ਅਸ਼ੋਕ ਵਰਮਾ
ਬਠਿੰਡਾ, 28 ਨਵੰਬਰ 2020 - ਪੰਜਾਬ ਦੇ ਕਿਸਾਨਾਂ ਵੱਲੋਂ ਤਿੰਨਾਂ ਖੇਤੀ ਕਾਨੂੰਨਾਂ ਖਿਲਾਫ ਵਿੱਢੇ ਸੰਘਰਸ਼ ਨੂੰ ਹੁਣ ਮਸਲਿਮ ਭਾਈਚਾਰੇ ਨੇ ਸੰਘਰਸ਼ੀ ਮੋਢਾ ਦੇਣ ਦਾ ਐਲਾਨ ਕੀਤਾ ਹੈ। ਕੌਮੀ ਰਾਜਧਾਨੀ ਦਿੱਲੀ ਦੀ ਧਰਤੀ ’ਤੇ ਇਤਿਹਾਸ ਆਪਣੇ ਆਪ ਨੂੰ ਦੁਹਰਾ ਰਿਹਾ ਹੈ। ਮੁਸਲਿਮ ਸਮਾਜ ਵੱਲੋਂ ਇਸ ਮੋਰਚੇ ਵਿੱਚ ਕੀਤੀ ਜਾਣ ਵਾਲੀ ਸ਼ਮੂਲੀਅਤ ਉਹ ਕਰਜ ਚੁਕਾ ਰਹੀ ਜਾਪਦੀ ਹੈ ਜਿਹੜਾ ਕੁੱਝ ਮਹਂਨੇ ਪਹਿਲਾਂ ਕਿਸਾਨ ਜੱਥੇਬੰਦੀਆਂ ਨੇ ਉਹਨਾਂ ਸਿਰ ਚਾੜ੍ਹਿਆ ਸੀ। ਹੁਣ ਜਦੋਂ ਸੰਘਰਸ਼ੀ ਕਾਫਲੇ ਦਿੱਲੀ ਪੁੱਜਣ ਵਾਲੇ ਹਨ ਤਾਂ ਦਿੱਲੀ ਦੇ ਮਸਲਮਾਨ ਸਮਾਜ ਨੇ ਵੀ ਸਿਰਾਂ ਤੇ ਮੜਾਸੇ ਬੰਨ੍ਹ ਲਏ ਹਨ। ਇਹ ਦੱਸਣ ਲਈ ਕਿ ਤੁਸੀਂ ਇਕੱਲੇ ਨਹੀਂ ਹੋ ਮੁਸਲਿਮ ਭਾਈਚਾਰਾ ਥੋਡੇ ਨਾਲ ਹੈ। ਜਦੋਂ ਨਾਗਰਿਕਤਾ ਕਾਨੂੰਨਾਂ ਖਿਲਾਫ ਦਿੱਲੀ ’ਚ ਸੰਘਰਸ਼ ਦਾ ਗਿਬੁਲ ਵੱਜਿਆ ਸੀ ਤਾਂ ਕਿਸਾਨ ਜੱਥੇਬੰਦੀਆਂ ਹਿੱਕ ਡਾਹ ਕੇ ਬਰਾਬਰ ਖਲੋਤੀਆਂ ਸਨ, ਚਾਹੇ ਦਿੱਲੀ ਦਾ ਸ਼ਹੀਨ ਬਾਗ ਹੋਵੇ,ਬੇਸ਼ੱਕ ਜੇ.ਐਨ.ਯੂ ਦਾ ਸੰਘਘਰਸ਼ੀ ਡੰਕਾ।
ਹੁਣ ਜਦੋਂ ਕਿਸਾਨਾਂ ਨੇ ਮੋਦੀ ਸਰਕਾਰ ਖਿਲਾਫ ਅੰਦੋਲਨ ਵਿੱਢਿਆ ਹੈ ਤਾਂ ਦਿੱਲੀ ਵਾਲਿਆਂ ਨੇ ਘਰੋ ਘਰੀਂ ਦਸਤਕ ਦਿੱਤੀ ਹੈ। ਪੰਜਾਬ ਚੋਂ ਚੱਲੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਚੱਲੇ ਕਾਫਲੇ ਅੱਜ ਸ਼ਾਮ ਤੱਕ ਦਿੱਲੀ ਪੁੱਜ ਜਾਣਗੇ ਜਦੋਂਕਿ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਕਾਫਲਿਆਂ ਦੇ ਦੇਰ ਸ਼ਾਮ ਤੱਕ ਦਿੱਲੀ ਦੀਆਂ ਬਰੂਹਾਂ ਤੇ ਦਸਤਕ ਦੇਣ ਦੇ ਅਨੁਮਾਨ ਹਨ। ਮੁਸਲਿਮ ਭਾਈਚਾਰੇ ਦੇ ਪੰਜਾਬ ਵਿਚਲੇ ਆਗੂਆਂ ਦਾ ਕਹਿਣਾ ਸੀ ਕਿ ਦਿੱਲੀ ਦੇ ਨਿਆਣੇ ਸਿਆਣੇ ਕਿਸਾਨਾਂ ਵੱਲੋਂ ਸ਼ੁਰੂ ਕੀਤੇ ਕੌਮੀ ਸੰਘਰਸ਼ ’ਚ ਸੀਰ ਪਾਉਣ ਲਈ ਤਿਆਰ ਬੈਠੇ ਹਨ। ਉਹਨਾਂ ਆਖਿਆ ਕਿ ਜਦੋਂ ਸ਼ਾਹੀਨ ਬਾਗ ’ਚ ਮੋਰਚਾ ਲੱਗਿਆ ਸੀ ਤਾਂ ਮੁਸਲਿਮ ਭਾਈਚਾਰੇ ਦੀਆਂ ਔਰਤਾਂ ਵਹੀਰਾਂ ਘੱਤ ਕੇ ਪੁੱਜੀਆਂ ਸਨ। ਉਹਨਾਂ ਨੂੰ ਹੁਣ ਕਿਸਾਨੀ ਅੰਦੋਲਨ ਚੋਂ ਵੀ ਨਵਾਂ ਸ਼ਾਹੀਨ ਬਾਗ ਦਿਖਾਈ ਦੇਣ ਲੱਗਿਆ ਹੈ। ਆਗੂ ਆਖਦੇ ਹਨ ਕਿ ਖੇਤੀ ਮਸਲਾ ਵੀ ਨਾਗਰਿਕਤਾ ਕਾਨੂੰਨਾਂ ਦੀ ਤਰਾਂ ਬੇਹੱਦ ਵੱਡਾ ਤੇ ਅਹਿਮ ਹੈ। ਉਹਨਾਂ ਆਖਿਆ ਕਿ ਵੱਡੇ ਘਰਾਣਿਆਂ ਖਾਤਰ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਖਾਤਰ ਕਿਸਾਨਾਂ ,ਕਿਰਤੀਆਂ ਅਤੇ ਵੱਖ ਵੱਖ ਵਰਗਾਂ ਦੀਆਂ ਥਾਲੀਆਂ ਚੋਂ ਬਰਕੀ ਚੁੱਕਣ ਲੱਗੀ ਹੈ ਤਾਂ ਸਾਂਝੀ ਲੜਾਈ ਜਰੂਰੀ ਹੈ।
ਖੇਤੀ ਕਾਨੂੰਨਾਂ ਖਿਲਾਫ ਮੋਰਚਾ ਕੀ ਮੋੜਾ ਲੈਂਦਾ ਹੈ,ਇਹ ਵੱਖਰੀ ਗੱਲ ਹੈ ਪਰ ਕਿਸਾਨ ਸੰਘਰਸ਼ ’ਚ ਕੁੱਦੇ ਕਿਸਾਨਾਂ ਦੀ ਪਿੱਠ ਥਾਪੜਨ ਲਈ ਨੌਜਵਾਨਾਂ ਦੇ ਜੱਥੇ ਅਤੇ ਬਜ਼ੁਰਗ ਇਸ ਮੋਰਚੇ ’ਚ ਸ਼ਾਮਲ ਹੋਣਗੇ। ਜਮਾਇਤੇ ਇਸਲਾਮੀ ਹਿੰਦ ਦੇ ਆਗੂ ਕਰਮਦੀਨ ਮਲਿਕ ਦਾ ਕਹਿਣਾ ਸੀ ਕਿ ਕੌਮੀ ਲੜਾਈ ’ਚ ਮੁਸਲਮ ਸਮਾਜ ਕਿਸ ਤਰਾਂ ਪਿੱਛੇ ਰਹਿ ਸਕਦਾ ਹੈ। ਉਹਨਾਂ ਆਖਿਆ ਕਿ ਨਵੇਂ ਖੇਤੀ ਕਾਨੂੰਨਾਂ ਅਤੇ ਕਿਸਾਨਾਂ ਤੇ ਹੋਏ ਜਬਰ ਖਿਲਾਫ ਮੁਸਲਮਾਨ ਭਾਈਚਾਰਾ ਬਾਂਹ ਬਣੇਗਾ। ਉਹਨਾਂ ਆਖਿਆ ਕਿ ਮੋਦੀ ਸਰਕਾਰ ਦੇ ਫਿਰਕੂ-ਫਾਸ਼ੀਵਾਦੀ ਹੱਲਿਆਂ ਤੋਂ ਬਾਅਦ ਖੇਤੀ ਖੇਤਰ ਤੇ ਬੋਲੇ ਮੌਜੂਦਾ ਹੱਲੇ ਵਿਰੁੱਧ ਉੱਠਿਆ ਜਨਤਕ ਵਿਰੋਧ ਮਿਸਾਲੀ ਵੀ ਹੈ ਤੇ ਇਤਿਹਾਸਕ ਵੀ ਜਿਸ ’ਚ ਤਿਲ ਫੁਲ ਪਾਉਣਾ ਸੁਭਾਗ ਅਤੇ ਫਰਜ਼ ਦੀ ਗੱਲ ਹੈ। ਔਰਤ ਆਗੂ ਹਰਿੰਦਰ ਕੌਰ ਬਿੰਦੂ ਆਖਦੀ ਹੈ ਕਿ ਸ਼ਾਹੀਨ ਬਾਗ ’ਚ ਬੈਠੀਆਂ ਔਰਤਾਂ ਵੀ ਕਿਸਾਨੀ ਦੀ ਲੜਾਈ ਲੜਣਗੀਆਂ ਜਿਸ ਨੇ ਮੋਦੀ ਹਕੂਮਤ ਦੀ ਹਾਰ ਲਿਖ ਦਿੱਤੀ ਹੈ। ਉਹਨਾਂ ਆਖਿਆ ਕਿ ਕਿਸਾਨਾਂ ਨੂੰ ਕਦੇ ਦਲਾਲ,ਕਦੇ ਵਿਚੋਲੇ ਅਤੇ ਕਦੀ ਸਿਆਸੀ ਲੋਕਾਂ ਵੱਲੋਂ ਗੁੰਮਰਾਹ ਕਰਕੇ ਅੰਦੋਲਨ ’ਚ ਧੱਕੇ ਕਹਿਣ ਵਾਲਿਆਂ ਨੂੰ ਹੁਣ ਕੰਧ ਤੇ ਲਿਖਿਆ ਪੜ ਲੈਣਾ ਚਾਹੀਦਾ ਹੈ।
ਮੁਸਲਮਾਨ ਸਮਾਜ ਤਿਆਰ ਬਰ ਤਿਆਰ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂ ਕੇ ਦਾ ਕਹਿਣਾ ਸੀ ਕਿ ਦਿੱਲੀ ਅਤੇ ਹੋਰ ਕਈ ਥਾਵਾਂ ਤੋਂ ਮੁਸਲਿਮ ਸਮਾਜ ਨਾਲ ਸਬੰਧਤ ਆਗੂਆਂ ਦੇ ਮੋਰਚੇ ਦੀ ਹਮਾਇਤ ਅਤੇ ਪ੍ਰਬੰਧਾਂ ਲਈ ਲਗਾਤਾਰ ਸੁਨੇਹੇਂ ਆ ਰਹੇ ਹਨ। ਉਹਨਾਂ ਕਿਹਾ ਕਿ ਕੌਮੀ ਹਕੂਮਤ ਜਿਸ ਰਾਹ ਪਈ ਹੈ ਅਤੇ ਖੇਤੀ ਖੇਤਰ ਨੂੰ ਨਿਸ਼ਾਨਾ ਬਣਾ ਰਹੀ ਹੈ ਉਸ ਦੇ ਰੌਂਅ ਤੋਂ ਜਾਪਦਾ ਹੈ ਕਿ ਵਾਰੀ ਬਾਕੀਆਂ ਦੀ ਵੀ ਆਵੇਗੀ ਇਸ ਰੌਸ਼ਨੀ ’ਚ ਮੁਸਲਮਾਨ ਭਾਈਚਾਰੇ ਨੇ ਸੰਘਰਸ਼ੀ ਕਿਸਾਨਾਂ ਨੂੰ ਦੱਸਿਆ ਕਿ ‘ਦਿੱਲੀ’ ਵਾਲੇ ਤੁਹਾਡੇ ਨਾਲ ਹਨ।
