- ਸਰਕਾਰ ਦੀ ਕਿਸੇ ਵੀ ਚਾਲ ਨੂੰ ਸਫ਼ਲ ਨਹੀਂ ਹੋਣ ਦਿਆਂਗੇ
ਨਵੀ ਦਿੱਲੀ, 11 ਦਸੰਬਰ 2020 – ਸਿੰਘੂ-ਬਾਰਡਰ 'ਤੇ ਪੱਕਾ-ਮੋਰਚਾ ਲਾ ਕੇ ਬੈਠੇ ਕਿਸਾਨਾਂ 'ਤੇ ਪੁਲਿਸ ਵੱਲੋਂ ਕਰੋਨਾ ਨਿਯਮਾਂ ਦੀ ਉਲੰਘਣਾ ਦੇ ਨਾਂਅ ਹੇਠ ਦਰਜ਼ ਕੀਤੇ ਪਰਚਿਆਂ ਨੂੰ ਸਰਕਾਰੀ ਜ਼ਬਰ ਕਰਾਰ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਸੂਬਾ- ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਕੇਂਦਰ- ਸਰਕਾਰ ਵੱਲੋਂ ਕਿਸਾਨਾਂ 'ਤੇ ਜ਼ਬਰੀ ਠੋਸੇ 3 ਖੇਤੀ-ਕਾਨੂੰਨਾਂ, ਬਿਜ਼ਲੀ ਸੋਧ ਬਿਲ-2020 ਅਤੇ ਪਰਾਲੀ ਸਬੰਧੀ ਆਰਡੀਨੈਂਸ ਰੱਦ ਕਰਵਾਉਣ ਲਈ ਦੇਸ਼-ਭਰ ਦੇ ਕਿਸਾਨ ਲੰਮੇ ਸਮੇਂ ਤੋਂ ਸੰਘਰਸ਼ ਦੇ ਰਾਹ ਹਨ।
ਦਿੱਲੀ-ਅੰਦੋਲਨ ਨੂੰ ਫੇਲ੍ਹ ਕਰਨ ਲਈ ਸਰਕਾਰਾਂ ਵੱਲੋਂ ਵੱਖਰੀਆਂ-ਵੱਖਰੀਆਂ ਚਾਲਾਂ ਖੇਡੀਆਂ ਗਈਆਂ, ਪਰ ਕਾਮਯਾਬ ਨਹੀਂ ਹੋਈਆਂ। ਹਰਿਆਣਾ ਦੀ ਖੱਟਰ-ਸਰਕਾਰ ਵੱਲੋਂ ਜਮਹੂਰੀ ਢੰਗ ਰਾਹੀਂ ਦਿੱਲੀ ਵੱਲ ਵਧਦੇ ਕਿਸਾਨਾਂ 'ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ, ਲਾਠੀਚਾਰਜ ਕੀਤਾ ਗਿਆ ਅਤੇ ਕੇਸ ਦਰਜ਼ ਕੀਤੇ ਗਏ। ਫਿਰ ਦਿੱਲੀ ਪਹੁੰਚਣ 'ਚ ਕਾਮਯਾਬ ਹੋਏ ਕਿਸਾਨਾਂ ਨੂੰ 'ਅਖੌਤੀ-ਪ੍ਰਬੰਧਾਂ' ਦਾ ਢੌਂਗ ਰਚ ਕੇ ਬੁਰਾੜੀ ਦੇ ਮੈਦਾਨ 'ਚ ਡੱਕਣ ਦੀ ਕੋਸ਼ਿਸ਼ ਕੀਤੀ ਗਈ, ਪਰ ਕਿਸਾਨ ਹਰ ਚੁਣੌਤੀ ਦਾ ਸਾਹਮਣਾ ਸੱਚ, ਸਬਰ ਅਤੇ ਸੰਘਰਸ਼ ਰਾਹੀਂ ਦਿੰਦੇ ਰਹੇ।
ਹੁਣ ਸਿੰਘੂ-ਬਾਰਡਰ 'ਤੇ ਬੈਠੇ ਕਿਸਾਨਾਂ 'ਤੇ ਕਰੋਨਾ ਸਬੰਧੀ ਨਿਯਮਾਂ ਦੇ ਉਲੰਘਣਾ ਦੇ ਨਾਂਅ ਹੇਠ ਐਫ ਆਈ ਆਰ ਦਰਜ ਕੀਤੀ ਗਈ ਹੈ। ਜਗਮੋਹਨ ਸਿੰਘ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਕਰ ਦੇਵੇ, ਤਾਂ ਉਹ ਕਿਉਂ ਇਕੱਠ ਕਰਨਗੇ?? ਕਿਸਾਨਾਂ ਸਮੇਤ ਵੱਖ-ਵੱਖ ਵਰਗਾਂ ਦੀ ਰੋਜ਼ੀ-ਰੋਟੀ ਖੋਹੀ ਜਾ ਰਹੀ ਹੈ, ਤਾਂ ਲੋਕ ਸੜਕਾਂ 'ਤੇ ਉਤਰਨਗੇ ਹੀ, ਅਜਿਹੇ ਪਰਚਿਆਂ ਨਾਲ ਅੰਦੋਲਨ ਝੁਕੇਗਾ ਨਹੀਂ, ਸਗੋਂ ਹੋਰ ਤੇਜ਼ ਹੋਵੇਗਾ।
