ਅਸ਼ੋਕ ਵਰਮਾ
ਭੁੱਚੋ ਮੰਡੀ, 3 ਅਪ੍ਰੈਲ 2021: ਪੰਜ ਅਪ੍ਰੈਲ ਨੂੰ ਗਿਆਰਾਂ ਵਜੇ ਤੋਂ ਲੈ ਕੇ ਛੇ ਵਜੇ ਤਕ ਐਫਸੀਆਈ ਦੇ ਦਫਤਰ ਘੇਰਨ ਦੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਸੱਦੇ ਤਹਿਤ ਇਸ ਐਕਸ਼ਨ ਨੂੰ ਲਾਗੂ ਕਰਨ ਦੀ ਤਿਆਰੀ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਠਿੰਡਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਟੋਲ ਪਲਾਜ਼ਾ ਲਹਿਰਾ ਬੇਗਾ ਵਿਖੇ ਹੋਈ । ਉਨ੍ਹਾਂ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਵਿਚ ਐਫਸੀਆਈ ਦੇ ਦਫਤਰਾਂ ਤਲਵੰਡੀ ਸਾਬੋ ,ਮੌੜ ਮੰਡੀ,ਭੁੱਚੋ ਮੰਡੀ ਅਤੇ ਗੋਨਿਆਣਾ ਦਾ ਘਿਰਾਓ ਕੀਤਾ ਜਾਵੇਗਾ ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨਿੱਜੀਕਰਨ ਦੀ ਨੀਤੀ ਤੇ ਚੱਲਦਿਆਂ ਐਫਸੀਆਈ ਨੂੰ ਭੰਗ ਕਰਨ ਦੀਆਂ ਕੋਸ਼ਿਸ਼ਾਂ ਲਈ ਅੱਗੇ ਵਧ ਰਹੀ ਹੈ । ਕਣਕ ਅਤੇ ਝੋਨੇ ਦੀ ਖਰੀਦ ਤੇ ਹਰ ਵਾਰ ਸਖ਼ਤ ਸ਼ਰਤਾਂ ਮੜ੍ਹੀਆਂ ਜਾ ਰਹੀਆਂ ਹਨ ।ਸਿੱਧੀ ਅਦਾਇਗੀ ਰਾਹੀਂ ਕਿਸਾਨਾਂ ਨੂੰ ਖੱਜਲ ਖੁਆਰ ਕਰਨ ਅਤੇ ਆਡ਼੍ਹਤੀਆਂ ਨਾਲ ਉਲਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ।
ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਕਿਹਾ ਕਿ ਜਥੇਬੰਦੀ ਵੱਲੋਂ ਤੇਰਾਂ ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਤਲਵੰਡੀ ਸਾਬੋ ਵਿਖੇ ਵਿਸ਼ਾਲ ਕਾਨਫਰੰਸ ਕੀਤੀ ਜਾਵੇਗੀ ਜਿਸ ਦੌਰਾਨ ਜਲਿਆਂਵਾਲੇ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਦਾ ਪਰਦਾਫਾਸ਼ ਕੀਤਾ ਜਾਵੇਗਾ । ਉਨ੍ਹਾਂ ਸਮੂਹ ਕਿਸਾਨਾਂ ਨੂੰ ਪਰਿਵਾਰਾਂ ਸਮੇਤ ਤਲਵੰਡੀ ਸਾਬੋ ਕਾਨਫਰੰਸ ਵਿਚ ਪਹੁੰਚਣ ਦੀ ਅਪੀਲ ਕੀਤੀ ।ਅੱਜ ਦੀ ਮੀਟਿੰਗ ਵਿਚ ਦਿੱਲੀ ਮੋਰਚਾ ਮੁਹਿੰਮ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਸੁਖਜੀਤ ਸਿੰਘ ਕੋਠਾਗੁਰੂ ,ਪਰਮਜੀਤ ਕੌਰ ਪਿੱਥੋ ,'ਦਰਸ਼ਨ ਸਿੰਘ ਮਾਈਸਰਖਾਨਾ ,ਜਗਸੀਰ ਸਿੰਘ ਝੁੰਬਾ,ਜਗਦੇਵ ਸਿੰਘ ਜੋਗੇਵਾਲਾ, ਜਸਵੀਰ ਸਿੰਘ ਬੁਰਜ ਸੇਮਾ, ਸੁਖਦੇਵ ਸਿੰਘ ਰਾਮਪੁਰਾ, ਅਜੇਪਾਲ ਸਿੰਘ ਘੁੱਦਾ ਹੁਸ਼ਿਆਰ ਸਿੰਘ ਚੱਕ ਫਤਿਹ ਸਿੰਘ ਵਾਲਾ, ਬਲਜੀਤ ਸਿੰਘ ਪੂਹਲਾ ,ਕਿਰਪਾਲ ਸਿੰਘ ਦਿਓਣ, ਰਾਜਵਿੰਦਰ ਸਿੰਘ ਰਾਜੂ ਰਾਮਨਗਰ ਤੋਂ ਇਲਾਵਾ ਜ਼ਿਲ੍ਹੇ ਦੇ ਬਲਾਕਾਂ ਦੇ ਸਰਗਰਮ ਆਗੂ ਸ਼ਾਮਲ ਸਨ।