ਅਸ਼ੋਕ ਵਰਮਾ
ਨਵੀਂ ਦਿੱਲੀ, 31 ਮਾਰਚ 2021 - ਭਾਰਤ ਸਰਕਾਰ ਕਿਸਾਨਾਂ,ਮਜ਼ਦੂਰਾਂ, ਦੁਕਾਨਦਾਰਾਂ,ਮਲਾਜ਼ਮਾਂ ਅਤੇ ਸਨਅਤੀ-ਮਜ਼ਦੂਰਾਂ 'ਤੇ ਆਪਣੇ ਕਾਲੇ ਕਾਨੂੰਨਾਂ ਦਾ ਕੁਹਾੜਾ ਚਲਾ ਰਹੀ ਹੈ ਜਿਵੇ ਕਿਰਤ ਕਾਨੂੰਨਾਂ ਵਿੱਚ ਸੋਧ ਕਰਕੇ ਜਾ ਮੁਲਾਜ਼ਮਾਂ ਨੂੰ ਠੇਕੇਦਾਰੀ ਸਿਸਟਮ 'ਚ ਲਿਆ ਕੇ ਕਿਰਤੀ ਲੋਕਾਂ ਦੀ ਦੂਹਰੀ ਲੁੱਟ ਕਰ ਰਹੀ ਹੈ।ਅੱਜ ਮੋਦੀ ਸਰਕਾਰ ਨੀਤੀ ਆਯੋਗ ਰਾਹੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਝੂਠਾ ਬਹਾਨਾ ਬਣਾ ਕੇ ਕਿਸਾਨਾਂ 'ਤੇ ਕਾਲੇ ਕਾਨੂੰਨ ਥੋਪ ਰਹੀ ਹੈ ਅਤੇ ਸੰਘਰਸ਼ ਕਰਦੇ ਕਿਸਾਨਾਂ, ਮਜ਼ਦੂਰਾਂ ਨੂੰ ਨਿਰਾਸ਼ਤਾ ਵੱਲ ਧੱਕਣ ਦਾ ਜੋ ਇਰਾਦਾ ਮਨ ਵਿੱਚ ਕਰੀ ਬੈਠੀ ਹੈ ਇਹ ਕਿਸੇ ਵੀ ਕੀਮਤ ਤੇ ਪੂਰਾ ਨਹੀਂ ਹੋਵੇਗਾ।ਇਹ ਸ਼ਬਦ ਅਮਰੀਕ ਸਿੰਘ ਗੰਢੂਆਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਟਿਕਰੀ ਬਾਰਡਰ 'ਤੇ ਪਕੌੜਾ ਚੌਂਕ ਨੇੜੇ ਚਲਦੀ ਬੀਬੀ ਗ਼ਦਰੀ ਗੁਲਾਬ ਕੌਰ ਸਟੇਜ ਤੋਂ ਕਹੇ।
ਔਰਤ ਜਥੇਬੰਦੀ ਦੀ ਆਗੂ ਪਰਮਜੀਤ ਕੌਰ ਕੋਟੜਾ ਨੇ ਕਿਹਾ ਕਿ ਅੱਜ ਸਾਮਰਾਜੀ ਕਾਰਪੋਰੇਟ ਘਰਾਣਿਆਂ ਵੱਲੋਂ ਕਿਰਤੀ ਲੋਕਾਂ ਤੇ ਜੋ ਕਾਲੇ ਕਾਨੂੰਨ ਮੜੇ ਜਾ ਰਹੇ ਹਨ ਇਹ ਭਾਰਤ ਦੀ ਮਿਹਨਤਕਸ਼ ਲੋਕਾਈ ਦੀ ਮੌਤ ਦੇ ਵਾਰੰਟ ਹਨ।