ਅਸ਼ੋਕ ਵਰਮਾ
ਨਵੀਂ ਦਿੱਲੀ 3 ਅਪ੍ਰੈਲ 2021:ਲੋਕ ਵਿਰੋਧੀ ਕਾਲੇ ਕਾਨੂੰਨਾਂ ਪ੍ਰਤੀ ਡਟੇ ਦਿੱਲੀ ਦੀਆਂ ਬਰੂਹਾਂ ਤੇ ਦੇਸ਼ ਦਾ ਅੰਨਦਾਤੇ ਤੋਂ ਬੌਖਲਾਹਟ ਵਿਚ ਆ ਕੇ ਮੋਦੀ ਸਰਕਾਰ ਵੱਲੋਂ ਕਿਸਾਨ ਆਗੂ ਤੇ ਹਮਲੇ ਕਰਵਾਏ ਜਾ ਰਹੇ ਹਨ। ਇਹ ਸ਼ਬਦ ਦੇ ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਗਦਰੀ ਗੁਲਾਬ ਕੌਰ ਨਗਰ ਸਟੇਜ ਤੋਂ ਕਹੇ। ਉਨ੍ਹਾਂ ਮੋਦੀ ਸਰਕਾਰ ਦੀ ਸਹਿਪ੍ਰਸਤ ਗੁੰਡਿਆਂ ਵੱਲੋਂ ਰਾਕੇਸ਼ ਟਿਕੈਤ ਤੇ ਕੀਤੇ ਹਮਲੇ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਕਾਲੇ ਕਾਨੂੰਨ ਨੂੰ ਰੱਦ ਕਰਨ ਦੀ ਬਜਾਏ ਕਿਸਾਨ ਆਗੂਆਂ ਤੇ ਹਮਲੇ ਕਰ ਕੇ ਕਿਸਾਨੀ ਅੰਦੋਲਨ ਵਿਚ ਅੰਦੋਲਨਕਾਰੀਆਂ ਤੇ ਦਹਿਸ਼ਤ ਪੈਦਾ ਕਰਨਾ ਚਾਹੁੰਦੀ ਹੈ । ਇਸ ਨਾਲ ਸਰਕਾਰ ਅੰਦੋਲਨ ਨੂੰ ਫੇਲ੍ਹ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ।
ਸੰਗਰੂਰ ਜ਼ਿਲ੍ਹੇ ਦੇ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਨੇ ਕਿਹਾ ਕਿ ਰਾਜਨੀਤੀ ਆਗੂ ਕਿਸਾਨੀ ਅੰਦੋਲਨ ਦੀ ਪਰਵਾਹ ਨਾ ਕਰਦੇ ਹੋਏ ਰਾਜਾਂ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਰਾਜ ਸਤਾ ਤੇ ਕਾਬਜ਼ ਹੋਣ ਲਈ ਜੋਰ ਲਾ ਰਹੀਆਂ ਹਨ । ਪਰ ਕਿਸਾਨੀ ਮੁੱਦੇ ਦਾ ਸਹਾਰਾ ਲੈ ਕੇ ਲੋਕ ਹਿਤੈਸ਼ੀ ਬਣਨ ਦਾ ਢਕਵੰਜ ਕਰ ਰਹੀਆਂ ਹਨ । ਇਨ੍ਹਾਂ ਦੀਆਂ ਕਾਰਵਾਈਆਂ ਤੋਂ ਸਪੱਸ਼ਟ ਹੈ ਕਿ ਲੋਕ ਵਿਰੋਧੀ ਕਾਲੇ ਕਾਨੂੰਨਾਂ ਨੂੰ ਕਿਸਾਨਾਂ ਤੇ ਕਿਰਤੀ ਲੋਕਾਂ ਤੇ ਮ੍ੜਨ ਲਈ ਸਾਰੀਆਂ ਰਾਜਨੀਤਕ ਪਾਰਟੀਆਂ ਇਕਮੱਤ ਹਨ ।
ਫਿਲਮੀ ਅਦਾਕਾਰ ਮਲਕੀਤ ਰੌਣੀ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਫਿਰਕਾ ਪ੍ਰਸਤੀ ਦਾ ਪੱਤਾ ਖੇਡਣ ਦੀਆਂ ਕੋਸ਼ਿਸ਼ਾਂ ਜਾਰੀ ਹਨ । ਭਾਵੇਂ ਧਰਮਾਂ ਦੇ ਨਾਂ ਤੇ ,ਰਾਜਨੀਤੀ ਪਾਰਟੀਆਂ ਦੇ ਨਾਂ ਤੇ, ਕਿਸਾਨਾਂ ਤੇ ਜੁਆਨਾਂ ਦੇ ਨਾਂ ਤੇ ਹੋਣ । ਕਿਉਂ ਕਿ ਅੱਜ ਤੱਕ ਸਾਰੀਆਂ ਦੇਸੀ ਵਿਦੇਸ਼ੀ ਹਕੂਮਤਾਂ ਨੇ ਪਾੜੋ ਤੇ ਰਾਜ ਕਰੋ ਦੀ ਨੀਤੀ ਰਾਹੀ ਹੀ ਲੋਕਾਂ ਨੂੰ ਦਬਾਅ ਕੇ ਰੱਖਿਆ ਹੈ ਪਰ ਅੱਜ ਕਿਸਾਨ ਬਹੁਤ ਲਾਮਬੰਦ ਅਤੇ ਜਥੇਬੰਦ ਹੋ ਚੁੱਕੇ ਹਨ । ਜੋ ਮੋਦੀ ਸਰਕਾਰ ਦੀ ਹਰ ਤਰ੍ਹਾਂ ਦੀ ਚਾਲ ਫੇਲ੍ਹ ਕਰਕੇ ਰੱਖ ਦੇਣਗੇ । ਅੱਜ ਦੀ ਸਟੇਜ ਤੋਂ ਜਗਸੀਰ ਦੋਦੜਾ ਗੁਰਦੇਵ ਸਿੰਘ ਗੱਜੂਮਾਜਰਾ ਅਮਰਜੀਤ ਸਿੰਘ ਸੈਦੋਕੇ ਮੋਠੂ ਸਿੰਘ ਕੋਟੜਾ ਬਿੱਟੂ ਮੱਲਣ ਨੇ ਸੰਬੋਧਨ ਕੀਤਾ ।