- ਕਾਲੇ-ਕਾਨੂੰਨ ਰੱਦ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਣ ਦਾ ਪ੍ਰਣ
- 32 ਕਿਸਾਨ-ਜਥੇਬੰਦੀਆਂ ਵੱਲੋਂ ਪੰਜਾਬ ਭਰ 'ਚ ਵੀ ਪੱਕੇ-ਧਰਨੇ ਜਾਰੀ
- ਹਰਿਆਣਾ ਦੇ ਕਿਸਾਨ-ਆਗੂਆਂ ਦੀ ਗ੍ਰਿਫਤਾਰੀ ਦੀ ਸਖ਼ਤ ਨਿਖੇਧੀ
ਚੰਡੀਗੜ੍ਹ, 20 ਦਸੰਬਰ 2020 - ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵੱਲੋਂ ਦੇਸ਼-ਪੱਧਰੀ 'ਸੰਯੁਕਤ ਕਿਸਾਨ ਮੋਰਚੇ' ਦੇ ਸੱਦੇ 'ਤੇ ਪੰਜਾਬ ਭਰ 'ਚ ਕਰੀਬ 380 ਥਾਵਾਂ-ਸ਼ਹੀਦ ਕਿਸਾਨਾਂ ਦੇ ਪਿੰਡਾਂ, ਬਲਾਕ-ਪੱਧਰ ਅਤੇ ਟੋਲ-ਪਲਾਜ਼ਿਆਂ, ਰਿਲਾਇੰਸ ਪੰਪਾਂ, ਕਾਰਪੋਰੇਟ ਮਾਲਜ਼, ਭਾਜਪਾ ਆਗੂਆਂ ਦੇ ਘਰਾਂ ਅੱਗੇ ਜਾਰੀ ਪੱਕੇ-ਧਰਨਿਆਂ 'ਚ ਦਿੱਲੀ ਅਤੇ ਪੰਜਾਬ ਦੇ ਕਿਸਾਨ-ਮੋਰਚਿਆਂ ਅਤੇ ਸੜਕ-ਹਾਦਸਿਆਂ 'ਚ ਕਿਸਾਨ-ਲਹਿਰ ਲਈ ਸ਼ਹੀਦ ਹੋਏ 38 ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ।
ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਕੁੱਲ ਹਿੰਦ ਕਿਸਾਨ ਸ਼ੰਘਰਸ਼ ਤਾਲਮੇਲ ਕਮੇਟੀ ਰਾਹੀਂ ਮਿਲੀ ਜਾਣਕਾਰੀ ਅਨੁਸਾਰ ਦੇਸ਼ ਦੇ 22 ਰਾਜਾਂ ਦੇ ਕਰੀਬ 90 ਹਜ਼ਾਰ ਥਾਵਾਂ 'ਤੇ ਸ਼ਰਧਾਂਜਲੀ-ਸਮਾਗਮ ਕਰਦਿਆਂ 50 ਲੱਖ ਲੋਕਾਂ ਵੱਲੋਂ ਕਿਸਾਨ-ਲਹਿਰ ਦੇ ਸ਼ਹੀਦਾਂ ਨੂੰ ਸਰਧਾਂਜਲੀ ਦਿੱਤੀ ਗਈ ਅਤੇ ਕਾਲੇ-ਕਾਨੂੰਨ ਰੱਦ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਣ ਦਾ ਪ੍ਰਣ ਕੀਤਾ ਗਿਆ।
