ਅਸ਼ੋਕ ਵਰਮਾ
ਸੰਗਰੂਰ, 20 ਮਾਰਚ 2021 - ਇਨਕਲਾਬੀ ਕੇਂਦਰ,ਪੰਜਾਬ ਦੀ ਸੂਬਾ ਕਮੇਟੀ ਵੱਲੋਂ 23 ਮਾਰਚ ਦੇ ਸ਼ਹੀਦਾਂ ਦੀ ਵਿਚਾਰਧਾਰਾ ਦਾ ਸੁਨੇਹਾ ਘਰ-ਘਰ ਪਹੁੰਚਾਉਣ ਦੇ ਮਕਸਦ ਤਹਿਤ ਅੱਜ ਬਰਨਾਲਾ ਜਿਲ੍ਹਾ ਕਮੇਟੀ ਵੱਲੋਂ ਬੀਕੇਯੂ ਏਕਤਾ ਡਕੌਂਦਾ ਦੇ ਭਰਵੇਂ ਸਹਿਯੋਗ ਨਾਲ ਇਤਿਹਾਸਕ ਪਿੰਡ ਠੀਕਰੀਵਾਲਾ, ਸੰਘੇੜਾ, ਕਰਮਗੜ੍ਹ ਵਿਖੇ ਸ਼ਹੀਦੀ ਕਾਨਫਰੰਸਾਂ ਅਤੇ ਸ਼ਹੀਦ ਭਗਤ ਸਿੰਘ ਦੇ ਫਲਸਫੇ ਤੇ ਅਧਾਰਿਤ ਨਾਟਕ ਛਿਪਣ ਤੋਂ ਪਹਿਲਾਂ ਰੇਸ਼ਮ-ਰਣਜੀਤ ਭੋਤਨਾ ਦੀ ਨਿਰਦੇਸ਼ਨਾ ਹੇਠ ਸਫਲ ਪੇਸ਼ਕਾਰੀ ਕੀਤੀ ਗਈ।ਇਸ ਸਮੇਂ ਸੰਬੋਧਨ ਕਰਦਿਆਂ ਆਗੂਆਂ ਡਾ.ਰਜਿੰਦਰਪਾਲ, ਖੁਸ਼ਮੰਦਰਪਾਲ ,ਜਸਪਾਲ ਚੀਮਾ, ਯਾਦਵਿੰਦਰ ਠੀਕਰੀਵਾਲਾ,ਡਾ ਸੁਖਵਿੰਦਰ ਸਿੰਘ, ਬਲਵੰਤ ਉੱਪਰਲੀ, ਗੁਰਦੇਵ ਮਾਂਗੇਵਾਲ , ਪਰਮਜੀਤ ਕੌਰ, ਜਸਪਾਲ ਕੌਰ ਅਤੇ ਬਲਵੀਰ ਕੌਰ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀ ਵਿਗਿਆਨਕ ਵਿਚਾਰਧਾਰਾ ਘਰ-ਘਰ ਪਹੁੰਚਾਉਣਾ ਅਤੇ ਸ਼ਹੀਦਾਂ ਦੇ ਅਧੂਰੇ ਕਾਰਜ ਉੱਤੇ ਪਹਿਰਾ ਦੇਣਾ ਸਮੇਂ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਮੋਦੀ-ਸ਼ਾਹ ਹਕੂਮਤ ਵੱਲੋਂ ਘੱਟ ਗਿਣਤੀ ਮੁਸਲਮਾਨਾਂ ਉੱਤੇ ਬੋਲੇ ਫਿਰਕੂ ਫਾਸ਼ੀ ਹੱਲੇ ਤੋਂ ਬਾਅਦ ਖਿਲ਼ਾਫ ਕਰੋਨਾ ਸੰਕਟ ਦੀ ਆੜ ਹੇਠ ਹਰ ਖੇਤਰ ਰੇਲਵੇ, ਜਹਾਜਰਾਨੀ, ਬੈਂਕਾਂ, ਐਲਆਈਸੀ, ਬੀਐਸਐਨਐਲ, ਭਾਰਤ ਪੈਟਰੋਲੀਅਮ,ਕੋਇਲਾ ਖਾਣਾਂ ਵਰਗੇ ਜਨਤਕ ਖੇਤਰ ਅਦਾਰਿਆਂ ਦੇ ਮੂੰਹ ਅਡਾਨੀਆਂ,ਅੰਬਾਨੀਆਂ ਲਈ ਖੋਲ੍ਹ ਦਿੱਤੇ ਸਨ। ਉਸ ਤੋਂ ਬਾਅਦ ਜੂਨ ਮਹੀਨੇ ਕੌਮਾਂਤਰੀ ਸਾਮਰਾਜੀ ਸੰਸਥਾਵਾਂ (ਵਿਸ਼ਵ ਵਪਾਰ ਸੰਸਥਾਂ, ਕੌੰਮਾਂਤਰੀ ਮੁਦਰਾ ਫੰਡ ਸਮੇਤ ਸੰਸਾਰ ਬੈਂਕ) ਦੇ ਦਿਸ਼ਾ ਨਿਰਦੇਸ਼ਨਾਂ ਤਹਿਤ ਖੇਤੀ ਖੇਤਰ ਨੂੰ ਸੁਪਰ ਅਮੀਰਾਂ ਨੂੰ ਸੌਂਪਣ ਲਈ ਆਰਡੀਨੈਂਸ ਜਾਰੀ ਕਰਨ ਤੋਂ ਬਾਅਦ ਸਤੰਬਰ ਮਹੀਨੇ ਲੋਕ ਸਭਾ ਅਤੇ ਰਾਜ ਸਭਾ ਤੋਂ ਸਾਰੇ ਜਮਹੂਰੀ ਕਾਇਦੇ ਸੰਵਿਧਾਨਕ ਕਾਨੂੰਨਾਂ ਨੂੰ ਛਿੱਕੇ ਟੰਗਕੇ ਪਾਸ ਕਰਾਉਣ ਤੋਂ ਬਾਅਦ ਬਹੁਸੰਮਤੀ ਦੇ ਜੋਰ ਪਾਸ ਕਰਵਾਕੇ ਕਾਨੂੰਨ ਦਾ ਦਰਜਾ ਦੇ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਜਥੇਬੰਦ ਹੋਈ ਸਾਂਝੀ ਕਿਸਾਨ ਲਹਿਰ ਵੱਲੋਂ ਸ਼ੁ੍ਰੂ ਕੀਤੇ ਆਪਣੇ ਸੰਘਰਸ਼ ਦਾ ਘੇਰਾ ਵਿਸ਼ਾਲ ਕਰਕੇ ਮੁਲਕ ਪੱਧਰਾ ਬਣਾਉਂਦਿਆਂ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਾਉਣ ਲਈ 114 ਦਿਨਾਂ ਤੋਂ ਦਿੱਲੀ ਨੂੰ ਚਾਰੇ ਦਿਸ਼ਾਵਾਂ ਤੋਂ ਘੇਰਕੇ ਮੋਦੀ ਹਕੂਮਤ ਦੀ ਨੀਂਦ ਹਰਾਮ ਕੀਤੀ ਹੋਈ ਹੈ। ਮੋਦੀ ਹਕੂਮਤ ਹਰ ਆਏ ਦਿਨ ਕੋਈ ਨਾਂ ਕੋਈ ਸਾਜਿਸ਼ ਰਚਕੇ ਸੰਘਰਸ਼ ਨੂੰ ਲੀਹੋਂ ਲਾਹੁਣ ਦਾ ਭਰਮ ਪਾਲ ਰਹੀ ਹੈ। ਸੰਯੁਕਤ ਕਿਸਾਨ ਮੋਰਚਾ ਦੀ ਲੀਡਰਸ਼ਿਪ ਮੋਦੀ ਹਕੂਮਤ ਦੀ ਹਰ ਸਾਜਿਸ਼ ਨੂੰ ਪੂਰਾਂ ਹੇਠ ਰੋਲਦੀ ਹੋਈ ਅੱਗੇ ਵਧ ਰਹੀ ਹੈ।ਅਜਿਹੇ ਹਾਲਤਾਂ ਸਮੇਂ ਇਨਕਲਾਬੀ ਸ਼ਕਤੀਆਂ ਦਾ ਸੰਘਰਸ਼ ਕਰਦੇ ਤਬਕਿਆਂ ਨਾਲ ਇੱਕਮੁੱਠਤਾ ਦਾ ਪ੍ਰਗਟਾਵਾ ਕਰਨਾ/ਅਗਵਾਈ ਦੇਣੀ ਸਮੇਂ ਦੀ ਹਕੀਕੀ ਲੋੜ ਹੈ।
