ਮਨਿੰਦਰਜੀਤ ਸਿੱਧੂ
- ਆੜ੍ਹਤੀਏ-ਵਪਾਰੀ ਵੀ ਕਿਸਾਨ `ਭਰਾਵਾਂ` ਨਾਲ ਡਟੇ
ਜੈਤੋ, 26 ਮਾਰਚ, 2021 - ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਖਿਲਾਫ ਕਿਸਾਨਾ ਪਿਛਲੇ ਲਗਭਗ ਚਾਰ ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ `ਤੇ ਡਟੇ ਹੋਏ ਹਨ ਅਤੇ ਇਸ ਸੰਘਰਸ਼ ਦੌਰਾਨ 250 ਦੇ ਕਰੀਬ ਕਿਸਾਨ ਮਰ ਵੀ ਚੁੱਕੇ ਹਨ।ਸੰਯੁਕਤ ਕਿਸਾਨ ਮੋਰਚੇ ਵੱਲੋਂ ਸੰਘਰਸ਼ ਨੂੰ ਤੀਬਰ ਰੂਪ ਦੇਣ ਲਈ 26 ਮਾਰਚ ਦਾ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ। ਇਸ ਸੱਦੇ ਉੱਪਰ ਜੈਤੋ ਅਤੇ ਆਸਪਾਸ ਦੇ ਇਲਾਕੇ ਦੇ ਹਰ ਵਰਗ ਦੇ ਲੋਕਾਂ ਨੇ ਫੁੱਲ ਚੜ੍ਹਾਏ ਅਤੇ ਸ਼ਹਿਰ ਨੂੰ ਪੂਰਨ ਤੌਰ `ਤੇ ਬੰਦ ਰੱਖਿਆ।
ਬੰਦ ਦੌਰਾਨ ਸ਼ਹਿਰ ਵਿੱਚ ਦੁਕਾਨਾਂ ਅਤੇ ਇੱਥੋਂ ਤੱਕ ਕਿ ਸਰਕਾਰੀ ਬੈਂਕਾਂ ਦੇ ਸ਼ਟਰ ਵੀ ਹੇਠਾਂ ਦਿਖਾਈ ਦਿੱਤੇ ਅਤੇ ਆਵਾਜਾਈ ਵੀ ਬਿਲਕੁਲ ਠੱਪ ਰਹੀ। ਵੱਖ-ਵੱਖ ਕਿਸਾਨ ਜੱਥੇਬੰਦੀਆਂ ਵੱਲੋਂ ਜੈਤੋ ਮੁੱਖ ਬੱਸ ਅੱਡਾ ਚੌਂਕ ਅਤੇ ਬਾਜਾਖਾਨਾ ਚੌਂਕ ਵਿੱਚ ਧਰਨਾ ਲਗਾ ਕੇ ਆਵਾਜਾਈ ਨੂੰ ਰੋਕਿਆ ਗਿਆ।ਦੋਹਾਂ ਚੌਂਕਾਂ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਕਿਸਾਨਾਂ ਦੀ ਸਮੂਲੀਅਤ ਰਹੀ।
ਜੱਥੇਬੰਦੀਆਂ ਦੇ ਆਗੂਆਂ ਨੇ ਕੇਂਦਰ ਸਰਕਾਰ ਉੱਪਰ ਵਰ੍ਹਦਿਆਂ ਕਿਹਾ ਕਿ ਸਰਕਾਰ ਸਾਡੇ ਸਬਰ ਦੀ ਪਰਖ ਕਰ ਰਹੀ ਹੈ ਅਤੇ ਅਸੀਂ ਸ਼ਾਤਮਈ ਤਰੀਕੇ ਨਾਲ ਆਪਣਾ ਅੰਦੋਲਨ ਕਰ ਰਹੇ ਹਾਂ। ਕੇਂਦਰ ਸਰਕਾਰ ਚੰਦ ਕਾਰਪੋਰੇਟਾਂ ਦੀ ਸ਼ਰੇਆਮ ਦਲਾਲ ਬਣ ਕੇ ਦੇਸ਼ ਦੇ ਕਿਸਾਨਾਂ ਨੂੰ ਬਰਬਾਦ ਕਰਨ ਦੇ ਰਾਹ ਤੇ ਤੁਲੀ ਹੋਈ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਆਪਣੇ ਮਨ ਵਿੱਚੋਂ ਇਹ ਭੁਲੇਖਾ ਕੱਢ ਦੇਵੇ ਕਿ ਕਿਸਾਨ ਇਸ ਮੋਰਚੇ ਵਿੱਚ ਤਿੰਨੋਂ ਕਾਨੂੰਨ ਵਾਪਸ ਲਏ ਬਿਨਾਂ ਪਿੱਛੇ ਹਟ ਜਾਣਗੇ।