ਹਰੀਸ਼ ਕਾਲੜਾ
ਰੂਪਨਗਰ, 11 ਦਸੰਬਰ 2020 - ਕਿਸਾਨ ਮਾਰੂ ਕਾਨੂੰਨ ਰੱਦ ਕਰਵਾਉਣ ਲਈ ਟਰਾਲੀਆਂ ਭਰ ਕੇ ਜਾਣ ਵਾਲੀਆ ਸੰਗਤਾ ਵਾਸਤੇ ਰੂਪਨਗਰ ਜ਼ਿਲੇ ਦੀਆ ਸੰਗਤਾਂ ਵੱਲੋ ਡੀਜ਼ਲ ਦੀ ਸੇਵਾ ਲਗਾਤਾਰ ਕੀਤੀ ਜਾ ਰਹੀ ਹੈ।ਅੰਤਰਰਾਸ਼ਟਰੀ ਇੰਨਕਲਾਬੀ ਮੰਚ ਦੇ ਕੌਮੀ ਮੀਡੀਆ ਇੰਚਾਰਜ ਰਣਜੀਤ ਸਿੰਘ ਪਤਿਆਲਾ ਨੇ ਦੱਸਿਆ ਕਿ ਪਿਛਲੇ ਦਿਨੀ ਬੇਲਾ ਚੌਕ ਵਿਖੇ ਇਸੇ ਸਬੰਧ ਵਿੱਚ ਉਗਰਾਹੀ ਕੈਂਪ ਲਗਾਇਆ ਗਿਆ ਸੀ ਜ਼ਿਸ ਵਿੱਚ ਸਤਾਸੀ ਹਜ਼ਾਰ ਰੁਪਏ ਦੀ ਉਗਰਾਹੀ ਕੀਤੀ ਗਈ। ਨਿਰਮਲ ਸਿੰਘ ਲੋਧੀ ਮਾਜਰਾ, ਹਰਦੇਵੀ ਸਿੰਘ ਖੇੜੀ, ਬਲਵਿੰਦਰ ਸੈਣੀ (ਸਸਕੌਰ), ਪਰਵਿੰਦਰ ਸ਼ਾਮਪੁਰੀ, ਚਰਨਜੀਤ ਸਿੰਘ ਮਿਆਣੀ, ਗਿਆਨ ਸਿੰਘ ਲੌਗੀਆ ਨੇ ਦੱਸਿਆ ਕਿ ਉਕਤ ਉਗਰਾਹੀ ਧਰਨੇ ਲਈ ਰਾਸ਼ਨ-ਪਾਣੀ ਲੈ ਕੇ ਜਾਣ ਵਾਸਤੇ ਕੀਤੀ ਸੀ ਪਰ ਕਿਸਾਨ ਆਗੂਆਂ ਵੱਲੋ ਮਿਲੇ ਦਿਸ਼ੇ ਨਿਰਦੇਸ਼ਾਂ ਅਨੁਸਾਰ ਉੱਥੇ ਰਾਸ਼ਨ ਦੀ ਪਹਿਲਾਂ ਹੀ ਬਹੁਤਾਤ ਹੋ ਗਈ ਸੀ, ਉਹਨਾਂ ਦੱਸਿਆ ਕਿ ਕੀਤੇ ਗਏ ਗੁਰਮਤੇ ਅਨੁਸਾਰ ਹੁਣ ਇਹ ਮਾਇਆ ਦਿਲੀ ਜਾਣ ਵਾਲੇ ਟਰਾਲੀ ਅਤੇ ਹੋਰ ਵਹੀਕਲਾਂ ਦੇ ਡੀਜ਼ਲ ਪਵਾਉਣ ਲਈ ਵਰਤੀ ਜਾ ਰਹੀ ਹੈ।
