ਨਵੀਂ ਦਿੱਲੀ, 3 ਅਪ੍ਰੈਲ 2021 - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਪੰਜਾਬ ਦੀਆਂ ਕਿਸਾਨ, ਮਜ਼ਦੂਰ, ਔਰਤ, ਮੁਲਾਜ਼ਮ, ਵਿਦਿਆਰਥੀ, ਨੌਜਵਾਨ, ਆੜ੍ਹਤੀ, ਟਰਾਂਸਪੋਰਟ, ਅਧਿਆਪਕ, ਯੂਨੀਵਰਸਿਟੀ ਮੁਲਾਜ਼ਮ ਅਤੇ ਹੋਰ ਸਮਾਜਿਕ ਜਥੇਬੰਦੀਆਂ ਦੀ ਸਾਂਝੀ ਬੈਠਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਹੋਈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਟੀਚਰਜ਼ ਐਸ਼ੋਸੀਏਸ਼ਨ, ਪੀਏਯੂ ਐਂਪਲਾਇਜ਼ ਐਸ਼ੋਸੀਏਸ਼ਨ ਅਤੇ ਪੀਏਯੂ ਸਟੂਡੈਂਟਸ ਐਸ਼ੋਸੀਏਸ਼ਨ ਦੀ ਅਗਵਾਈ ਹੇਠ ਹੋਈ ਇਸ ਵਿਚਾਰ-ਚਰਚਾ 'ਚ 100 ਤੋਂ ਵੱਧ ਜਥੇਬੰਦੀਆਂ ਨੇ ਹਿੱਸਾ ਲਿਆ।
ਵਾਢੀ ਦੇ ਸੀਜ਼ਨ ਵਿੱਚ ਕਿਸਾਨ ਮਜ਼ਦੂਰਾਂ ਨੂੰ ਦਿੱਲੀ ਦੇ ਮੋਰਚਿਆਂ ਤੋਂ ਆਪਣੇ ਖੇਤਾਂ ਵੱਲ ਜਾਣਾ ਪਵੇਗਾ ਅਤੇ ਦਿੱਲੀ ਦੇ ਮੋਰਚੇ ਨੂੰ ਇਸ ਦੌਰਾਨ ਵੀ ਉਨੀ ਹੀ ਤਾਕਤ ਵਿੱਚ ਰੱਖਿਆ ਜਾਵੇ। ਨਾਲ ਹੀ ਮੋਰਚੇ ਨੂੰ ਹੋਰ ਮਜ਼ਬੂਤ ਕਰਨ ਲਈ ਕਿਸਾਨ ਜਥੇਬੰਦੀਆਂ ਤੋਂ ਬਾਹਰ ਮਿਲ ਰਹੇ ਸਮਰਥਨ ਨੂੰ ਜਥੇਬੰਦ ਕਰਨ ਲਈ ਪੰਜਾਬ ਦੀਆਂ ਜਥੇਬੰਦੀਆਂ ਨੇ ਇੱਕ ਮੀਟਿੰਗ ਕਰਨ ਦਾ ਸੁਝਾਅ ਦਿੱਤਾ ਸੀ।
ਸਵੇਰੇ 10 ਵਜੇ ਸ਼ੁਰੂ ਹੋਈ ਇਸ ਵਿਚਾਰ-ਚਰਚਾ 'ਚ ਸੰਯਕਤ ਕਿਸਾਨ ਮੋਰਚੇ ਦੇ ਡਾ. ਦਰਸ਼ਨ ਪਾਲ ਨੇ ਭੂਮਿਕਾ ਵਿੱਚ ਕਿਹਾ ਕਿ ਪੰਜਾਬ, ਪੰਜਾਬੀਅਤ ਅਤੇ ਪੰਜਾਬੀਆਂ ਨੇ ਇਸ ਅੰਦੋਲਨ ਦੇ ਰਾਹੀਂ ਆਪਣੇ ਜਨੂੰਨ ਨੂੰ ਕਾਇਮ ਰੱਖਿਆ ਹੈ। ਨਾਲ ਹੀ ਉਹਨਾਂ ਕਿਹਾ ਕਿ ਸਿੱਖੀ ਭਾਵਨਾ ਨੇ ਇਸ ਘੋਲ ਰਾਹੀਂ ਜ਼ੁਲਮ ਦੇ ਖਿਲਾਫ ਲੜਨ ਦੇ ਆਪਣੇ ਭਾਵ ਨੂੰ ਕਾਇਮ ਰੱਖਿਆ ਹੈ।
ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਵਿਸਥਾਰ ਨਾਲ ਕਿਸਾਨ- ਮੋਰਚੇ ਦੇ ਹਾਲਾਤਾਂ ਵਾਰੇ ਚਰਚਾ ਕੀਤੀ ਅਤੇ ਪੰਜਾਬ ਦੇ ਲੋਕਾਂ ਦਾ ਇਸ ਅੰਦੋਲਨ ਵਿੱਚ ਤਨ ਮਨ ਧਨ ਨਾਲ ਸਹਿਯੋਗ ਕਰਨ ਲਈ ਧੰਨਵਾਦ ਕੀਤਾ।
ਸੰਯਕਤ ਕਿਸਾਨ ਮੋਰਚੇ ਅਤੇ ਅੱਜ ਦੇ ਪ੍ਰੋਗਰਾਮ ਵਿੱਚ ਪਹੁੰਚੀਆਂ ਜਥੇਬੰਦੀਆਂ ਅਤੇ ਸ਼ਖ਼ਸੀਅਤਾਂ ਨੇ ਫੈਸਲਾ ਕੀਤਾ ਹੈ ਕਿ "ਪੰਜਾਬ ਫਾਰ ਫਾਰਮਰਜ਼" ਨਾਮ ਤੋਂ ਇਕ ਫ਼ਰੰਟ ਬਣਾਇਆ ਜਾਵੇਗਾ ,ਜਿਸਦੀ ਪਹਿਲੀ ਮੀਟਿੰਗ 7 ਅਪ੍ਰੈਲ 2021 ਨੂੰ ਸਵੇਰੇ 11 ਵਜੇ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਚ ਹੋਵੇਗੀ। ਇਸ ਰਾਹੀਂ ਇਹ ਯੋਜਨਾ ਬਣਾਈ ਜਾਵੇਗੀ ਕਿ ਵਾਢੀ ਦੇ ਸਮੇਂ ਦਿੱਲੀ ਮੋਰਚੇ ਵਿੱਚ ਡਿਊਟੀਆ ਵੰਡ ਕੇ ਸ਼ਮੂਲੀਅਤ ਵਧਾਈ ਜਾਵੇ।
ਮੀਟਿੰਗ ਵਿੱਚ ਮਜ਼ਦੂਰ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਕਿਸਾਨ ਮਜ਼ਦੂਰ ਏਕਤਾ ਦੀ ਗੱਲ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਮੋਰਚੇ ਵਿੱਚ ਮਜ਼ਦੂਰਾਂ ਦੀ ਭਾਰੀ ਸ਼ਮੂਲੀਅਤ ਵੇਖਣ ਨੂੰ ਮਿਲੇਗੀ। ਕੇਂਦਰ ਸਰਕਾਰ ਵਲੋਂ 4 ਲੇਬਰ ਕੋਡ ਹੁਣੇ ਨਾ ਲਾਗੂ ਕਰਨ ਨੂੰ ਮਜ਼ਦੂਰ ਅਤੇ ਕਿਸਾਨੀ ਘੋਲ ਦੀ ਜਿੱਤ ਮੰਨਦੇ ਕਿਹਾ ਕਿ ਹੁਣ ਕਿਸਾਨ ਮਜ਼ਦੂਰ ਮਿਲਕੇ ਨਿੱਜੀਕਰਨ ਖਿਲਾਫ ਲੜਾਈ ਲੜਨਗੇ।
