ਅਸ਼ੋਕ ਵਰਮਾ
ਨਵੀਂ ਦਿੱਲੀ, 23 ਦਸੰਬਰ 2020 - ਉੱਤਰ ਪ੍ਰਦੇਸ਼ ’ਚ ਦਿੱਲੀ ਕੂਚ ਕਰ ਰਹੇ ਕਿਸਾਨਾਂ ਤੇ ਪੁਲਿਸ ਵੱਲੋਂ ਕੀਤੇ ਜਬਰ ਖਿਲਾਫ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਸੱਦੇ ਤੇ ਅੱਜ ਸਿੰਘੂ ਬਾਰਡਰ ਨੇ ਮੁੱਖ ਮੰਤਰੀ ਅਦਿਤਿਆ ਨਾਥ ਯੋਗੀ ਦੀਆਂ ਅਰਥੀਆਂ ਸਾੜੀਆਂ। ਇਸ ਮੌਕੇ ਕਿਸਾਨਾਂ ਨੇ ਬਰਤਾਨੀਆਂ ’ਚ ਵੱਸਦੇ ਪੰਜਾਬੀਆਂ ਨੂੰ ਬਰਤਾਨਵੀ ਪ੍ਰਧਾਨ ਮੰਤਰੀ ਵੱਲੋਂ 26 ਜਨਵਰੀ ਦਾ ਦਿੱਲੀ ਦੌਰਾ ਰੱਦ ਕਰਨ ਲਈ ਦਬਾਅ ਪਾਉਣ ਦੀ ਅਪੀਲ ਕੀਤੀ। ਕਿਸਾਨ ਆਗੂਆਂ ਨੇ ਕਾਂਗਰਸੀ ਐਮਪੀ ਡਿੰਪਾ ਵੱਲੋਂ ਲੜਕੀ ਪੱਤਰਕਾਰ ਨਾਲ ਦੁਰਵਿਹਾਰ ਦੀ ਨਿਖੇਧੀ ਕੀਤੀ। ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਅਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਯੋਗੀ ਸਰਕਾਰ ਨੇ ਦਿੱਲੀ ਵੱਲ ਆ ਰਹੇ ਕਿਸਾਨਾਂ ਕਿਸਾਨਾਂ ਨੂੰ ਭਾਰੀ ਪੁਲਸ ਫੋਰਸ ਨਾਲ ਰੋਕਿਆ ਤੇ ਫਿਰ ਲਾਠੀਚਾਰਜ ਕਰਕੇ ਲੋਕਤੰਤਰ ਦਾ ਕਤਲ ਕੀਤਾ ਹੈ।
ਉਹਨਾਂ ਆਖਿਆ ਕਿ ਕਿਸਾਨਾਂ ਨੂੰ ਮੁਰਾਦਾਬਾਦ ਟੋਲ ਬੈਰੀਅਰ ਕੋਲ ਘੇਰ ਕੇ ਉਹਨਾਂ ਦੀ ਆਵਾਜ ਦਬਾਉਣ ਲਈ ਜੈਮਰ ਲਾਏ ਅਤੇ ਉਹਨਾਂ ਨੂੰ ਦੇਰ ਰਾਤ ਤੱਕ ਕੁੱਝ ਵੀ ਖਾਣ-ਪੀਣ ਲਈ ਨਹੀਂ ਦਿੱਤਾ ਜੋੋਕਿ ਪੂਰੀ ਤਰਾਂ ਗੈਰਮਾਨਵੀ ਅਤੇ ਮਨੁੱਖੀ ਹੱਕਾਂ ਦੀ ਉਲੰਘਣਾ ਹੈ। ਉਹਨਾਂ ਦੱਸਿਆ ਕਿ ਇਸ ਦੇ ਰੋਸ ਵਜੋਂ ਜਥੇਬੰਦੀ ਵੱਲੋਂ ਸਿੰਘੂ-ਕੁੰਡਲੀ ਬਾਰਡਰ ਦਿੱਲੀ, ਜੰਡਿਆਲਾ ਗੁਰੂ ਸਮੇਤ ਪੰਜਾਬ ਵਿੱਚ ਅਨੇਕਾਂ ਥਾਵਾਂ ਉਤੇ ਯੋਗੀ ਸਰਕਾਰ ਦੀਆਂ ਅਰਥੀਆਂ ਫੂਕੀਆਂ ਗਈਆਂ ਹਨ। ਉਹਨਾਂ ਦੱਸਿਆ ਕਿ ਮੋਦੀ ਹਕੂਮਤ ਦੇ ਸੱਦੇ ਉਤੇ 26 ਜਨਵਰੀ ਨੂੰ ਬਰਤਾਨੀਆ ਦੇ ਪ੍ਰਧਾਨ ਮੰਤਰੀ ਉਸ ਵਕਤ ਦਿੱਲੀ ਪਹੁੰਚ ਰਹੇ ਹਨ ਜਿਸ ਵਕਤ ਕਿਸਾਨਾਂ ਮਜਦੂਰਾਂ ਦਾ ਅੰਦੋਲਨ ਸਿਖਰਾਂ ਉਤੇ ਚੱਲ ਰਿਹਾ ਹੈ ਇਸ ਲਈ ਬਰਨਾਤਵੀ ਪੰਜਾਬੀਆਂ ਨੂੰ ਉਹਨਾਂ ਤੇ ਦਬਾਅ ਪਾਉਣਾ ਚਾਹੀਦਾ ਹੈ ਕਿ ਉਹ ਇਹਨਾਂ ਸਮਾਗਮਾਂ ’ਚ ਸ਼ਾਮਲ ਹੋਣ ਲਈ ਨਾ ਆਉਣ।
ਉਹਨਾਂ ਆਖਿਆ ਕਿ ਇਸ ਲਈ ਦੇਸ਼ ਵਿਦੇਸ਼ ਵਿੱਚ ਲੋਕ- ਆਵਾਜ ਬੁਲੰਦ ਕੀਤੀ ਜਾਵੇ ਤਾਂ ਕਿ ਮੋਦੀ ਹਕੂਮਤ ਤੇ ਕੌਮਾਂਤਰੀ ਦਬਾਅ ਪਾਇਆ ਜਾ ਸਕੇ। ਉਹਨਾਂ ਦੱਸਿਆ ਕਿ ਸਾਹਿਬਜਾਦਿਆਂ ਦਾ ਸ਼ਹੀਦੀ ਦਿਹਾੜਾ 27 ਦਸੰਬਰ ਨੂੰ ਪੰਜਾਬ ਪੱਧਰ ਤੇ ਮਨਾਇਆ ਜਾਏਗਾ। ਉਹਨਾਂ ਦਿੱਸਿਆ ਕਿ 25 ਦਸੰਬਰ ਨੂੰ ਪੰਜਾਬ ਚੋਂ ਵੱਡਾ ਜੱਥਾ ਦਿੱਲੀ ਵੱਲ ਕੂਚ ਕਰੇਗਾ। ਅੱਜ ਦੇ ਮੋਰਚੇ ਨੂੰ ਇੰਦਰਜੀਤ ਸਿੰਘ ਕੱਲੀਵਾਲਾ ਸਾਹਿਬ ਸਿੰਘ ,ਸੁਰਿੰਦਰ ਸਿੰਘ, ਬਲਜਿੰਦਰ ਤਲਵੰਡੀ, ਖਿਲਾਰਾ ਸਿੰਘ, ਰਣਜੀਤ ਸਿੰਘ, ਹਰਫੂਲ ਸਿੰਘ, ਬਚਿੱਤਰ ਸਿੰਘ, ਲਖਵਿੰਦਰ ਸਿੰਘ, ਧਰਮ ਸਿੰਘ, ਗੁਰਬਖਸ਼ ਸਿੰਘ, ਮੇਜਰ ਸਿੰਘ, ਅਮਨਦੀਪ ਸਿੰਘ, ਬਲਵਿੰਦਰ ਸਿੰਘ,ਨਰਿੰਦਰਪਾਲ ਸਿੰਘ ਗੁਰਦੇਵ ਸਿੰਘ, ਹਰਬੰਸ ਸਿੰਘ, ਗੁਰਮੇਲ ਸਿੰਘ ਅਤੇ ਮੰਗਲ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।