ਰਣਜੀਤ ਸਿੰਘ ਪਤਿਆਲਾ ਨੇ ਦੱਸਿਆ ਕਿ ਹੁਣ ਤੱਕ ਇੱਕ ਮਿਨੀ ਬੱਸ ਘਨੌਲੀ ਦੀਆ ਸੰਗਤਾਂ, ਇੱਕ ਟਰਾਲੀ ਪਿੰਡ ਮਲਕਪੁਰ ਤੋ ਸਰਪੰਚ ਕੁਲਵਿੰਦਰ ਕੌਰ ਦੀ ਅਗਵਾਈ ਵਿੱਚ ਭੇਜੀ ਗਈ, ਇਸ ਤੋ ਇਲਾਵਾ ਮਾਸਟਰ ਜਗਤਾਰ ਸਿੰਘ ਦੀ ਅਗਵਾਈ ਵਿੱਚ ਪਿੰਡ ਲੌਧੀਮਾਜਰਾ ਤੋ ਇੱਕ ਟਰਾਲੀ ਭੇਜੀ ਗਈ, 2 ਟਰਾਲੀਆਂ ਪਿੰਡ ਝਲੀਆਂ ਕਲਾਂ ਅਤੇ ਬੰਦੇ ਮਾਹਲਾਂ ਦੀਆਂ ਸੰਗਤਾਂ ਜੋ ਕਿ ਹਰਬੰਸ ਸਿੰਘ ਗਿੱਲ, ਗੁਰਮੇਲ ਸਿੰਘ ਬਾੜਾ, ਕਮਲਜੀਤ ਸਿੰਘ ਬੰਦੇ ਮਾਹਲਾਂ ਦੀ ਅਗਵਾਈ ਵਿੱਚ ਗਈਆ ਹਨ। ਪਤਿਆਲਾ ਨੇ ਦੱਸਿਆ ਕਿ ਉਪਰੋਕਤ ਜਾਣ ਵਾਲੇ ਸਾਰੀਆ ਟਰਾਲੀਆ ਵਿੱਚ ਇੱਕਤਰ ਹੋਈ ਮਾਇਆ ਵਿੱਚੋ ਡੀਜ਼ਲ ਪਵਾਇਆ ਗਿਆ। ਪਤਿਆਲਾ ਨੇ ਕਿਹਾ ਕਿ ਜਦੋ ਤੱਕ ਸਾਡੇ ਕੋਲ ਸੰਗਤ ਦੀ ਮਾਇਆ ਪਈ ਹੈ, ਉਦੋ ਤੱਕ ਦਿਲੀ ਧਰਨੇ ਤੇ ਜਾਣ ਵਾਲੀਆ ਟਰਾਲੀਆ ਆਦਿ ਵਿੱਚ ਡੀਜ਼ਲ ਦੀ ਸੇਵਾ ਲਗਾਤਾਰ ਕੀਤੀ ਜਾਵੇਂਗੀ, ੳਹਨਾਂ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਇਸ ਧਰਮਯੁੱਧ ਵਿੱਚ ਵੱਧ ਤੋ ਵੱਧ ਹਿੱਸਾ ਪਾਉਣ।
ਇਸ ਮੌਕੇ ਕਿਸਾਨ ਯੂਨੀਅਨ (ਕਾਦੀਆ) ਦੇ ਬਲਾਕ ਪ੍ਰਧਾਨ ਰਵਿੰਦਰ ਸਿੰਘ ਰੂਪਾ ਸਾਬਕਾ ਸਰਪੰਚ ਖੁਆਸਪੁਰਾ ਨੇ ਕਿਹਾ ਕਿ ਰਣਜੀਤ ਸਿੰਘ ਪਤਿਆਲਾ ਅਤੇ ਉਹਨਾਂ ਦੀ ਸਮੂਚੀ ਟੀਮ ਵੱਲੋ ਕੀਤੀ ਗਈ ਸੇਵਾ ਸਲਾਘਾਯੋਗ ਹੈ।