ਇਸ ਦੌਰਾਨ ਪਹੁੰਚੀਆਂ ਸਾਰੀਆਂ ਜਥੇਬੰਦੀਆਂ ਨੇ ਭਰੋਸਾ ਦਿੱਤਾ ਕਿ ਉਹ ਦਿਲ ਖੋਲ੍ਹ ਕੇ ਮੋਰਚੇ ਨੂੰ ਮਜ਼ਬੂਤੀ ਦੇਣਗੇ। ਇਸ ਦੌਰਾਨ ਪਹੁੰਚੇ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਯੂਨੀਅਨ ਦੇ ਨੁਮਾਇੰਦਿਆਂ ਨੇ ਭਰੋਸਾ ਦਿੱਤਾ ਕਿ ਦਿੱਲੀ ਮੋਰਚੇ ਵਿੱਚ ਮੈਡੀਕਲ ਸਹੂਲਤ ਅਤੇ ਐਂਬੂਲੈਂਸ ਅਤੇ ਹੋਰ ਸਹੂਲਤਾਂ ਦੀ ਕੋਈ ਕਮੀ ਨਹੀਂ ਆਵੇਗੀ। ਪੁਲਿਸ ਦੀ ਗੋਲੀ ਤੋਂ ਸ਼ਹੀਦ ਹੋਏ ਨਵਰੀਤ ਸਿੰਘ ਦੇ ਦਾਦਾ ਜੀ ਅਤੇ ਬਾਬਾ ਹਰਦੀਪ ਸਿੰਘ ਜੀ ਡਿਬਡਿਬਾ ਵੀ ਇਸ ਮੌਕੇ ਮੌਜੂਦ ਰਹੇ।
ਪ੍ਰੋਫੈਸਰ ਜਗਮੋਹਨ ਸਿੰਘ ਨੇ ਇੱਕ ਕੋਲੈਕਟਿਵ ਥਿੰਕ ਟੈਂਕ ਬਣਾਉਣਵ ਦਾ ਸੁਝਾਅ ਦਿੰਦਿਆ ਕਿਹਾ ਕਿ ਉਹਨਾਂ ਦੀ ਲਾਇਬਰੇਰੀ ਵਿੱਚ ਉਹ ਸਭ ਕਿਤਾਬਾਂ ਅਤੇ ਸਮੱਗਰੀ ਉਪਲਬਧ ਹੋਵੇਗੀ, ਜਿਸ ਰਾਹੀਂ ਕਿਸਾਨਾਂ ਮਜ਼ਦੂਰਾਂ ਦੇ ਨਾਲ ਨਾਲ ਲੋਕ ਪੱਖੀ ਢਾਂਚੇ ਨੂੰ ਸਿਰਜਿਆ ਜਾ ਸਕੇ। ਸਟੂਡੈਂਟਸ ਫੋਰ ਸੋਸਾਇਟੀ ਦੇ ਨੁਮਾਇੰਦੇ ਰਮਨਪ੍ਰੀਤ ਸਿੰਘ ਨੇ ਕਿਹਾ ਕਿ ਇਕ ਕੁੱਲ ਹਿੰਦ ਸੋਲੀਡੇਰਿਟੀ ਫ਼ਰੰਟ ਬਣਨਾ ਚਾਹੀਦਾ, ਜੋ ਇਸ ਅੰਦੋਲਨ ਨੂੰ ਜਥੇਬੰਧਕ ਤੌਰ ਤੇ ਦੇਸ਼ਵਿਆਪੀ ਬਣਾਵੇ। ਅਰਥਸ਼ਾਸਤਰੀ ਪੀ ਸਾਇਨਾਥ ਦੇ ਸੁਨੇਹੇ ਨੂੰ ਮੀਟਿੰਗ ਵਿਚ ਰੱਖਦਿਆਂ ਡਾ ਕੁਲਦੀਪ ਸਿੰਘ ਨੇ ਦੱਸਿਆ ਕਿ 10 ਅਪ੍ਰੈਲ ਤੋਂ 10 ਮਈ ਤੱਕ ਹਰ ਰੋਜ ਦਿੱਲੀ ਮੋਰਚਿਆਂ ਤੇ ਸਮਾਜ, ਅਰਥਵਿਵਸਥਾ ਵਾਰੇ, ਕਿਸਾਨ-ਮਜਦੂਰ ਅਤੇ ਲੋਕਪੱਖੀ ਸਮਝ ਰੱਖਣ ਵਾਲੇ ਨਾਮੀ ਸ਼ਖ਼ਸੀਅਤਾਂ ਦਾ ਸਮਾਗਮ ਰੱਖਿਆ ਜਾਵੇਗਾ।
ਟਰੇਡ ਯੂਨੀਅਨਾਂ ਦੇ ਆਗੂਆਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਨਾਲ ਮਿਲਕੇ ਹੁਣ ਤਿੰਨਾਂ ਕਾਨੂੰਨਾਂ ਦਾ ਮਜ਼ਦੂਰਾਂ 'ਤੇ ਪ੍ਰਭਾਵ ਵਾਰੇ ਪ੍ਰਚਾਰ ਕੀਤਾ ਜਾਵੇਗਾ। ਖਾਸ ਕਰਕੇ ਜਰੂਰੀ ਵਸਤੂਆਂ ਸੋਧ ਕਾਨੂੰਨ ਅਤੇ ਬਿਜਲੀ ਆਰਡੀਨੈਂਸ ਮਜ਼ਦੂਰਾਂ ਲਈ ਕਿਸ ਤਰਾਂ ਮੌਤ ਦੇ ਵਾਰੰਟ ਵਾਂਗ ਕੰਮ ਕਰੇਗਾ। ਆਉਣ ਵਾਲੇ ਸਮੇਂ ਵਿੱਚ ਇਸ ਵਾਰੇ ਪਿੰਡ, ਬਲਾਕ, ਜਿਲ੍ਹੇ ਅਤੇ ਸੂਬੇ ਪੱਧਰ ਦੀਆਂ ਮੀਟਿੰਗਾਂ ਕਰਕੇ ਲੀਫਲੈਟ, ਸੈਮੀਨਾਰ ਅਤੇ ਹੋਰ ਤਰੀਕਿਆਂ ਨਾਲ ਮਜਦੂਰਾਂ ਦੀ ਸ਼ਮੂਲੀਅਤ ਵਧਾਈ ਜਾਵੇਗੀ।
ਹਰਮੀਤ ਕੋਕਰੀ ਨੇ ਕਿਹਾ ਕਿ ਅੰਦੋਲਨ ਵਿੱਚ ਖੇਤੀਬਾੜੀ ਖੋਜ਼ ਦੀ ਜਿੰਮੇਵਾਰੀ ਸਮਝਦਿਆਂ ਹੋਇਆਂ ਉਹ ਹਰ ਬਣਦੀ ਕਾਰਵਾਈ ਕਰਨਗੇ। ਡਾ. ਸੁਖਪਾਲ ਸਿੰਘ ਨੇ ਕਿਹਾ ਕਿ ਹਾਲ ਹੀ ਦੇ ਵਿੱਚ ਖੇਤ ਮਜ਼ਦੂਰਾਂ ਦੀ ਆਤਮਹੱਤਿਆ ਦੇ ਅੰਕੜੇ ਦੱਸਦੇ ਹੈ ਕਿ ਉਹ ਕਿੰਨੀ ਡੂੰਘੀ ਮਾਰ ਦੇ ਸ਼ਿਕਾਰ ਹਨ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਉਹ ਜਰੂਰੀ ਵਸਤੂਆਂ ਸ਼ੋਧ ਕਾਨੂੰਨ ਦੇ ਪੇਂਡੂ, ਖੇਤੀ ਅਤੇ ਸ਼ਹਿਰੀ ਮਜਦੂਰਾਂ ਤੇ ਮਾਰੂ ਪ੍ਰਭਾਵ ਵਾਰੇ ਲਿੱਖਕੇ ਆਵਦੀ ਬਣਦੀ ਜਿੰਮੇਵਾਰੀ ਨਿਭਾਉਣਗੇ।
ਸੰਯੁਕਤ ਕਿਸਾਨ ਮੋਰਚੇ ਵਲੋਂ ਜਗਜੀਤ ਸਿੰਘ ਡੱਲੇਵਾਲ, ਨਿਰਭੈ ਸਿੰਘ, ਬਲਵੀਰ ਸਿੰਘ ਰਾਜੇਵਾਲ, ਮੁਕੇਸ਼ ਚੰਦਰ, ਮਨਜੀਤ ਸਿੰਘ ਧਨੇਰ, ਡਾ ਦਰਸ਼ਨ ਪਾਲ, ਜੰਗਬੀਰ ਸਿੰਘ, ਹਰਮੀਤ ਸਿੰਘ ਕਾਦੀਆਂ, ਪ੍ਰੇਮ ਸਿੰਘ ਭੰਗੂ, ਸੁਰਜੀਤ ਸਿੰਘ ਫੂਲ, ਹਰਪਾਲ ਸੰਘਾ, ਕੁਲਦੀਪ ਵਜੀਦਪੁਰ, ਕਿਰਨਜੀਤ ਸਿੰਘ ਸੇਖੋਂ, ਬਲਦੇਵ ਸਿੰਘ ਸਿਰਸਾ, ਮੇਜਰ ਸਿੰਘ ਪੁਨਾਵਾਲ, ਬਲਦੇਵ ਸਿੰਘ ਨਿਹਾਲਗੜ੍ਹ, ਗੁਰਬਕਸ਼ ਬਰਨਾਲਾ, ਦਵਿੰਦਰ ਸਿੰਘ ਧਾਲੀਵਾਲ ਅਤੇ ਹੋਰ ਕਿਸਾਨ ਆਗੂ ਇਸ ਮੀਟਿੰਗ ਵਿੱਚ ਮੌਜੂਦ ਰਹੇ।
