ਅਸ਼ੋਕ ਵਰਮਾ
ਬਠਿੰਡਾ,13ਜਨਵਰੀ2021: ਕਿਸਾਨ ਸੰਘਰਸ਼ ਸਮਰਥਨ ਕਮੇਟੀ ਦੀ ਅਗਵਾਈ ਹੇਠ ਅੱਜ ਮਜਦੂਰਾਂ-ਮੁਲਾਜਮਾਂ-ਠੇਕਾ ਮੁਲਾਜਮਾਂ ਅਤੇ ਸ਼ਹਿਰੀ ਜਨਤਕ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਸੰਘਰਸ਼ੀ ਲੋਹੜੀ ਮਨਾਉਂਦਿਆਂ ਤਿਲਾਂ ਦੀ ਥਾਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ। ਕਮੇਟੀ ਆਗੂਆਂ ਵਰਿੰਦਰ ਸਿੰਘ ਬੀਬੀਵਾਲਾ,ਹਰਜੀਤ ਸਿੰਘ ਜੀਦਾ,ਜਗਰੂਪ ਸਿੰਘ,ਰੇਸ਼ਮ ਸਿੰਘ ਖੇਮੂਆਣਾ ਅਤ ਗੁਰਵਿੰਦਰ ਸਿੰਘ ਪੰਨੂੰ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਾਗੂ ਨਵੇਂ ਖੇਤੀ ਕਾਨੂੰਨਾਂ , ਬਿਜਲੀ ਸੋਧ ਬਿੱਲ 2020 ਅਤੇ ਨਵੇਂ ਕਿਰਤ ਕਾਨੂੰਨ ਕਿਸਾਨਾਂ-ਮਜ਼ਦੂਰਾਂ ਤੋਂ ਇਲਾਵਾ ਸਮੁੱਚੇ ਕਿਰਤੀ ਵਰਗ ਤੇ ਮਾਰੂ ਅਸਰ ਪਾਉਣਗੇ। ਉਹਨਾਂ ਦੱਸਿਆ ਕਿ ਇਹਨਾਂ ਕਾਲੇ ਕਾਨੂੰਨਾਂ ਨਾਲ ਗਰੀਬੀ,ਬੇਰੁਜਗਾਰੀ,ਮਹਿੰਗਾਈ ਤੇ ਕਾਲਾਬਾਜਾਰੀ ਸਿਖਰਾਂ ਨੂੰ ਛੋਹੇਗੀ ਅਤੇ ਮੰਦਵਾੜੇ ਦੇ ਝੰਬੇ ਵਪਾਰ ਤੇ ਕਾਰੋਬਾਰ ਦਾ ਧੂੰਆਂ ਨਿਕਲ ਜਾਵੇਗਾ। ਆਗੂਆਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਨਵੀਆਂ ਆਰਥਿਕ ਨੀਤੀਆਂ ਤਹਿਤ ਆਰਥਿਕ ਸੁਧਾਰਾਂ ਦੇ ਨਾਮ ਤੇ ਸਮੂਹ ਸਰਕਾਰੀ ਅਦਾਰਿਆਂ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਨ ਦੀ ਨੀਅਤ ਨਿੱਜੀਕਰਨ ਕੀਤਾ ਜਾ ਰਿਹਾ ਹੈ।
ਆਗੂਆਂ ਮੰਗ ਕੀਤੀ ਕਿ ਨਵੇਂ ਖੇਤੀ ਕਾਨੂੰਨਾਂ,ਬਿਜਲੀ ਸੋਧ ਬਿੱਲ 2020,ਨਵੇਂ ਕਿਰਤ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ,ਸਮੂਹ ਵਿਭਾਗਾਂ ਦੇ ਨਿੱਜੀਕਰਨ ਅਤੇ ਪੁਨਰਗਠਨ ਦੀ ਨੀਤੀ ਰੱਦ ਕੀਤੀ ਜਾਵੇ,ਆਹਲੂਵਾਲੀਆ ਕਮੇਟੀ ਭੰਗ ਕੀਤੀ ਜਾਵੇ,ਸਮੂਹ ਵਿਭਾਗਾਂ ਦੇ ਠੇਕਾ ਮੁਲਾਜਮਾਂ ਨੂੰ ਰੈਗੂਲਰ ਕੀਤਾ ਜਾਵੇ,ਨਵੀਂ ਸਿੱਖਿਆ ਨੀਤੀ ਰੱਦ ਕੀਤੀ ਜਾਵੇ, ਸਰਵਜਨਤਕ ਵੰਡ ਪ੍ਰਣਾਲੀ ਲਾਗੂ ਕਰਕੇ ਲੋੜਵੰਦ ਲੋਕਾਂ ਸਸਤਾ ਰਾਸ਼ਨ ਮੁਹਈਆ ਕਰਵਾਇਆ ਜਾਵੇ,ਪ੍ਰਚੂਨ ਖ਼ੇਤਰ ਦਾ ਉਜਾੜਾ ਬੰਦ ਕੀਤਾ ਜਾਵੇ,ਜੇਲੀਂ ਡੱਕੇ ਬੁੱਧੀਜੀਵੀਆਂ,ਪੱਤਰਕਾਰਾਂ,ਲੇਖਕਾਂ,ਕਲਾਕਾਰਾਂ ਅਤੇ ਸਮਾਜ ਸੇਵੀ ਕਾਰਕੁੰਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ। ਕਮੇਟੀ ਆਗੂਆਂ ਨੇ ਸਮੂਹ ਕਿਰਤੀ ਲੋਕਾਂ ਨੂੰ ਸਮੂਹ ਕਾਲੇ ਕਾਨੂੰਨਾਂ ਦੇ ਖਿਲਾਫ਼ ਜਥੇਬੰਦ ਹੋਕੇ ਸੰਘਰਸਾਂ ਦੇ ਪਿੜ ਮੱਲਣ ਦਾ ਸੱਦਾ ਦਿੱਤਾ।