ਹਾੜ੍ਹੀ ਦੀ ਵਾਢੀ ਕੁੱਝ ਦਿਨਾਂ ਵਿੱਚ ਸ਼ੁਰੂ ਹੋਣ ਵਾਲੀ ਕਰਕੇ ਮੋਦੀ ਸਰਕਾਰ ਦਾ ਮਨ ਵਿੱਚ ਪਾਲਿਆ ਇਹ ਭੁਲੇਖਾ ਕਿ ਕਿਸਾਨ ਘਰਾਂ ਨੂੰ ਵਾਪਸ ਚਲੇ ਜਾਣਗੇ ਇਹ ਸਾਡੀਆਂ ਮਾਵਾਂ ਭੈਣਾਂ ਵੱਡੀ ਗਿਣਤੀ ਵਿੱਚ ਪਹੁੰਚ ਕੇ ਮੋਰਚੇ ਦੀ ਗਿਣਤੀ ਨੂੰ ਦੂਣਾ ਚੌਣਾ ਕਰਕੇ ਦੂਰ ਕਰਨਗੀਆਂ ਅਤੇ ਕਿਸਾਨਾਂ-ਮਜ਼ਦੂਰਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਨੂੰ ਜਿੱਤ ਵੱਲ ਲਿਜਾਣਗੀਆ।
ਗੁਰਦੇਵ ਸਿੰਘ ਕਿਸ਼ਨਪੁਰਾ ਨੇ ਕਿਹਾ ਕਿ ਸਰਕਾਰਾ ਨਿੱਜੀਕਰਨ ਦੀ ਨੀਤੀਆ ਨੂੰ ਦੁਬਾਰਾ ਕਰੋਨਾ ਦੀ ਬਿਮਾਰੀ ਰਾਹੀਂ ਲਾਗੂ ਕਰ ਰਹੀਆਂ ਹਨ। ਕੈਪਟਨ ਅਤੇ ਮੋਦੀ ਦੀ ਹਕੂਮਤ ਸਰਕਾਰੀ ਅਦਾਰੇ ਜੋਂ ਉੱਨਤੀ 'ਚ ਹਨ ਸਾਰੇ ਦੇ ਸਾਰੇ ਵੇਚਣ ਦੇ ਰਾਹ ਪਈ ਹੋਈ ਹੈ।ਭਾਵੇਂ ਅੱਜ ਕੈਪਟਨ ਸਰਕਾਰ ਕਾਲੇ ਕਾਨੂੰਨਾਂ ਦਾ ਵਿਰੋਧ ਕਰ ਰਹੀ ਹੈ ਪਰ ਧੁਰ ਅੰਦਰੋਂ ਇੰਨ੍ਹਾਂ ਕਾਨੂੰਨਾਂ ਨੂੰ ਲਾਗੂ ਕਰਨ ਦੇ ਹੱਕ ਵਿੱਚ ਹੈ ।
ਅੱਜ ਦੀ ਸਟੇਜ ਤੋਂ ਲੀਲਾ ਸਿੰਘ ਚੋਟੀਆਂ ਸੀਨੀਅਰ ਮੀਤ ਪ੍ਰਧਾਨ ਬਲਾਕ ਲਹਿਰਾਗਾਗਾ (ਸੰਗਰੂਰ), ਸਤਪਾਲ ਸਿੰਘ ਫਾਜ਼ਿਲਕਾ ,ਜੋਗਿੰਦਰ ਸਿੰਘ ਦਿਆਲਪੁਰਾ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਮਾਨਸਾ,ਕੁਲਦੀਪ ਸਿੰਘ ਝਨੇਰ (ਅਹਿਮਦਗੜ੍ਹ ),ਜੱਜ ਸਿੰਘ ਗਹਿਲ ਬਲਾਕ ਪ੍ਰਧਾਨ ਮਹਿਲਕਲਾਂ, ਮਾਸਟਰ ਨਛੱਤਰ ਸਿੰਘ ਟੱਡੇ,ਗੁਰਦੇਵ ਸਿੰਘ ਕਿਸ਼ਨਪੁਰਾ ਬਲਾਕ ਪ੍ਰਧਾਨ ਧਰਮਕੋਟ (ਮੋਗਾ),ਰਛਪਾਲ ਸਿੰਘ ਸੰਗਰੂਰ ਅਤੇ ਗੁਰਪਿੰਦਰ ਸਿੰਘ ਕੋਕਰੀ ਕਲਾਂ (ਮੋਗਾ) ਆਦਿ ਨੇ ਵੀ ਸੰਬੋਧਨ ਕੀਤਾ।ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਜਸਵੰਤ ਸਿੰਘ ਤੋਲਾਵਾਲ ਬਲਾਕ ਪ੍ਰਧਾਨ ਸੁਨਾਮ ਨੇ ਨਿਭਾਈ।