ਬੀਕੇਯੂ ਹਰਿਆਣਾ ਦੇ ਨੌਜਵਾਨ ਆਗੂ ਰਵੀ ਆਜ਼ਾਦ ਨੂੰ ਹਰਿਆਣਾ ਪੁਲਿਸ ਨੇ ਕਈ ਮਾਮਲਿਆਂ ਵਿੱਚ ਝੂਠੇ ਅਤੇ ਮਨਘੜਤ ਦੋਸ਼ਾਂ ਵਿੱਚ ਗ੍ਰਿਫ਼ਤਾਰ ਕੀਤਾ ਹੈ। ਸੰਯੁਕਤ ਕਿਸਾਨ ਮੋਰਚਾ ਹਰਿਆਣਾ ਪੁਲਿਸ ਦੇ ਦਮਨਕਾਰੀ ਵਤੀਰੇ ਦੀ ਨਿਖੇਧੀ ਕਰਦਾ ਹੈ ਅਤੇ ਮੰਗ ਕਰਦਾ ਹੈ ਕਿ ਰਵੀ ਆਜ਼ਾਦ ਨੂੰ ਤੁਰੰਤ ਅਤੇ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ।
ਸੰਯੁਕਤ ਕਿਸਾਨ ਮੋਰਚੇ ਨੇ ਅੱਜ ਰੋਹਤਕ ਦੇ ਨਜ਼ਦੀਕ ਅਸਥਲ ਬੋਹਰ ਵਿਖੇ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਦੀ ਨਿਖੇਧੀ ਕੀਤੀ।
ਕਿਸਾਨ ਅੰਦੋਲਨ ਦੌਰਾਨ ਭਾਜਪਾ ਆਗੂਆਂ ਵੱਲੋਂ ਕੀਤੀ ਗਈ ਅਤਿ ਅਪਮਾਨਜਨਕ ਟਿੱਪਣੀ ਤੋਂ ਨਾਰਾਜ਼ ਕਿਸਾਨ ਮੁੱਖ ਮੰਤਰੀ ਨੂੰ ਕਾਲੇ ਝੰਡੇ ਦਿਖਾਉਣ ਲਈ ਇਕੱਠੇ ਹੋਏ ਸਨ, ਜਿਸਦਾ ਹੈਲੀਕਾਪਟਰ ਅਸਥਲ ਬੋਹਰ ਵਿਖੇ ਉਤਰਨਾ ਸੀ। ਇੱਥੋਂ ਤੱਕ ਕਿ ਮਰਦ ਪੁਲਿਸ ਮੁਲਾਜ਼ਮਾਂ ਨੇ ਮਹਿਲਾ ਪ੍ਰਦਰਸ਼ਨਕਾਰੀਆਂ 'ਤੇ ਹਮਲਾ ਕੀਤਾ। ਕੁਝ ਪ੍ਰਦਰਸ਼ਨਕਾਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ।
ਲੋਕ-ਵਿਰੋਧੀ ਨੀਤੀਆਂ ਕਾਰਨ ਜਨਤਾ ਤੋਂ ਵੱਖ ਹੋਏ ਭਾਜਪਾ-ਜੇਜੇਪੀ ਸੱਤਾਧਾਰੀ ਗੱਠਜੋੜ, ਹਰਿਆਣਾ ਵਿਚ ਪੁਲਿਸ ਰਾਜ ਸਥਾਪਤ ਕਰਨ 'ਤੇ ਤੁਲੇ ਹੋਏ ਹਨ। ਪ੍ਰਾਪਰਟੀ ਕਾਨੂੰਨ ਦਾ ਉਦੇਸ਼ ਸੰਵਿਧਾਨ ਦੁਆਰਾ ਦਿੱਤੇ ਵਿਰੋਧ ਦੇ ਅਧਿਕਾਰ ਦੀ ਗਾਰੰਟੀ ਨੂੰ ਵੀ ਰੋਕਣਾ ਹੈ। ਐਸਕੇਐਮ ਨੇ ਭਾਜਪਾ ਸਰਕਾਰ ਤੋਂ ਸੱਤਾ ਲਿਆਉਣ ਵਾਲਿਆਂ ਖ਼ਿਲਾਫ਼ ਜੰਗ ਛੇੜਨ ਦੀ ਬਜਾਏ ਕਿਸਾਨਾਂ ਦੀਆਂ ਮੁਸ਼ਕਲਾਂ ਹੱਲ ਕਰਨ ਦੀ ਮੰਗ ਕੀਤੀ।