ਸ੍ਰੀ ਮੁਕਤਸਰ ਸਾਹਿਬ, 6 ਜਨਵਰੀ 2021 - ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਸਫਲ ਬਣਾਉਣ ਲਈ ਕਿਸਾਨਾਂ ਨੂੰ ਸੂਝ-ਬੂਝ ਅਤੇ ਸਿਆਣਪ ਵਰਤਣ ਦੀ ਲੋੜ ਹੈ, ਕਿਉਂਕਿ ਸਰਕਾਰਾਂ ਅਤੇ ਸ਼ਰਾਰਤੀ ਅਨਸਰਾਂ ਵੱਲੋਂ ਇਸ ਸੰਘਰਸ਼ ਨੂੰ ਫੇਲ ਕਰਨ ਦੀਆਂ ਅਨੇਕਾਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਿਸਾਨ ਆਗੂ ਤੇ ਗੀਤਕਾਰ ਗੁਰਾਂਦਿੱਤਾ ਸਿੰਘ ਸੰਧੂ ਨੇ ਕਿਹਾ ਕਿ ਸਾਰੇ ਧਰਮਾਂ, ਜਾਤਾਂ ਅਤੇ ਪਾਰਟੀਆਂ ਦੇ ਲੋਕ ਆਪਣੀ ਨਿੱਜੀ ਸੋਚ ਤੋਂ ਉੱਪਰ ਉੱਠ ਕੇ ਲੋਕ-ਏਕਾ ਕਰਕੇ ਆਰਥਿਕ ਨਿਆਂ ਦੀ ਲੜਾਈ ਬੜੀ ਸ਼ਾਂਤੀ ਅਤੇ ਜਮਹੂਰੀ ਢੰਗ ਨਾਲ ਕਈ ਮਹੀਨਿਆਂ ਤੋਂ ਲੜ ਰਹੇ ਹਨ।
ਇਸ ਕਿਸਾਨੀ ਸੰਘਰਸ਼ ਦੀ ਚਰਚਾ ਪੂਰੀ ਦੁਨੀਆਂ ਵਿੱਚ ਹੈ, ਕਿਉਂਕਿ ਕਿਸਾਨ ਮਜ਼ਦੂਰ ਆਗੂਆਂ ਨੇ ਆਪਣੀ ਬੜੀ ਸਿਆਣਪ ਨਾਲ ਇਸ ਏਕੇ ਨੂੰ ਬਰਕਰਾਰ ਰੱਖਿਆ ਹੋਇਆ ਹੈ। ਕਿਸਾਨ ਆਗੂ ਗੁਰਾਂਦਿੱਤਾ ਸਿੰਘ ਸੰਧੂ ਨੇ ਦੱਸਿਆ ਕਿ ਕੁਝ ਧਾਰਮਿਕ ਕੱਟੜ ਲੋਕ ਹਥਿਆਰਬੰਦ ਲੜਾਈ ਦੀ ਗੱਲ ਕਰਦੇ ਹਨ ਜੋ ਕਿ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤਾਂ ਪਹਿਲਾਂ ਹੀ ਚਹੁੰਦੀ ਹੈ ਕਿ ਕਿਸਾਨ ਆਗੂ ਅਜਿਹੇ ਬਿਆਨ ਦੇਣ, ਤਾਂ ਕਿ ਆਰਥਿਕ ਨਿਆਂ ਦੀ ਇਹ ਲੜਾਈ ਧਾਰਮਿਕ ਲੜਾਈ ਬਣ ਜਾਵੇ। ਉਨ੍ਹਾਂ ਦੱਸਿਆ ਕਿ 1984 ਵਿੱਚ ਕਿਸਾਨਾਂ ਦਾ ਆਰਥਿਕ ਮੋਰਚਾ ਇਸੇ ਕਰਕੇ ਹੀ ਫੇਲ੍ਹ ਹੋਇਆ ਸੀ, ਕਿਉਂਕਿ ਉਸਨੂੰ ਧਾਰਮਿਕ ਰੰਗਤ ਦਿੱਤੀ ਗਈ ਅਤੇ ਜਮਹੂਰੀ ਢੰਗ ਨਾਲ ਚੱਲ ਰਿਹਾ ਮੋਰਚਾ ਹਥਿਆਰਬੰਦ ਲੜਾਈ ਵਿੱਚ ਬਦਲ ਗਿਆ।
ਉਸ ਸਮੇਂ ਜੋ ਕਾਫੀ ਜਾਨੀ-ਮਾਲੀ ਨੁਕਸਾਨ ਹੋਇਆ ਸੀ। ਕਿਸਾਨ ਆਗੂ ਗੁਰਾਂਦਿੱਤਾ ਸਿੰਘ ਸੰਧੂ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਆਰਥਿਕ ਨਿਆਂ ਦੀ ਲੜਾਈ ਨੂੰ ਆਰਥਿਕ ਲੜਾਈ ਤੱਕ ਹੀ ਸੀਮਿਤ ਰੱਖਿਆ ਜਾਵੇ, ਸਟੇਜ਼ਾਂ ਤੋਂ ਲਗਦੇ ਗਰਮ ਨਾਅਰੇ ਅਤੇ ਹਥਿਆਰਬੰਦ ਦੀਆਂ ਗੱਲਾਂ ਤੋਂ ਇਲਾਵਾ ਸ਼ਰਾਰਤੀ ਅਨਸਰਾਂ ਤੋਂ ਬਚਿਆ ਜਾਵੇ। ਕਿਸਾਨੀ ਸੰਘਰਸ਼ ਨੂੰ ਸਫਲਤਾ ਪੂਰਵਕ ਨੇਪਰੇ ਚੜਾਉਣ ਲਈ ਕਿਸਾਨਾਂ ਨੂੰ ਸੂਝ-ਬੂਝ ਅਤੇ ਸਿਆਣਪ ਵਰਤਣਗੀ ਪਵੇਗੀ।