ ਵੀ ਬਹੁਤ ਸਾਰੇ ਪਿੰਡਾਂ ਵਿੱਚ ਟਰੈਕਟਰ ਮਾਰਚ ਰਾਹੀਂ ਪਿੰਡਾਂ ਨੂੰ ਲਾਮਬੰਦ ਕਰਨ ਦੀ ਮੁਹਿੰਮ ਜਾਰੀ ਰਹੀ ਜਿਸ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ।
13 ਜਨਵਰੀ ਨੂੰ ਦੁੱਲੇ ਭੱਟੀ ਦੇ ਕਰੋੜਾਂ ਵਾਰਸ ਪਿੰਡਾਂ ਵਿੱਚ ਲੋਹੜੀ ਮੌਕੇ ਸਾਂਝੀ ਦੁੱਲੇ ਭੱਟੀ ਦੇ ਵਾਰਸ ਕਾਲੇ ਕਾਨੂੰਨਾਂ ਦੀ ਲੋਹੜੀ ਬਾਲਕੇ ਸੰਘਰਸ਼ ਤੇਜ ਕਰਨ ਦਾ ਅਹਿਦ ਕਰਨਗੇ। 18 ਜਨਵਰੀ ਨੂੰ ਔਰਤ ਸ਼ਸ਼ਕਤੀਕਰਨ ਦਿਵਸ ਮੌਕੇ ਔਰਤਾਂ ਦੇ ਵੱਡੇ ਇਕੱਠ ਕਰਕੇ ਕਿਸਾਨ ਔਰਤਾਂ ਦੀ ਸੰਘਰਸ਼ ਵਿੱਚ ਸ਼ਮੂਲੀਅਤ ਨੂੰ ਹੋਰ ਵਧੇਰੇ ਜਰਬਾਂ ਦਿੱਤੀਆਂ ਜਾਣਗੀਆਂ। 23 ਜਨਵਰੀ ਨੂੰ ਨੇਤਾ ਜੀ ਸੁਭਾਸ਼ ਚੰੰਦਰ ਬੋਸ ਨੂੰ ਯਾਦ ਕੀਤਾ ਜਾਵੇਗਾ। 26 ਜਨਵਰੀ ਸਮਾਨਅੰਤਰ ਕਿਸਾਨ ਦਿਵਸ ਵੱਡੇ ਪੱਧਰ ਤੇ ਟਰੈਕਟਰ ਮਾਰਚ ਕਰਕੇ ਮਨਾਇਆ ਜਾਵੇਗਾ।