ਸੰਜੀਵ ਸੂਦ
ਕਿਸਾਨ ਅੰਦੋਲਨ ਚ ਪਰਿਵਾਰ ਵੀ ਦੇ ਰਿਹਾ ਸਾਥ, ਖੇਤੀ ਦਾ ਕੰਮ ਸਾਂਭਦੇ ਨਾਲ ਸਾਂਭ ਰਹੀਆਂ ਨੇ ਘਰ ਦੇ ਕੰਮ, ਛੋਟੇ ਛੋਟੇ ਬੱਚੇ ਵੀ ਕਿਸਾਨਾਂ ਦੇ ਸੰਘਰਸ਼ ਚ ਜਾਣ ਨੂੰ ਤਿਆਰ, ਕੇਹਾ ਮਰਦੇ ਦਮ ਤਕ ਲੜਾਂਗੇ ਬਿਲ ਵਾਪਿਸ ਕਰਾਂਗੇ
ਨਵੀਂ ਦਿੱਲੀ, 5 ਦਸੰਬਰ 2020 - ਪੰਜਾਬ ਦੀਆਂ ਵੱਖ-ਵੱਖ ਕਿਸਾਨ ਯੂਨੀਅਨਾਂ ਜਿੱਥੇ ਦਿੱਲੀ ਜਾ ਕੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਸੰਘਰਸ਼ ਕਰ ਰਹੀਆਂ ਨੇ ਅਤੇ ਲਗਾਤਾਰ ਅੰਦੋਲਨ ਜਾਰੀ ਹੈ ਉਥੇ ਹੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਵੀ ਉਨ੍ਹਾਂ ਨੂੰ ਪੂਰਾ ਸਮਰਥਨ ਦਿੱਤਾ ਜਾ ਰਿਹਾ ਹੈ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਦੀ ਪਤਨੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਪਿੰਡ ਦੀਆਂ ਔਰਤਾਂ ਲੋਕਾਂ ਨੂੰ ਨਾ ਸਿਰਫ਼ ਸੋਸ਼ਲ ਮੀਡੀਆ ਤੇ ਜਾਗਰੂਕ ਕਰ ਰਹੀਆਂ ਨੇ ਸਗੋਂ ਆਪ ਵੀ ਉਹ ਲੋਕਾਂ ਦੇ ਘਰ ਘਰ ਜਾ ਕੇ ਖੇਤੀ ਕਾਨੂੰਨਾਂ ਦੀਆਂ ਕਮੀਆਂ ਬਾਰੇ ਜਾਣਕਾਰੀ ਦੇ ਰਹੀਆਂ ਹਨ। ਖੇਤੀ ਦਾ ਕੰਮ ਵੀ ਸਾਂਭ ਰਹੀਆਂ ਨੇ ਘਰ ਦਾ ਕੰਮ ਵੀ ਸਾਂਭ ਰਹੀਆਂ ਹਨ। ਕਿਸਾਨ ਮਹਿਲਾਵਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਪਰਿਵਾਰ ਸਰਕਾਰ ਤੋਂ ਜਿੱਤ ਕੇ ਹੀ ਵਾਪਸ ਪਰਤਣ।
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਹਰਮੀਤ ਕਾਦੀਆਂ ਦੇ ਪਿੰਡ ਦੀਆਂ ਔਰਤਾਂ ਵੀ ਇਨ੍ਹੀਂ ਦਿਨੀਂ ਨਾ ਸਿਰਫ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਨੇ ਸਗੋਂ ਸੋਸ਼ਲ ਮੀਡੀਆ ਤੇ ਵੀ ਪੂਰੀ ਐਕਟਿਵ ਹਨ। ਖੇਤੀ ਕਾਨੂੰਨਾਂ ਦਾ ਲਗਾਤਾਰ ਉਨ੍ਹਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਸਾਡੀ ਟੀਮ ਵੱਲੋਂ ਜਦੋਂ ਪਿੰਡ ਜਾ ਕੇ ਜਾਇਜ਼ਾ ਲਿਆ ਗਿਆ ਤਾਂ ਕਿਸਾਨ ਯੂਨੀਅਨਾਂ ਦੀਆਂ ਝੰਡੀਆਂ ਹੱਥਾਂ ਚ ਫੜ ਕੇ ਮਹਿਲਾਵਾਂ ਵੀ ਪਿੰਡ ਦੇ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਸਨ ਹਰਮੀਤ ਸਿੰਘ ਕਾਦੀਆਂ ਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਦਾ ਛੋਟਾ ਬੇਟਾ ਵੀ ਕਿਸਾਨ ਅੰਦੋਲਨ ਚ ਗਿਆ ਹੈ।
ਉਨ੍ਹਾਂ ਨੇ ਦੱਸਿਆ ਕਿ ਜਦੋਂ ਹਰਿਆਣਾ ਸਰਕਾਰ ਵੱਲੋਂ ਪਾਣੀ ਦੀਆਂ ਬੁਛਾੜਾਂ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ ਗਏ ਸਨ ਤਾਂ ਡਰ ਜ਼ਰੂਰ ਲੱਗਾ ਸੀ ਪਰ ਫਿਰ ਗੁਰੂਆਂ ਦੀਆਂ ਕੁਰਬਾਨੀਆਂ ਯਾਦ ਆਈਆਂ ਕਿ ਕਿਵੇਂ ਉਨ੍ਹਾਂ ਨੇ ਸਾਡੇ ਦੇਸ਼ ਅਤੇ ਕੌਮ ਦੀ ਰੱਖਿਆ ਲਈ ਕੁਰਬਾਨੀਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਹੁਣ ਇਹ ਅੰਦੋਲਨ ਕਿਸੇ ਇਕ ਧਰਮ ਜਾਂ ਇਕ ਸੂਬੇ ਦਾ ਨਹੀਂ ਸਗੋਂ ਪੂਰੇ ਦੇਸ਼ ਦਾ ਬਣ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜੋ ਕਿਸਾਨ ਦਿੱਲੀ ਜਾ ਕੇ ਸਰਕਾਰਾਂ ਵਿਰੁੱਧ ਲੜਾਈ ਲੜ ਰਹੇ ਨੇ ਉਹ ਘਰਾਂ ਦੀ ਪ੍ਰਵਾਹ ਨਾ ਕਰਨ ਅਸੀਂ ਘਰ ਸਾਂਭ ਲਵਾਂਗੇ। ਉਹ ਇਹ ਜੰਗ ਹੁਣ ਜਿੱਤ ਕੇ ਹੀ ਵਾਪਸ ਆਉਣ ਉਧਰ ਕਿਸਾਨਾਂ ਦੀਆਂ ਧੀਆਂ ਨੇ ਵੀ ਕਿਹਾ ਕਿ ਕੇਂਦਰ ਦੀ ਸਰਕਾਰ ਨੂੰ ਹੁਣ ਕਿਸਾਨਾਂ ਅੱਗੇ ਝੁਕਣਾ ਹੀ ਪਵੇਗਾ ਕਿਉਂਕਿ ਇਹ ਬਿਲ ਕਿਸਾਨ ਵਿਰੋਧੀ ਨੇ ਅਤੇ ਉਹ ਇਸ ਦਾ ਡਟ ਕੇ ਵਿਰੋਧ ਕਰਨਗੀਆਂ।