- ਦੋਨਾਂ ਇਲਾਕੇ ਵਿੱਚੋਂ ਸੰਤ ਸੀਚੇਵਾਲ ਦਿੱਲੀ ਨੂੰ ਤੋਰ ਰਹੇ ਹਨ ਜੱਥੇ
- ਮੋਰਚਾ ਚੱਲਣ ਤੱਕ ਲੰਗਰਾਂ ਦੀ ਸੇਵਾ ਕਰਨ ਦਾ ਫੈਸਲਾ
- ਸੀਚੇਵਾਲ ਦੇ ਸਰਪੰਚ ਨੇ ਮੁੱਖ ਸਟੇਜ ਤੋਂ ਕਿਸਾਨਾਂ ਨੂੰ ਕੀਤਾ ਸੰਬੋਧਨ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 7 ਦਸੰਬਰ 2020 - ਦਿੱਲੀ ਵਿੱਚ ਕਿਸਾਨਾਂ ਨੇ ਸਿੰਘੂਪੁਰ ਬਾਰਡਰ ‘ਤੇ ਲਾਏ ਮੋਰਚੇ ਵਿੱਚ ਦੋਨਾਂ ਇਲਾਕੇ ਦੇ ਪਿੰਡਾਂ ਵੱਲੋਂ ਦੋ ਥਾਵਾਂ ‘ਤੇ ਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਹੈ। ਇੰਨ੍ਹਾਂ ਵਿੱਚ ਕੌਮਾਂਤਰੀ ਖਿਡਾਰੀਆਂ ਦੀ ਵੱਡੀ ਭੂਮਿਕਾ ਹੈ। ਦੋਨਾ ਦੇ ਦਰਜਨ ਭਰ ਪਿੰਡਾਂ ਤੋਂ ਦਿੱਲੀ ਕਿਸਾਨ ਮੋਰਚੇ ਲਈ ਸੁੱਕਾ ਰਾਸ਼ਨ ਲਿਜਾਣ ਵਾਲੇ ਜੱਥਿਆਂ ਨੂੰ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਰੋਜ਼ਾਨਾ ਤੋਰ ਰਹੇ ਹਨ। ਦੋਨਾ ਪਿੰਡਾਂ ਵਿੱਚੋਂ ਜੱਥੇਬੰਦਕ ਢੰਗ ਨਾਲ ਨੌਜਵਾਨਾਂ ਦੀ ਲਾਮਬੰਦੀ ਕੀਤੀ ਜਾ ਰਹੀ ਹੈ। ਦਿੱਲੀ ਕਿਸਾਨ ਮੋਰਚਾ ਜਿਹੜਾ ਸਿੰਘੂਪੁਰ ਤੇ ਕੁੰਡਲੀ ਬਾਰਡਰ ‘ਤੇ ਜਿੱਥੋਂ ਮੋਰਚੇ ਦੀਆਂ ਟਰਾਲੀਆਂ ਖੜੀਆਂ ਹੋਣੀਆਂ ਸ਼ੁਰੂ ਹੁੰਦੀਆਂ ਹਨ ਉਥੇ ਹੀ ਸੀਚੇਵਾਲ ਦੀਆਂ ਸੰਗਤਾਂ ਨੇ ਚਾਹ ਪਕੌੜਿਆਂ ਦਾ ਲੰਗਰ ਲਾਇਆ ਗਿਆ ਹੈ। ਇਸ ਤੋਂ ਅੱਗੇ ਜਾ ਕੇ ਕੌਮਾਂਤਰੀ ਕੱਬਡੀ ਖਿਡਾਰੀਆਂ ਨੇ ਵਿਲੱਖਣ ਸੇਵਾ ਸ਼ੁਰੂ ਕੀਤੀ ਹੋਈ ਹੈ। ਉਥੇ ਕਿਸਾਨਾਂ ਨੂੰ ਲੰਗਰ ਛਕਾਉਂਦੇ ਹਨ ਉਥੇ ਉਨ੍ਹਾਂ ਲਈ ਨਿੱਤ ਵਰਤੋਂ ਦਾ ਸਮਾਨ ਵੀ ਮੁਫਤ ਮਹੁੱਈਆ ਕਰਵਾਉਂਦੇ ਹਨ। ਇਹ ਨੌਜਵਾਨਾਂ ਨੇ ਕਿਸਾਨਾਂ ਲਈ ਚੱਪਲਾਂ, ਟੂਥ ਬੁਰਸ਼, ਸਾਬਣ ਤੇ ਹੋਰ ਸਮਾਨ ਦਿੱਤਾ ਜਾ ਰਿਹਾ ਹੈ।
