ਅਸ਼ੋਕ ਵਰਮਾ
ਚੰਡੀਗੜ੍ਹ, 9ਅਪਰੈਲ2021:ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਬੀਤੇ ਦਿਨ ਕੇਂਦਰ ਸਰਕਾਰ ਦੁਆਰਾ ਫਾਸਫੇਟ ਖਾਦਾਂ ਦੇ ਰੇਟਾਂ ਵਿੱਚ ਕੀਤੇ ਗਏ ਭਾਰੀ 58% ਵਾਧੇ ਦੀ ਸਖ਼ਤ ਨਿੰਦਾ ਕਰਦਿਆਂ ਇਹ ਵਾਧਾ ਵਾਪਸ ਲੈਣ ਦੀ ਮੰਗ ਕੀਤੀ ਗਈ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਇਸ ਸਬੰਧੀ ਜਾਰੀ ਕੀਤੇ ਗਏ ਸਾਂਝੇ ਪ੍ਰੈਸ ਬਿਆਨ ਅਨੁਸਾਰ ਪਹਿਲਾਂ ਹੀ ਸਾਮਰਾਜੀ ਕੰਪਨੀਆਂ ਨੂੰ ਅੰਨ੍ਹੇ ਮੁਨਾਫਿਆਂ ਦੀ ਖੁੱਲ੍ਹੀ ਛੁੱਟੀ ਕਾਰਨ ਫਸਲੀ ਲਾਗਤ ਖਰਚੇ ਬੇਹੱਦ ਵਧੇ ਹੋਏ ਹਨ। ਪ੍ਰੰਤੂ ਐਮ ਐਸ ਪੀ ਬਹੁਤ ਘਾਟੇਵੰਦੇ ਦਿੱਤੇ ਜਾ ਰਹੇ ਹਨ। ਘਾਟਿਆਂ ਦੇ ਇਸ ਪਾੜੇ ਕਾਰਨ ਹੀ ਕਿਸਾਨ ਨਾ-ਸਹਿਣਯੋਗ ਕਰਜਿਆਂ ਦੇ ਬੋਝ ਹੇਠ ਦੱਬੇ ਹੋਏ ਖੁਦਕੁਸ਼ੀਆਂ ਦਾ ਸ਼ਿਕਾਰ ਬਣ ਰਹੇ ਹਨ।
ਖਾਦਾਂ ਦੇ ਰੇਟਾਂ ‘ਚ ਇਸ ਲੱਕਤੋੜ ਵਾਧੇ ਨਾਲ ਫਸਲੀ ਲਾਗਤ ਖਰਚੇ ਹੋਰ ਵੀ ਅਸਮਾਨੀਂ ਚੜ੍ਹਨਗੇ, ਜੋ ਕਿਸਾਨੀ ਕਰਜ਼ਿਆਂ ਤੇ ਖੁਦਕੁਸ਼ੀਆਂ ‘ਚ ਵਾਧੇ ਦਾ ਸਬੱਬ ਬਣਨਗੇ। ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਕੱਲ੍ਹ 10 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਨ ਦੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾਣ। ਉਹਨਾਂ ਨੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਵੇਚਣਯੋਗ ਸਾਰੀ ਕਣਕ ਸਰਕਾਰੀ ਮੰਡੀਆਂ ਵਿੱਚ ਹੀ ਪਹੁੰਚਾਈ ਜਾਵੇ।ਅਤੇ ਪ੍ਰਾਈਵੇਟ ਮੰਡੀਆਂ ਜਾਂ ਸੈਲੋ ਗੋਦਾਮਾਂ ਵਿੱਚ ਕਣਕ ਸਿੱਧੀ ਬਿਲਕੁਲ ਨਾ ਲਿਜਾਈ ਜਾਵੇ। ਉਨ੍ਹਾਂ ਕਿਹਾ ਕਿ ਕਿਉਂਕਿ ਪਹਿਲਾਂ ਐਫ ਸੀ ਆਈ ਦੁਆਰਾ ਖਰੀਦ ਕੇ ਇਨ੍ਹਾਂ ਗੋਦਾਮਾਂ ਵਿੱਚ ਸਿੱਧੀ ਸਟੋਰ ਕੀਤੀ ਜਾਂਦੀ ਸੀ ਪ੍ਰੰਤੂ ਹੁਣ ਸਿੱਧੀ ਇੱਥੇ ਕਣਕ ਲਿਜਾਣੀ ਕੇਂਦਰ ਦੇ ਕਾਲੇ ਖੇਤੀ ਕਾਨੂੰਨਾਂ ਦੇ ਲਾਗੂ ਹੋਣ ਦਾ ਸਬੱਬ ਬਣੇਗੀ।
ਕਿਸਾਨ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਮੰਡੀਆਂ ‘ਚ ਪਹੁੰਚੀ ਕਣਕ ਦਾ ਦਾਣਾ ਦਾਣਾ ਮਿਥੇ ਹੋਏ ਐਮ ਐਸ ਪੀ 'ਤੇ ਖਰੀਦ ਕਰਵਾਉਣ ਲਈ ਵੀ ਮੰਡੀਆਂ ਵਿੱਚ ਥਾਂ ਥਾਂ ਮੋਰਚੇ ਲਾਏ ਜਾਣਗੇ। ਦਿੱਲੀ ਬਾਰਡਰਾਂ ਤੋਂ ਇਲਾਵਾ ਡਗਰੂ (ਮੋਗਾ) ਸੈਲੋ ਗੋਦਾਮ ਸਮੇਤ ਅਡਾਨੀ ਅੰਬਾਨੀ ਤੇ ਹੋਰ ਸਾਮਰਾਜੀ ਕੰਪਨੀਆਂ ਦੇ ਕਾਰੋਬਾਰਾਂ ਤੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਪੱਕੇ ਮੋਰਚੇ ਲਗਾਤਾਰ ਜਾਰੀ ਹਨ। ਕਣਕ ਦੀ ਵਾਢੀ ਦੇ ਚਲਦਿਆਂ ਔਰਤਾਂ ਇਨ੍ਹਾਂ ਮੋਰਚਿਆਂ ਦੀ ਕਮਾਂਡ ਸੰਭਾਲ ਚੁੱਕੀਆਂ ਹਨ।