- ਸਿੰਘੂ ਬਾਰਡਰ 'ਤੇ ਫਲਾਂ ਤੇ ਡਰਾਈਫਰੂਟ ਦਾ ਲਗਾਇਆ ਲੰਗਰ
ਸਰਹਿੰਦ, 5 ਜਨਵਰੀ 2021 - ਕਿਸਾਨਾਂ ਨੂੰ ਆਪਣੇ ਹੱਕਾਂ ਲਈ ਸੰਘਰਸ਼ ਕਰਦਿਆਂ ਦਿੱਲੀ ਬੈਠਿਆਂ 40 ਦਿਨ ਹੋ ਗਏ ਹਨ ਪਰ ਮੋਦੀ ਸਰਕਾਰ ਦਾ ਤਾਨਾਸ਼ਾਹੀ ਰਵੱਈਆ ਹਾਲੇ ਵੀ ਬਰਕਰਾਰ ਹੈ, ਜੋ ਕਿ ਭਾਜਪਾ ਦੇ ਨਾਲ-ਨਾਲ ਕਾਰਪੋਰੇਟ ਘਰਾਣਿਆਂ ਲਈ ਵੀ ਨੁਕਸਾਨਦੇਹ ਸਾਬਤ ਹੋਵੇਗਾ। ਅੰਤਾਂ ਦੀ ਠੰਢ ਤੇ ਵਰਦੇ ਮੀਂਹ 'ਚ ਸ਼ਾਂਤਮਈ ਢੰਗ ਨਾਲ ਦਿੱਲੀ ਦੀਆਂ ਸੜਕਾਂ 'ਤੇ ਬੈਠ ਕੇ ਕਿਸਾਨ ਆਪਣਾ ਰੋਸ ਪ੍ਰਦਰਸ਼ ਕਰ ਰਹੇ ਹਨ ਅਤੇ ਗੋਦੀ ਮੀਡੀਆ ਸੱਚਾਈ ਦਿਖਾਉਣ ਦੀ ਬਜਾਏ ਨਿੱਤ ਦਿਨ ਇਨ੍ਹਾਂ ਨੂੰ ਬਦਨਾਮ ਕਰਨ ਦੀਆਂ ਸਾਜਿਸ਼ਾਂ ਘੜ੍ਹ ਰਿਹਾ ਹੈ ਜਿਸ ਨੂੰ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰੂ ਨਾਨਕ ਦੇਵ ਪਾਲੀਟੈਕਨਿਕ ਬਿਦਰ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਨੇ ਚੰਡੀਗੜ੍ਹ ਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਦਿੱਲੀ ਦੇ ਸਿੰਘੂ ਬਾਰਡਰ ਵਿਖੇ ਕਿਸਾਨਾਂ ਦੇ ਹੱਕ 'ਚ ਚਾਲੇ ਪਾਉਣ ਲਈ ਸਰਹਿੰਦ ਵਿਖੇ ਇਕੱਠੇ ਹੋਣ ਮੌਕੇ ਕੀਤਾ।
ਵਿਦਿਆਰਥੀ ਆਗੂਆਂ ਨੇ ਮੋਦੀ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਕੇਂਦਰ ਸਰਕਾਰ ਦੇ ਅੜੀਅਲ ਵਤੀਰੇ ਕਾਰਨ ਅੱਜ ਦੇਸ਼ ਦਾ ਅੰਨਦਾਤਾ ਸੜਕਾਂ 'ਤੇ ਰੁਲ ਰਿਹਾ ਹੈ, ਜਿਸ ਕਾਰਨ ਭਾਜਪਾ ਦੇ ਆਗੂਆਂ ਦਾ ਪਿੰਡਾਂ 'ਚ ਵੜਨਾ ਬੰਦ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਜਲਦ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ ਤਾਂ ਕਿ ਉਹ ਵਾਪਸ ਆਪਣੇ ਘਰਾਂ ਨੂੰ ਜਾਣ।
ਇਥੇ ਜਿਕਰਯੋਗ ਹੈ ਕਿ ਬਿਦਰ ਕਾਲਜ ਦੇ ਪੁਰਾਣੇ ਖਾਸ ਕਰਕੇ 92 ਬੈਚ ਦੇ ਵਿਦਿਆਰਥੀ ਹਰ ਸਾਲ ਇਕੱਠੇ ਹੋ ਕੇ ਰੀ-ਯੂਨੀਅਨ ਮਨਾੳਂਦੇ ਹਨ ਪਰ ਇਸ ਸਾਲ ਕਿਸਾਨੀ ਸੰਘਰਸ਼ ਦੇ ਚੱਲਦਿਆਂ ਉਨ੍ਹਾਂ ਨੇ ਇਹ ਸਮਾਗਮ ਦੇਸ਼ ਦੇ ਕਿਸਾਨਾਂ ਨੂੰ ਸਮਰਪਿਤ ਕਰਦਿਆਂ ਸਿੰਘੂ ਬਾਰਡਰ ਵਿਖੇ ਧਰਨੇ ਦੀ ਸਟੇਜ ਦੇ ਸਾਹਮਣੇ ਪਹਿਲਾਂ ਅਮਰੂਦਾਂ ਤੇ ਕਿੰਨੂਆਂ ਦਾ ਅਤੇ ਉਸ ਤੋਂ ਉਪਰੰਤ ਬਦਾਮਾਂ ਤੇ ਕਾਜੂਆਂ ਦਾ ਲੰਗਰ ਲਗਾਇਆ। ਇਸ ਮੌਕੇ ਵਿਦਿਆਰਥੀ ਆਗੂਆਂ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਬਿਦਰ ਓਲਡ ਸਟੂਡੈਂਟ ਯੂਨੀਅਨ ਨੂੰ ਰਜਿਸਟਰ ਕਰਵਾਇਆ ਜਾਵੇਗਾ ਅਤੇ ਯੂਨੀਅਨ ਭਵਿੱਖ 'ਚ ਵੀ ਅਜਿਹੇ ਭਲਾਈ ਦੇ ਕਾਰਜ ਕਰਦੀ ਰਹੇਗੀ।
ਇਸ ਮੌਕੇ ਭੁਪਿੰਦਰ ਵਾਲੀਆ, ਨੀਰਜ ਸ਼ਰਮਾ, ਅਮਨਵੀਰ ਸਿੰਘ, ਅਮਰਬੀਰ ਚੀਮਾ, ਰਸ਼ਪਾਲ ਵਾਲੀਆ, ਰਾਜੇਸ਼ ਯੂਬੀ, ਸੁਨਿਤ ਸੈਦਾ, ਵਰਿੰਦਰ ਗਰੇਵਾਲ, ਯਾਦਵਿੰਦਰ ਸਿੰਘ, ਰਾਜਨ ਰਸ਼ਪਾਲ ਸਿੰਘ, ਕੁਲਵਿੰਦਰ ਸਿੰਘ, ਚੰਨੀ, ਨਰਿੰਦਰ ਕਾਹਲੋਂ, ਅਮਰੀਕ ਸਿੰਘ ਆਦਿ ਹਾਜਰ ਸਨ। ਇਨਾਂ ਤੋਂ ਇਲਾਵਾ ਪਲਵਿੰਦਰ ਆਸਟਰੇਲੀਆ ਅਤੇ ਪਰਮਜੀਤ ਸਿੰਘ ਜੀਤੂ ਦਾ ਵੀ ਵਿਸੇਸ਼ ਯੋਗਦਾਨ ਰਿਹਾ।