ਕੱਬਡੀ ਖਿਡਾਰੀਆਂ ਮੰਗੀ ਬੱਗਾ, ਟੋਨੀ ਰੁੜਕਾ ਕਲਾਂ, ਸੁਖ ਭੰਗਲ, ਗਗਨ ਜੱਸੋਵਾਲ, ਮਨਜਿੰਦਰ ਸਿੰਘ ਸੀਚੇਵਾਲ, ਕੰਤਾ ਪਾਸਲਾ, ਵਾਹਿਗੁਰੂ ਸੀਚੇਵਾਲ, ਗੱਗੂ ਬੜਾ ਪਿੰਡ, ਯੋਧਾ ਸੁਰਖਪੁਰ, ਜੋਤਾ ਮਹਿਮਦਪੁਰ ਤੇ ਕੱਬਡੀ ਕੋਚ ਹਰਨੇਕ ਸਿੰਘ ਤੇ ਪ੍ਰਭਵਜੋਤ ਸਿੰਘ ਜਹਾਜ਼ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ 30 ਨਵੰਬਰ ਨੂੰ ਆ ਗਈ ਸੀ। ਇੱਥੇ ਦਰਜਨ ਭਰ ਖਿਡਾਰੀ ਆਪਣਾ ਸਾਰਾ ਕੰਮ ਧੰਦਾ ਛੱਡ ਕੇ ਇਸ ਮੋਰਚੇ ਵਿੱਚ ਆਏ ਹਨ ਤਾਂ ਜੋ ਕਿਸਾਨਾਂ ਦੀ ਸੇਵਾ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਦੀ ਹੋਂਦ ਦੀ ਲੜਾਈ ਲੜੀ ਜਾ ਰਹੀ ਹੈ। ਦੋਨਾ ਇਲਾਕੇ ਦੇ ਪਿੰਡ ਸੀਚੇਵਾਲ, ਤਲਵੰਡੀ, ਮਾਧੋ, ਚੱਕ ਚੇਲਾ, ਅਹਿਮਦਪੁਰ, ਨਿਹਾਲੂਵਾਲ, ਸ਼ੇਰਪੁਰ ਦੋਨਾ, ਸੋਹਲ ਖਾਲਸਾ, ਮਾਲੇ, ਸਮੇਤ ਹੋਰ ਪਿੰਡਾਂ ਵਿੱਚੋਂ ਰੋਜ਼ਾਨਾ ਜੱਥੇ ਦਿੱਲੀ ਜਾ ਰਹੇ ਹਨ। ਇੰਨ੍ਹਾਂ ਨੌਜਵਾਨਾਂ ਦਾ ਕਹਿਣਾ ਸੀ ਕਿ ਉਹ ਉਦੋਂ ਤੱਕ ਦਿੱਲੀ ਵਿੱਚ ਡਟੇ ਰਹਿਣਗੇ ਜਦੋਂ ਤੱਕ ਇਹ ਮੋਰਚਾ ਚੱਲੇਗਾ।
ਪਿੰਡ ਸੀਚੇਵਾਲ ਦੇ ਸਰਪੰਚ ਤੇਜਿੰਦਰ ਸਿੰਘ ਵੀ ਆਪਣੇ ਜੱਥੇ ਸਮੇਤ ਦਿੱਲੀ ਪਹੁੰਚੇ। ਉਥੇ ਸਿੰਘੂਪੁਰ ਬਾਰਡਰ ਤੋਂ ਸਰਪੰਚ ਤੇਜਿੰਦਰ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਵੀ ਕੀਤਾ। ਤੇਜਿੰਦਰ ਸਿੰਘ ਨੇ ਐਨ.ਆਰ.ਆਈਜ਼ ਭਾਰਵਾਂ ਦਾ ਧੰਨਵਾਦ ਕੀਤਾ ਕਿ ਉਹ ਕਿਸਾਨ ਮੋਰਚੇ ਲਈ ਡਾਢੇ ਫਿਕਰਮੰਦ ਹਨ। ਉਨ੍ਹਾਂ ਪੰਜਾਬ ਵਿੱਚ ਕਿਸਾਨਾਂ ਦੀ ਮੱਦਦ ਵਾਸਤੇ ਭੇਜੇ ਜਾ ਰਹੇ ਜੱਥਿਆਂ ਲਈ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਸੰਤ ਲੀਡਰ ਸਿੰਘ ਦਾ ਧੰਨਵਾਦ ਕੀਤਾ ਕਿ ਦੋਵੇਂ ਧਾਰਮਿਕ ਸਖਸ਼ੀਅਤਾਂ ਹਮੇਸ਼ਾਂ ਕਿਸਾਨੀ ਨਾਲ ਖੜਦੀਆਂ ਆ ਰਹੀਆਂ ਹਨ।