ਜਗਮੋਹਨ ਸਿੰਘ ਨੇ ਕਿਹਾ ਕਿ ਇਸ ਸਭ ਵਰਤਾਰੇ ਲਈ ਕੇਂਦਰ ਸਰਕਾਰ ਦਾ ਧੌਂਸ ਭਰਿਆ ਰਵੱਈਆ ਜਿੰਮੇਵਾਰ ਹੈ, ਪਹਿਲਾਂ ਕਿਸਾਨਾਂ 'ਤੇ ਜ਼ਬਰੀ ਕਾਨੂੰਨ ਠੋਸੇ ਗਏ, ਫਿਰ ਸੋਧਾਂ ਦਾ ਹਵਾਲਾ ਦਿੰਦਿਆਂ ਉਲਝਾਉਣ ਦੀ ਕੋਸ਼ਿਸ਼ ਕੀਤੀ, ਜੋ ਕਾਮਯਾਬ ਨਹੀਂ ਹੋਈ। ਬੁਰਜ਼ਗਿੱਲ ਨੇ ਕਿਹਾ ਕਿ ਜਦੋਂ ਕੇਂਦਰ-ਸਰਕਾਰ ਨੇ ਇਹ ਮੰਨ ਹੀ ਲਿਆ ਹੈ ਕਿ ਇਹ ਕਿਸਾਨਾਂ ਲਈ ਨਹੀਂ, ਸਗੋਂ ਵਪਾਰੀਆਂ ਲਈ ਹਨ, ਤਾਂ ਸਰਕਾਰ ਕਿਸਾਨਾਂ 'ਤੇ ਇਹ ਕਾਨੂੰਨ ਕਿਉਂ ਜ਼ਬਰੀ ਨੋਸ ਰਹੀ ਹੈ? ਅਜਿਹੀ ਕਿਹੜੀ ਮਜ਼ਬੂਰੀ ਹੈ, ਜੋ ਸਰਕਾਰ ਵਿਸ਼ਾਲ ਲੋਕ-ਰੋਹ ਦੇ ਬਾਵਜੂਦ ਕਾਨੂੰਨ ਰੱਦ ਨਹੀਂ ਕਰ ਰਹੀ?
ਸਪੱਸ਼ਟ ਹੈ ਕਿ ਦੇਸੀ-ਵਿਦੇਸ਼ੀ ਕਾਰਪੋਰੇਟ-ਘਰਾਣਿਆਂ ਦੇ ਹਿੱਤ ਪਾਲਣ ਲਈ ਇਹ ਕਾਨੂੰਨ ਲਿਆਂਦੇ ਗਏ ਸਨ। ਜਗਮੋਹਨ ਸਿੰਘ ਨੇ ਕਿਹਾ ਕਿ ਸੁਪਰੀਮ-ਕੋਰਟ 'ਚ ਪਾਈ ਰਿਟ-ਪਟੀਸ਼ਨ ਦਾ ਸੰਘਰਸਸ਼ੀਲ ਕਿਸਾਨ-ਜਥੇਬੰਦੀਆਂ ਨਾਲ ਕੋਈ ਸਬੰਧ ਨਹੀਂ ਹੈ, ਇਹ ਕੋਈ ਫਰਜ਼ੀ ਖੜ੍ਹੀ ਕੀਤੀ ਕਿਸਾਨ-ਜਥੇਬੰਦੀ ਹੈ, ਸੰਘਰਸਸ਼ੀਲ ਕਿਸਾਨ-ਜਥੇਬੰਦੀਆਂ ਸੰਘਰਸ਼ ਰਾਹੀਂ ਹੀ ਮਸਲੇ ਹੱਲ ਕਰਵਾਉਣਗੀਆਂ। ਭਾਜਪਾ ਵੱਲੋਂ ਖੇਤੀਬਾੜੀ ਬਿੱਲਾਂ ਦੇ ਫਾਇਦਿਆਂ ਬਾਰੇ ਦੱਸਣ ਲਈ ਦੇਸ਼ ਭਰ 'ਚ 700 ਪ੍ਰੈੱਸ ਕਾਨਫਰੰਸਾਂ ਤੇ 700 ਚੌਪਲਾਂ ਕੀਤੇ ਜਾਣ ਸਬੰਧੀ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਉੱਤਰੀ ਭਾਰਤ ਸਮੇਤ ਦੇਸ਼-ਭਰ 'ਚ ਲੋਕ-ਮਨਾਂ ਅੰਦਰ ਭਾਜਪਾ ਪ੍ਰਤੀ ਗੁੱਸੇ ਦੀ ਲਹਿਰ ਹੈ। ਪੰਜਾਬ ਵਿੱਚ ਤਾਂ ਲੋਕ ਭਾਜਪਾ ਆਗੂਆਂ ਨੂੰ ਪਿੰਡਾਂ 'ਚ ਵੜਨ ਨਹੀਂ ਦਿੰਦੇ, ਅਜਿਹੇ 'ਚ ਢੌਂਗ ਰਚਦਿਆਂ ਭਾਜਪਾ ਲੋਕਾਂ ਨੂੰ ਜੋ ਅਖ਼ੌਤੀ-ਫਾਇਦੇ ਗਿਣਾਉਣਾ ਚਾਹੁੰਦੀ ਹੈ, ਉਹ ਲੋਕ ਪਹਿਲਾਂ ਹੀ ਨਕਾਰ ਚੁੱਕੇ ਹਨ।