ਮੌਂਟਰੀਅਲ, 7 ਦਸੰਬਰ 2020 - ਭਾਰਤ ਦੀ ਰਾਜਧਾਨੀ ਦਿੱਲੀ ਅੰਦਰ ਪੰਜਾਬ ਦੀਆਂ 30 ਕਿਸਾਨ ਜੱਥੇਬੰਦੀਆਂ ਅਤੇ ਭਾਰਤ ਪੱਧਰ ਦੀਆਂ 500 ਕਿਸਾਨ ਜੱਥੇਬੰਦੀਆਂ ਦੀ ਅਗਵਾਈ ਵਿੱਚ ਕਿਸਾਨ ਮਾਰੂ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਇਤਿਹਾਸਕ ਘੋਲ ਲੜਿਆ ਜਾ ਰਿਹਾ ਹੈ। ਇਸ ਸੰਘਰਸ਼ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਲੋਕ ਅਤੇ ਹੋਰ ਵੱਖ-ਵੱਖ ਤਬਕਾਤੀ ਜੱਥੇਬੰਦੀਆਂ ਵੀ ਭਰਵੀਂ ਸ਼ਮੂਲੀਅਤ ਕਰ ਰਹੀਆਂ ਹਨ। ਕਿਸਾਨ ਸੰਘਰਸ਼ ਆਏ ਦਿਨ ਹੋਰ ਵਿਸ਼ਾਲ ਹੁੰਦਾ ਜਾ ਰਿਹਾ ਹੈ।
ਇਹ ਕਿਸਾਨ ਸੰਘਰਸ਼ ਤਿੰਨ ਖੇਤੀ ਕਾਨੂੰਨਾਂ, ਬਿਜਲੀ ਸੋਧ ਬਿੱਲ ਅਤੇ ਪਰਾਲ਼ੀ ਸਾੜਨ ਦੇ ਕਿਸਾਨ ਮਾਰੂ ਬਿੱਲ ਖ਼ਿਲਾਫ਼ ਲੜਿਆ ਜਾ ਰਿਹਾ ਹੈ। ਕੇਂਦਰ ਦੀ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵੱਲੋਂ ਲਿਆਂਦੇ ਇਹਨਾਂ ਕਾਨੂੰਨਾਂ ਖ਼ਿਲਾਫ਼ ਪੰਜਾਬ ਤੋਂ ਸ਼ੁਰੂ ਹੋਇਆ ਸੰਘਰਸ਼ ਦੇਸ਼ ਪੱਧਰ ਉੱਤੇ ਫੈਲ ਚੁੱਕਾ ਹੈ। ਇਸ ਸੰਘਰਸ਼ ਦੇ ਹੱਕ ਵਿੱਚ ਕੈਨੇਡਾ ਦੇ ਸੂਬੇ ਮੌਂਟਰੀਅਲ ਦੇ ਸ਼ਹਿਰ ਲਾਸਾਲ ਅੰਦਰ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਸਮਰਥਕ ਨੌਜਵਾਨਾਂ-ਵਿਦਿਆਰਥੀਆਂ ਵੱਲੋਂ ਵਿਸ਼ਾਲ ਰੋਸ ਰੈਲੀ ਅਤੇ ਪੈਦਲ ਮਾਰਚ ਕੀਤਾ ਗਿਆ। ਸੈਂਕੜਿਆਂ ਦੀ ਗਿਣਤੀ ਵਿੱਚ ਪੁੱਜੇ ਪਰਵਾਸੀ ਪੰਜਾਬੀਆਂ ਖਾਸਕਰ ਬਹੁਗਿਣਤੀ ਨੌਜਵਾਨਾਂ-ਵਿਦਿਆਰਥੀਆਂ ਦੇ ਹੱਥਾਂ ਵਿੱਚ ਮੋਦੀ ਹਕੂਮਤ ਖ਼ਿਲਾਫ਼ ਲਿਖੀਆਂ ਵੱਖ-ਵੱਖ ਸਲੋਗਨਾਂ ਦੀਆਂ 400 ਤਖ਼ਤੀਆਂ ਤੇ ਕਿਸਾਨ ਯੂਨੀਅਨ ਦੇ ਦਰਜਨਾਂ ਝੰਡੇ ਫੜੇ ਹੋਏ ਸਨ। ਇਸ ਸਮੇਂ ਇਕੱਤਰ ਸੈਂਕੜੇ ਲੋਕਾਂ ਨੂੰ ਪੰਜਾਬ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਵਰਚੁਅਲੀ ਸੰਬੋਧਨ ਕੀਤਾ। ਉਹਨਾਂ ਕਿਹਾ ਕਿ ਦੇਸ਼ ਦੇ ਲੋਕ ਸਾਂਝੇ ਮੰਚ ਤੇ ਇਕੱਠੇ ਹੋ ਕੇ ਤਿੰਨ ਕਾਨੂੰਨਾਂ ਖ਼ਿਲਾਫ਼ ਲੰਮਾ ਮੋਰਚਾ ਲਾ ਕੇ ਲੜ ਰਹੇ ਹਨ। ਉਹਨਾਂ ਕਿਹਾ ਕਿ ਜਿੱਤ ਤੱਕ ਇਹ ਸੰਘਰਸ਼ ਹਰ ਹੀਲੇ ਜਾਰੀ ਰਹੇਗਾ। ਉਹਨਾਂ ਦੇਸ਼ ਦੇ ਕਿਸਾਨਾਂ ਦੇ ਹੱਕ ਵਿੱਚ ਦੁਨੀਆਂ ਭਰ ਵਿੱਚੋਂ ਅਵਾਜ਼ ਬੁਲੰਦ ਕਰ ਰਹੇ ਵਿਦੇਸ਼ੀ ਵਸਦੇ ਪੰਜਾਬੀਆਂ ਦਾ ਧੰਨਵਾਦ ਕੀਤਾ।
ਇਸ ਸਮੇਂ ਇਨਕਲਾਬੀ-ਨੌਜਵਾਨ ਵਿਦਿਆਰਥੀ ਮੰਚ ਦੇ ਸਾਬਕਾ ਆਗੂ ਮਨਦੀਪ ਨੇ ਕਿਹਾ ਕਿ ਮੋਦੀ ਹਕੂਮਤ ਵੱਲੋਂ ਲਿਆਂਦੇ ਤਿੰਨ ਕਾਨੂੰਨ ਦੇਸੀ-ਵਿਦੇਸ਼ੀ ਕਾਰਪੋਰੇਟ ਘਰਾਣਿਆਂ ਅਤੇ ਸੰਸਾਰ ਵਪਾਰ ਸੰਸਥਾਂ ਦੁਆਰਾ ਦਿਸ਼ਾ ਨਿਰਦੇਸ਼ਤ ਹਨ। ਉਹਨਾਂ ਕਿਹਾ ਕਿ ਪਹਿਲਾਂ ਸਾਮਰਾਜੀ ਬਹੁਕੌਮੀ ਕਾਰਪੋਰੇਸ਼ਨਾਂ ਖੇਤੀ ਇਨਪੁਟਸ ਤੇ ਕੰਟਰੋਲ ਕਰਦੀਆ ਸਨ ਪਰ ਹੁਣ ਸਾਮਰਾਜੀ ਕੰਪਨੀਆਂ ਮਨੌਪਲੀ ਕਾਇਮ ਕਰਕੇ ਆਊਟਪੁੱਟ ਤੇ ਵੀ ਕੰਟਰੋਲ ਕਰਨ ਦੇ ਮਨਸੂਬੇ ਧਾਰੀ ਬੈਠੀਆਂ ਹਨ। ਉਹ ਸਬਸਿਡੀ ਖਤਮ ਕਰਨਾ ਚਾਹੁੰਦੇ ਹਨ। ਪੰਜਾਬ 'ਚ ਲੈਂਡ ਸ਼ਾਇਦ ਵੱਡਾ ਹੈ। ਅਡਵਾਂਸ ਮੰਡੀ ਸਿਸਟਮ ਹੈ। ਇਨਫਰਾਸਟਰਕਚਰ ਬਣਿਆ ਹੋਇਆ ਹੈ। ਇਸ ਲਈ ਉਹਨਾਂ ਦੀ ਭਾਰਤੀ ਮੰਡੀ ਤੇ ਅੱਖ ਹੈ। ਮੋਦੀ ਹਕੂਮਤ ਨੇ 24 ਮਾਰਚ ਨੂੰ ਲੌਕਡਾਊਨ ਲਾਉਣ ਤੋਂ ਫੌਰੀ ਬਾਅਦ 26 ਮਾਰਚ 2020 ਨੂੰ ਖੇਤੀ ਮਾਰਕੀਟ ਸੁਧਾਰਾਂ ਦੇ ਨਾਂ 'ਤੇ ਸਰਕਾਰੀ ਮੰਡੀਆਂ ਦੀ ਥਾਂ ਪ੍ਰਾਈਵੇਟ ਮੰਡੀਆਂ ਬਣਾਉਣ ਦੀ ਮਨਜ਼ੂਰੀ ਦੇ ਕੇ ਦੇਸੀ-ਵਿਦੇਸ਼ੀ ਐਗਰੋਬਿਜਨਸ ਕੰਪਨੀਆਂ ਨੂੰ ਫ਼ਸਲਾਂ ਖ਼ਰੀਦਣ ਦੀ ਖੁੱਲ੍ਹ ਦੇ ਦਿੱਤੀ ਹੈ ਅਤੇ ਇਨ੍ਹਾਂ ਕੰਪਨੀਆਂ ਵੱਲੋਂ ਆਪਣੀ ਮਨਮਰਜ਼ੀ ਨਾਲ ਖੇਤੀ ਕਰਾਉਣ ਲਈ ਜ਼ਮੀਨ ਠੇਕੇ 'ਤੇ ਲੈ ਕੇ ਵੱਡੇ ਫਾਰਮ ਬਣਾ ਕੇ 'ਠੇਕਾ ਖੇਤੀ ਕਾਨੂੰਨ-2018' ਪਹਿਲਾਂ ਹੀ ਪਾਸ ਕਰਾਇਆ ਹੋਇਆ ਹੈ।
ਭਾਰਤੀ ਕਾਰਪੋਰੇਟ ਘਰਾਣਿਆਂ ਕੋਲ ਸਾਮਰਾਜੀ ਐਗਰੋਬਿਜਨਸ ਕੰਪਨੀਆਂ ਵਾਂਗ ਇੰਫਰਾਸਟਰਕਚਰ, ਤਕਨੀਕ ਅਤੇ ਪੂੰਜੀ ਨਹੀਂ ਹੈ। ਇਸ ਕਰ ਕੇ ਉਹ ਸਾਮਰਾਜੀ ਐਗਰੋਬਿਜਨਸ ਕੰਪਨੀਆਂ ਦੇ ਭਾਈਵਾਲ ਬਣ ਕੇ ਇਸ ਕਾਰੋਬਾਰ ਵਿਚੋਂ ਅਥਾਹ ਮੁਨਾਫ਼ੇ ਕਮਾਉਣ ਦੀ ਝਾਕ ਰੱਖਦੇ ਹਨ ਅਤੇ ਭਾਰਤ ਨੂੰ 'ਇਕ ਦੇਸ਼, ਇਕ ਮੰਡੀ' ਦੇ ਸੰਕਲਪ ਨੂੰ ਅੰਤਰਰਾਸ਼ਟਰੀ ਮੰਡੀ ਨਾਲ ਜੋੜ ਕੇ ਵਾਅਦਾ ਵਪਾਰ ਰਾਹੀਂ ਸੱਟੇਬਾਜ਼ੀ ਕਰ ਕੇ ਸੁਪਰ ਮੁਨਾਫ਼ੇ ਕਮਾਉਣਾ ਲੋਚਦੇ ਹਨ।ਨੌਜਵਾਨ ਆਗੂ ਵਰੁਣ ਖੰਨਾ, ਖੁਸ਼ਪਾਲ ਗਰੇਵਾਲ਼ ਤੇ ਅਮਿਤੋਜ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਹਕੂਮਤ 'ਇਕ ਮੰਡੀ ਇਕ ਦੇਸ਼' ਦੀ ਨੀਤੀ ਤਹਿਤ ਇਸਨੂੰ ਦੇਸੀ-ਵਿਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਵੇਚਣ ਤੇ ਤੁਲੀ ਹੋਈ ਹੈ। ਉਹਨਾਂ ਕਿਹਾ ਕਿ ਦੇਸ਼ ਦਾ ਕਿਸਾਨ ਤਾਂ ਪਹਿਲਾਂ ਹੀ ਕਰਜੇ ਤੇ ਖੁਦਕਸ਼ੀਆਂ ਦਾ ਸ਼ਿਕਾਰ ਹੈ ਉੱਤੋਂ ਇਹ ਕਾਨੂੰਨ ਲਿਆਕੇ ਸਰਕਾਰ ਉਹਨਾਂ ਦੀ ਮੌਤ ਦੇ ਵਾਰੰਟ ਜਾਰੀ ਕਰ ਰਹੀ ਹੈ। ਉਹਨਾਂ ਕਿਹਾ ਕਿ ਨਵ-ਉਦਾਰਵਾਦੀ ਨੀਤੀਆਂ ਭਾਰਤ ਵਰਗੇ 'ਵਿਕਾਸ਼ਸੀਲ਼' ਅਤੇ ਪਛੜੇ ਦੇਸ਼ਾਂ ਦੇ ਖੇਤੀ ਅਰਥਚਾਰੇ ਲਈ ਘਾਤਕ ਹਨ।
ਇਸ ਮੌਕੇ ਪੰਜਾਬੀ ਗਾਇਕ ਕੰਵਰ ਗਰੇਵਾਲ਼ ਨੇ ਆਪਣੇ ਵਰਚੂਅਲ ਸੰਬੋਧਨ 'ਚ ਕਿਹਾ ਕਿ ਪੰਜਾਬ ਦੇ ਲੋਕ ਹੌਂਸਲੇ ਤੇ ਏਕੇ ਨਾਲ ਮੋਰਚੇ ਉੱਤੇ ਡਟੇ ਹੋਏ ਹਨ। ਵਿਦੇਸ਼ੀ ਵਸਦੇ ਪੰਜਾਬੀਆਂ ਨੂੰ ਝੂਠੀਆਂ ਅਫ਼ਵਾਹਾਂ ਤੋਂ ਦੂਰ ਰਹਿਕੇ ਸੰਘਰਸ਼ੀਲ ਲੋਕਾਂ ਤੇ ਭਰੋਸਾ ਰੱਖਣਾ ਚਾਹੀਦਾ ਹੈ। ਉਹਨਾਂ ਰੈਲੀ 'ਚ ਸ਼ਾਮਲ ਲੋਕਾਂ ਦਾ ਧੰਨਵਾਦ ਕੀਤਾ। ਗੁਰੂਦੁਆਰਾ ਨਾਨਕ ਦਰਬਾਰ, ਲਾਸਾਲ ਦੇ ਪ੍ਰਧਾਨ ਭਾਈ ਹਰਜੀਤ ਸਿੰਘ ਬਾਜਵਾ ਨੇ ਸੰਘਰਸ਼ਸ਼ੀਲ ਕਿਸਾਨਾਂ ਦੀ ਭਾਈਚਾਰਕ ਸਾਂਝ ਤੇ ਸਰਬੱਤ ਦੇ ਭਲੇ ਲਈ ਮਰ ਮਿੱਟਣ ਦੀ ਰੂਹਾਨੀ ਤਾਕਤ ਦੀ ਸ਼ਲਾਘਾ ਕੀਤੀ। ਉਹਨਾਂ ਸਮੂਹ ਸੰਗਤ ਨੂੰ ਕਿਸਾਨ ਸੰਘਰਸ਼ ਦੇ ਹੱਕ ਵਿੱਚ ਹਾਅ ਦਾ ਨਾਹਰਾ ਮਾਰਨ ਦੀ ਬੇਨਤੀ ਕੀਤੀ। ਇਸ ਸਮੇਂ ਨੌਜਵਾਨ ਹਰਿੰਦਰ ਸਿੰਘ ਸੰਧੂ ਤੇ ਅਮਨਦੀਪ ਸਿੰਘ ਨੇ ਸਮੁੱਚੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ।