ਰਣਜੀਤ ਸਿੰਘ ਢੀਂਡਸਾ
ਨਵੀਂ ਦਿੱਲੀ, 1 ਦਸੰਬਰ 2020 - ਕੇਂਦਰ ਨਾਲ ਮੰਗਲਵਾਰ ਨੂੰ ਕਿਸਾਨਾਂ ਦੀ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਸਬੰਧੀ ਹੋਈ ਮੀਟਿੰਗ ਭਾਵੇਂ ਬੇਸਿੱਟਾ ਰਹੀ ਪਰ ਕੇਂਦਰੀ ਮੰਤਰੀਆਂ ਦੇ ਚਿਹਰਿਆਂ ਉੱਤੇ ਕਿਸਾਨੀ ਅੰਦੋਲਨ ਦਾ ਦਬਾਅ ਸਾਫ ਝਲਕ ਰਿਹਾ ਸੀ। ਇਹ ਕਹਿਣਾ ਹੈ ਮੀਟਿੰਗ ਖਤਮ ਹੋਣ ਤੋਂ ਬਾਅਦ ਚੜ੍ਹਦੀਕਲਾ ਵਿੱਚ ਨਜ਼ਰ ਆਏ ਕਿਸਾਨ ਆਗੂਆਂ ਦਾ।
ਮੀਡੀਆ ਨਾਲ ਗੱਲ ਕਰਦਿਆਂ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਸਣੇ ਹੋਰਨਾ ਕਿਸਾਨ ਆਗੂਆਂ ਨੇ ਕੇਂਦਰ ਦੁਆਰਾ ਦਿੱਤੇ ਚਾਹ ਅਤੇ ਡਿਨਰ (ਰਾਤ ਦੇ ਖਾਣੇ) ਦੇ ਸੱਦੇ ਨੂੰ ਠੁਕਰਉਣ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀਆਂ ਨੇ ਚਾਹ ਦੀ ਪੇਸ਼ਕਸ਼ ਕੀਤੀ ਅਤੇ ਡਿਨਰ ਦਾ ਵੀ ਇੰਤਜਾਮ ਕੀਤਾ ਹੋਇਆ ਸੀ। ਉਨ੍ਹਾਂ ਕਿਹਾ ਕਿ ਗੱਲਬਾਤ ਮੁਕੰਮਲ ਹੋਣ ਤੋਂ ਬਾਅਦ ਕੇਂਦਰੀ ਮੰਤਰੀ ਨੇ ਕਿਸਾਨਾਂ ਨੂੰ ੩ ਤਰੀਕ ਦੇ ਸੱਦੇ ਉੱਤੇ ਆਉਣ ਬਾਰੇ ਪੁੱਛਿਆ ਅਤੇ ਕਿਹਾ ਕਿ, "ਕੀ ਉਹ ੩ ਨੂੰ ਖਾਣਾ ਤਿਆਰ ਰੱਖਣ ?" ਤਾਂ ਅਸੀਂ ਜੁਆਬ ਵਿੱਚ ਕਿਹਾ, "ਚਾਹ ਜਾਂ ਖਾਣਾ ਅਸੀਂ ਬਾਬੇ ਨਾਨਕ ਦੇ ਲੰਗਰ 'ਚੋਂ ਲੈ ਆਵਾਂਗੇ, ਸਾਡੇ ਲੰਗਰ ਦੀ ਬਣੀ ਬਦਾਮਾਂ ਵਾਲੀ ਖੀਰ ਵੀ ਖਵਾਵਾਂਗੇ।"
ਜ਼ਿਕਰਯੋਗ ਹੈ ਕਿ ਇਹ ਮੀਟਿੰਗ ਬੇਸਿੱਟਾ ਰਹੀ ਪਰ ਕਿਸਾਨਾਂ ਅਤੇ ਕੇਂਦਰ ਵਿਚਕਾਰ ਹਰ ਤੀਜੇ ਦਿਨ ਮੀਟਿੰਗ ਹੋਣ ਬਾਰੇ ਸਹਿਮਤੀ ਹੋਈ ਹੈ।