ਕੇਂਦਰ ਸਰਕਾਰ ਨੇ ਹਰ ਹੀਲਾ ਵਰਤ ਲਿਆ ਤਾਂ ਜੋ ਮੋਰਚਾ ਫੇਲ ਹੋ ਸਕੇ ਪਰ ਹੱਕ-ਸੱਚ ਦਾ ਮੋਰਚਾ ਦਿਨੋਂ ਦਿਨੀਂ ਚੜ੍ਹਦੀ ਕਲਾ ਵੱਲ ਵੱਧਦਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਦੇਸ਼ਾਂ ਵਿਦੇਸ਼ਾਂ ਵਿੱਚੋਂ ਕਿਸਾਨਾਂ ਲਈ ਹਾਅ ਦਾ ਨਾਅਰਾ ਮਾਰਿਆ ਜਾ ਰਿਹਾ ਹੈ ਪਰ ਸਾਡੇ ਆਪਣੇ ਦੇਸ਼ ਦੀ ਸਰਕਾਰ ਸੰਵੇਦਨਹੀਨਤਾ ਨਾਲ ਤਮਾਸ਼ਬੀਨ ਬਣੀ ਹੋਈ ਹੈ।
ਅੱਜ ਦੇ ਇਸ ਧਰਨੇ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਜਰਨਲ ਸਕੱਤਰ ਇੰਦਰਜੀਤ ਸਿੰਘ ਘਣੀਆ, ਭਾਕਿਯੂ ਸਿੱਧੂਪੁਰ ਏਕਤਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਨਛੱਤਰ ਸਿੰਘ ਢਿੱਲੋਂ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ, ਕਿਰਤੀ ਕਿਸਾਨ ਯਨੀਅਨ ਦੇ ਜ਼ਿਲ੍ਹਾ ਜਰਨਲ ਸਕੱਤਰ ਸਰਦੂਲ ਸਿੰਘ ਕਾਸਮ ਭੱਟੀ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰਧਾਨ ਸੁਰਮੁਖ ਸਿੰਘ ਅਤੇ ਜ਼ਿਲ੍ਹਾ ਸਕੱਤਰ ਨੈਬ ਸਿੰਘ ਭਗਤੂਆਣਾ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਦੇ ਰੇਸ਼ਮ ਸਿੰਘ ਭੱਟੀ, ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਦੇ ਸਿਕੰਦਰ ਸਿੰਘ, ਡਾਕਟਰ ਕੌਰ ਸਿੰਘ ਆਰ.ਐੱਮ.ਪੀ, ਦਿਹਾਤੀ ਮਜਦੂਰ ਸਭਾ ਦੇ ਗੁਰਤੇਜ ਸਿੰਘ ਹਰੀ ਨੌਂ ਅਤੇ ਆੜ੍ਹਤੀਆ ਐਸੋਸੀਏਸ਼ਨ ਦੇ ਬਾਬੂ ਜਗਦੀਸ਼ ਘਣੀਆਂ ਆਦਿ ਨੇ ਸੰਬੋਧਨ ਕੀਤਾ।ਆੜ੍ਹਤੀਏ ਅਤੇ ਦੁਕਾਨਦਾਰਾਂ ਵੱਲੋਂ ਬਜ਼ਾਰਾਂ ਨੂੰ ਬੰਦ ਰੱਖਣ ਦੇ ਨਾਲ ਨਾਲ ਧਰਨੇ ਵਿੱਚ ਪਹੁੰਚ ਕੇ ਹਾਜਰੀ ਲਵਾਈ ਗਈ।