- ਪੰਜਾਬ 'ਚ ਕਿਸਾਨੀ-ਧਰਨੇ 193ਵੇਂ ਦਿਨ ਵੀ ਰਹੇ ਜਾਰੀ
ਚੰਡੀਗੜ੍ਹ, 10 ਅਪ੍ਰੈਲ 2021 - ਸੰਯੁਕਤ ਕਿਸਾਨ ਮੋਰਚਾ ਵੱਲੋਂ ਭਾਵੇਂ ਸੰਸਦ-ਮਾਰਚ ਦੇ ਦਿਨ ਨਹੀਂ ਮਿੱਥਿਆ ਗਿਆ, ਪਰ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਨੇ ਕਿਸਾਨਾਂ ਦੀ ਲਾਮਬੰਦੀ ਕਰਨੀ ਸ਼ੁਰੂ ਕਰ ਦਿੱਤੀ ਹੈ, ਨੁੱਕੜ-ਮੀਟਿੰਗਾਂ, ਝੰਡਾ-ਮਾਰਚ, ਰੋਸ-ਮਾਰਚ, ਢੋਲ-ਮਾਰਚ ਅਤੇ ਔਰਤਾਂ ਅਤੇ ਨੌਜਵਾਨਾਂ ਦੀਆਂ ਵਿਸ਼ੇਸ਼ ਮੀਟਿੰਗਾਂ ਕਰਨ ਦਾ ਸੱਦਾ ਦਿੱਤਾ ਗਿਆ ਹੈ। ਦੂਜੇ ਪਾਸੇ ਪੰਜਾਬ 'ਚ 68 ਥਾਵਾਂ 'ਤੇ ਚਲਦੇ ਪੱਕੇ-ਧਰਨੇ ਵੀ 193ਵੇਂ ਦਿਨ ਜਾਰੀ ਰਹੇ।
ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਜਨਰਲ-ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿਸਾਨਾਂ ਨੇ ਸੰਘਰਸ਼ੀ-ਮੋਰਚਿਆਂ ਤੋਂ ਪਿੱਛੇ ਨਾ ਹਟਣ ਦਾ ਅਹਿਦ ਲਿਆ ਹੈ। ਟੋਲ-ਪਲਾਜ਼ਿਆਂ, ਰਿਲਾਇੰਸ ਪੰਪਾਂ, ਕਾਰਪੋਰੇਟ ਮਾਲਜ਼, ਰੇਲਵੇ ਪਾਰਕਾਂ ਅਤੇ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਜਾਰੀ ਧਰਨਿਆਂ 'ਚ ਗਿਣਤੀ ਬਰਕਰਾਰ ਰੱਖਦਿਆਂ ਕਿਸਾਨਾਂ ਨੇ ਕੇਂਦਰ-ਸਰਕਾਰ ਨੂੰ ਸੰਦੇਸ਼ ਦਿੱਤਾ ਹੈ ਕਿ ਕਿਸੇ ਵੀ ਤਰ੍ਹਾਂ ਉਹ ਕਾਨੂੰਨ ਰੱਦ ਕਰਵਾਏ ਬਿਨਾਂ ਪਿਛਾਂਹ ਨਹੀਂ ਹਟਣਗੇ। ਕਿਸਾਨ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਮੰਡੀਆਂ ‘ਚ ਪਹੁੰਚੀ ਕਣਕ ਦਾ ਦਾਣਾ ਦਾਣਾ ਮਿਥੇ ਹੋਏ ਐਮ ਐਸ ਪੀ 'ਤੇ ਖਰੀਦ ਕਰਵਾਉਣ ਲਈ ਵੀ ਮੰਡੀਆਂ ਵਿੱਚ ਥਾਂ ਥਾਂ ਮੋਰਚੇ ਲਾਏ ਜਾਣਗੇ। ਕਣਕ ਦੀ ਵਾਢੀ ਦੇ ਚਲਦਿਆਂ ਔਰਤਾਂ ਇਨ੍ਹਾਂ ਮੋਰਚਿਆਂ ਦੀ ਕਮਾਂਡ ਸੰਭਾਲ ਚੁੱਕੀਆਂ ਹਨ।
ਆਗੂਆਂ ਨੇ ਕਿਹਾ ਕਿ ਸ਼ਹੀਦ ਹੋਏ 351 ਸ਼ਹੀਦ ਕਿਸਾਨਾਂ ਨੂੰ ਸੱਚੀ ਸਰਧਾਂਜਲੀ ਇਹੋ ਹੈ ਕਿ ਅਸੀਂ ਤਿੰਨ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਇਤਿਹਾਸਕ ਕਿਸਾਨ ਘੋਲ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਦੀ ਤਨ ਮਨ ਧਨ ਨਾਲ ਮੱਦਦ ਕਰੀਏ ਅਤੇ ਮੋਰਚੇ ਦੀ ਲੀਡਰਸ਼ਿਪ ਖਿਲਾਫ਼ ਕੂੜ ਪਰਚਾਰ ਦੀ ਮੁਹਿੰਮ ਦਾ ਡਟ ਕੇ ਵਿਰੋਧ ਕਰੀਏ ਅਤੇ ਉਸਦੀ ਵਿਚਾਰਧਾਰਕ ਤੌਰ ਤੇ ਰਖਵਾਲੀ ਕਰੀਏ।