ਪੰਜਾਬ ਭਰ 'ਚ ਪਿੰਡਾਂ-ਸ਼ਹਿਰਾਂ 'ਚ ਹੋਏ ਸ਼ਰਧਾਂਜਲੀ ਇਕੱਠਾਂ ਦੌਰਾਨ ਜਥੇਬੰਦੀਆਂ ਦੇ ਨਾਲ-ਨਾਲ ਸਮਾਜ-ਸੇਵੀ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਵੀ ਜਨਤਕ-ਇਕੱਠ ਕਰਦਿਆਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਸ਼ਹੀਦ ਕਿਸਾਨ ਸਾਥੀਆਂ ਦੀ ਸ਼ਹਾਦਤ ਨੂੰ ਅਜਾਈਂ ਨਹੀਂ ਜਾਣ ਦਿਆਂਗੇ, ਜਦੋਂ ਤੱਕ ਕੇਂਦਰ-ਸਰਕਾਰ ਕਾਲੇ-ਕਾਨੂੰਨ ਰੱਦ ਨਹੀਂ ਕਰਦੀ ਦਿੱਲੀ ਦੇ ਮੋਰਚੇ ਜਾਰੀ ਰਹਿਣਗੇ।
ਕਿਸਾਨ-ਆਗੂਆਂ ਨੇ ਕੇਂਦਰ-ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਸਰਕਾਰ ਖੇਤੀਬਾੜੀ-ਖੇਤਰ 'ਚ ਵਿਦੇਸ਼ੀ ਅਤੇ ਕਾਰਪੋਰੇਟ ਨਿਵੇਸ਼ ਦੇ ਰਾਹ ਖੋਲ੍ਹ ਰਹੀ ਹੈ। ਦੇਸ਼ ਦੇ 70 ਕਰੋੜ ਲੋਕ ਖੇਤੀਬਾੜੀ-ਸੈਕਟਰ ਨਾਲ ਜੁੜੇ ਹੋਏ ਹਨ, ਉਨ੍ਹਾਂ ਦੀ ਰੋਜ਼ੀ ਰੋਟੀ ਇਨ੍ਹਾਂ ਕਾਨੂੰਨਾਂ ਨਾਲ ਦਾਅ' ਤੇ ਲੱਗੀ ਹੋਈ ਹੈ।
ਹਰਿਆਣਾ ਦੇ ਕਿਸਾਨ-ਆਗੂਆਂ ਦੀਆਂ ਗ੍ਰਿਫਤਾਰੀਆਂ ਦੀ ਨਿਖੇਧੀ :
ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਦੇ ਆਗੂਆਂ ਨੇ ਹਰਿਆਣਾ ਦੇ ਕਿਸਾਨ-ਆਗੂਆਂ ਦੀਆਂ ਗ੍ਰਿਫਤਾਰੀ ਦੀ ਸਖ਼ਤ ਨਿਖੇਧੀ ਕੀਤੀ ਹੈ। ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਖੱਟੜ-ਸਰਕਾਰ ਜ਼ਬਰ 'ਤੇ ਉਤਰ ਆਈ ਹੈ, ਜਿਸਦੀ ਦੇਸ਼-ਭਰ ਦੀਆਂ ਜਥੇਬੰਦੀਆਂ ਵੱਲੋਂ ਸਖ਼ਤ ਨਿਖੇਧੀ ਕਰਦਿਆਂ ਗ੍ਰਿਫ਼ਤਾਰ ਆਗੂਆਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਹਰਿਆਣਾ ਦੇ ਜ਼ਿਲ੍ਹਾ ਮਹਿੰਦਰਗੜ, ਨਾਰਨੌਲ-ਰੇਵਾੜੀ ਰੋਡ 'ਤੇ ਸਥਿਤ ਚਾਂਦਪੁਰਾ ਪਿੰਡ ਵਿੱਚ ਪ੍ਰਮੁੱਖ ਕਿਸਨ ਆਗੂ ਕਾਮਰੇਡ ਬਲਬੀਰ ਸਿੰਘ ਯਾਦਵ, ਜ਼ਿਲ੍ਹਾ ਪ੍ਰਧਾਨ, ਏਆਈ ਕੇ ਕੇਐਮਐਸ ਅਤੇ ਏਆਈਕੇਐਮਐਸ ਦੇ ਦੋ ਹੋਰ ਕਿਸਾਨ ਆਗੂਆਂ ਕਾਮਰੇਡ ਅਮਰ ਸਿੰਘ ਅਤੇ ਅਭੈ ਸਿੰਘ ਨੂੰ 20.12.2020 ਨੂੰ ਸਵੇਰੇ 20.12.2020 ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਅਟੇਲੀ ਥਾਣਾ, ਜ਼ਿਲ੍ਹਾ ਮਹਿੰਦਰਗੜ੍ਹ ਵਿਖੇ ਨਜ਼ਰਬੰਦ ਕੀਤਾ ਗਿਆ ਹੈ। ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਅਸੀਂ ਹਰਿਆਣਾ ਪੁਲਿਸ ਅਤੇ ਹਰਿਆਣਾ ਸਰਕਾਰ ਦੇ ਲੋਕਾਂ ਦੀ ਬੁਨਿਆਦੀ ਆਜ਼ਾਦੀ ਅਤੇ ਜਮਹੂਰੀ ਅਧਿਕਾਰਾਂ ਨੂੰ ਕੁਚਲਣ ਅਤੇ ਕਾਲੇ-ਕਾਨੂੰਨਾਂ ਵਿਰੁੱਧ ਚੱਲ ਰਹੀ ਕਿਸਾਨ ਲਹਿਰ ਨੂੰ ਕੁਚਲਣ ਲਈ ਕੀਤੇ ਜਾ ਰਹੀਆਂ ਗ੍ਰਿਫਤਾਰੀਆਂ ਦਾ ਸਖਤ ਵਿਰੋਧ ਅਤੇ ਨਿੰਦਾ ਕਰਦੇ ਹਾਂ ਅਤੇ ਉਨ੍ਹਾਂ ਦੀ ਤੁਰੰਤ ਰਿਹਾਈ ਦੀ ਮੰਗ ਕਰਦੇ ਹਾਂ।
ਪੰਜਾਬ ਤੋਂ ਦਿੱਲੀ ਲਈ ਕਾਫ਼ਲਿਆਂ ਦਾ ਜਾਣਾ ਜਾਰੀ, ਔਰਤਾਂ ਦੀ ਵੀ ਕਰਵਾਈ ਜਾਵੇਗੀ ਵੱਡੀ ਸ਼ਮੂਲੀਅਤ :
ਪੰਜਾਬ ਭਰ 'ਚੋਂ ਕਿਸਾਨ-ਜਥੇਬੰਦੀਆਂ ਦੇ ਕਾਫ਼ਲਿਆਂ ਦਾ ਦਿੱਲੀ ਜਾਣਾ ਜਾਰੀ ਹੈ। ਕੇਂਦਰ-ਸਰਕਾਰ ਵੱਲੋਂ ਅਪਣਾਏ ਬੇਰੁਖੀ ਵਾਲੇ ਰਵੱਈਏ ਕਾਰਨ ਸੂਬੇ ਭਰ ਦੇ ਕਿਸਾਨਾਂ 'ਚ ਰੋਸ ਹੈ ਅਤੇ ਦਿੱਲੀ ਦੇ ਮੋਰਚਿਆਂ 'ਚ ਗਿਣਤੀ ਹੋਰ ਵਧਾਉਣ ਲਈ ਪੰਜਾਬ 'ਚੋੰ ਆਉਣ ਵਾਲੇ ਦਿਨਾਂ 'ਚ ਔਰਤਾਂ ਦੀ ਸ਼ਮੂਲੀਅਤ ਹੋਰ ਵਧਾਈ ਜਾਵੇਗੀ। ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਇਤਿਹਾਸਕ ਅਸਥਾਨ ਸੁਲਤਾਨਪੁਰ-ਲੋਧੀ(ਕਪੂਰਥਲਾ) ਤੋਂ 22 ਦਸੰਬਰ ਨੂੰ ਬੀਕੇਯੂ(ਡਕੌਂਦਾ) ਦਾ ਵੱਡਾ ਕਾਫ਼ਲਾ ਦਿੱਲੀ ਲਈ ਰਵਾਨਾ ਹੋਵੇਗਾ।