ਕਿਵੇਂ ਟਿਕ ਕੇ ਬੈਠੀਏ: ਮੁਸਲਿਮ ਆਗੂ
ਜਮਾਇਤੇ ਇਸਲਾਮੀ ਹਿੰਦ ਦੇ ਆਗੂ ਕਰਮਦੀਨ ਮਲਿਕ ਦਾ ਕਹਿਣਾ ਸੀ ਕਿ ਕਿਸਾਨ ਆਗੂਆਂ ਨਾਲ ਸਲਾਹ ਮਸ਼ਵਰਾ ਕਰਕੇ ਲੁੜੀਦੇ ਇੰਤਜਾਮ ਕੀਤੇ ਜਾਣਗੇ। ਇਹਨਾਂ ’ਚ ਲੰਗਰ, ਮੈਡੀਕਲ ਸਹਾਇਤਾ, ਕੰਬਲ ਅਤੇ ਹੋਰ ਜਰੂਰੀ ਵਸਤੂਆਂ ਸ਼ਾਮਲ ਹਨ ਜੋ ਲੋੜ ਪੈਣ ਤੇ ਦਿੱਲੀ ਪੁੱਜੇ ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ। ਉਹਨਾਂ ਦੱਸਿਆ ਕਿ ਦਿੱਲੀ ’ਚ ਨੌਜਵਾਨ ਵਲੰਟੀਅਰਾਂ ਅਤੇ ਬਾਕੀ ਲੋਕਾਂ ਨੂੰ ਸਰਗਰਮ ਕਰ ਦਿੱਤਾ ਗਿਆ ਹੈ ਅਤੇ ਡਿਊਟੀਆਂ ਵੀ ਲਾਈਆਂ ਜਾ ਰਹੀਆਂ ਹਨ।
ਕਾਰਪੋਰੇਟਾਂ ਦਾ ਮੋਹ ਤਿਆਗੇ ਸਰਕਾਰ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੀਨੀਅਰ ਆਗੂ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਪੰਜਾਬ ਤੋਂ ਦਿੱਲੀ ਨੂੰ ਤੁਰੇ ਬਜ਼ੁਰਗਾਂ,ਔਰਤਾਂ ਬੱਚਿਆਂ ਅਤੇ ਨੌਜਵਾਨਾਂ ’ਚ ਭਾਰੀ ਉਤਸ਼ਾਹ ਹੈ। ਉਹਨਾਂ ਆਖਿਆ ਕਿ ਇਹ ਸਭ ਕੁੱਝ ਅਣਮਨੁੱਖੀ ਹੋ ਰਿਹਾ ਹੈ ਅਤੇ ਕੇਂਦਰ ਸਰਕਾਰ ਪੈਲੀਆਂ ਨੂੰ ਨਿਸ਼ਾਨਾ ਬਣਾ ਰਹੀ ਹੈ ਤਾਂ ਉਹ ਘਰ ਕਿਵੇਂ ਟਿਕ ਕੇ ਬੈਠਣ। ਉਹਨਾਂ ਨਸੀਹਤ ਦਿੱਤੀ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦਾ ਮੋਹ ਤਿਆਗੇ ਅਤੇ ਖੇਤੀ ਕਾਨੂੰਨ ਵਾਪਿਸ ਲਵੇ ਕਿਉਂਕਿ ਜਬਰ ਖਿਲਾਫ ਪੰਜਾਬ ਬਾਂਹ ਬਣਨ ਦਾ ਫੈਸਲਾ ਲਈ ਬੈਠਾ ਹੈ।