ਉਨ੍ਹਾਂ ਕਿਹਾ ਕਿ ਇਹ ਹਮਲਾ ਸਿਰਫ ਕਿਸਾਨਾਂ ਖਿਲ਼ਾਫ ਹੀ ਨਹੀਂ ਹੈ।ਸਗੋਂ ਇਸੇ ਹੀ ਸਮੇਂ ਮੋਦੀ ਹਕੂਮਤ ਦੇ ਕਿਰਤੀਆਂ ਦੇ ਹੱਕਾਂ ਉੱਪਰ ਵੀ ਵੱਡਾ ਹੱਲਾ ਵਿੱਢਦਿਆਂ ਹਾਸਲ ਸੰਘਰਸ਼ਾਂ ਦੇ ਜੋਸ਼ ਹਾਸਲ ਕਿਰਤ ਕਾਨੂੰਨਾਂ ਵਿੱਚ ਸੋਧਾਂ ਕਰਕੇ 4 ਕੋਡਾਂ ਵਿੱਚ ਤਬਦੀਲ ਕਰ ਦਿੱਤਾ ਹੈ। ਮੋਦੀ-ਸ਼ਾਹ ਹਕੂਮਤ ਇਸ ਫਿਰਕੂ ਫਾਸ਼ੀ ਹੱਲੇ ਦੇ ਪਰਦੇ ਥੱਲੇ ਲੋਕ ਵਿਰੋਧੀ ਸਾਮਰਾਜ ਪੱਖੀ ਨੀਤੀਆਂ ਲਾਗੂ ਕਰ ਰਹੀ ਹੈ।ਇਸ ਲਈ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀ ਵਿਚਾਰਧਾਰਾ ਪਹਿਲਾਂ ਦੇ ਕਿਸੇ ਵੀ ਸਮੇਂ ਨਾਲੋਂ ਵਧੇਰੇ ਸਾਰਥਿਕ ਹੈ ਕਿ ਇਸ ਲੁੱਟ, ਜਬਰ ਅਤੇ ਦਾਬੇ ਤੇ ਟਿਕਿਆ ਲੋਕ ਦੋਖੀ ਢਾਂਚਾ ਲਾਜਮੀ ਬਦਲਣਾ ਪੈਣਾ ਹੈ।ਸ਼ਹੀਦੀ ਕਾਨਫਰੰਸਾਂ/ਨਾਟਕ ਸਮਾਗਮਾਂ ਦੌਰਾਨ ਸ਼ਹੀਦਾਂ ਦੀ ਵਿਚਾਰਧਾਰਾ ਦਾ ਸੁਨੇਹਾ ਦਿੰਦਾ ਲੀਫਲੈੱਟ ਲੋਕ ਸੱਥਾਂ ਵਿੱਚ ਵੰਡਿਆ ਗਿਆ।
ਆਗੂਆਂ ਜੋਰਦਾਰ ਅਪੀਲ ਕੀਤੀ ਕਿ 23 ਮਾਰਚ ਨੂੰ ਦਿੱਲੀ ਅਤੇ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਚੱਲ ਰਹੇ ਸਮਾਗਮਾਂ ਵਿੱਚ ਨੌਜਵਾਨ ਕਿਸਾਨਾਂ ਵੱਲੋਂ ਸ਼ਮੂਲੀਅਤ ਕੀਤੀ ਜਾਵੇ।ਨੌਜਵਾਨ ਆਗੂਆਂ ਹਰਪ੍ਰੀਤ ,ਕੁਲਵੀਰ ਔਲਖ, ਦਰਸ਼ਨ ਸਿੰਘ, ਮੇਜਰ ਸਿੰਘ,ਮੱਘਰ ਸਿੰਘ, ਜਸਵੰਤ ਸਿੰਘ, ਭੋਲਾ ਸਿੰਘ, ਅਜਮੇਰ ਸਿੰਘ ਆਦਿ ਆਗੂਆਂ ਨੇ ਪ੍ਰੋਗਰਾਮਾਂ ਨੂੰ ਸਫਲ ਬਨਾਉਣ ਵਿੱਚ ਅਹਿਮ ਭੁਮਿਕਾ ਨਿਭਾਈ।