ਅਸ਼ੋਕ ਵਰਮਾ
ਬਠਿੰਡਾ, 26 ਦਸੰਬਰ 2020 - ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੱਜ ਬਠਿੰਡਾ ’ਚ ਖੇਤੀ ਕਾਨੂੰਨਾਂ ਦੀ ਵਕਾਲਤ ਕੀਤੀ। ਉਹਨਾਂ ਆਖਿਆ ਕਿ ਪ੍ਰਧਾਨ ਮੰਤਰੀ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਇਹ ਬਿੱਲ ਲਿਆਂਦੇ ਹਨ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਸ਼ੁੱਕਰਵਾਰ ਦੀਆਂ ਘਟਨਾਵਾਂ ਲਈ ਕਾਂਗਰਸ ਨੂੰ ਕਸੂਰਵਾਰ ਵੀ ਦੱਸਿਆ। ਉਹਨਾਂ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਗਏ ਫੈਸਲੇ ਕਿਸਾਨਾਂ ਦੇ ਹਿੱਤਾਂ ’ਚ ਹਨ, ਪ੍ਰੰਤੂ ਸਿਆਸੀ ਲੋਕਾਂ ਨੇ ਕਿਸਾਨ ਜੱਥੇਬੰਦੀਆਂ ਨੂੰ ਸਿਆਸੀ ਮੁਫਾਦ ਖਾਤਰ ਗੁੰਮਰਾਹ ਕਰਨਾ ਸ਼ੁਰੂ ਕੀਤਾ ਹੋਇਆ ਹੈ। ਉਹਨਾਂ ਕਿਹਾ ਕਿ ਬਿੱਲਾਂ ਪ੍ਰਤੀ ਸ਼ੰਕਿਆਂ ਨੂੰ ਦੂਰ ਕਰਨ ਲਈ ਗੱਲਬਾਤ ਕੀਤੀ ਸੀ ਫਿਰ ਵੀ ਕਿਸਾਨ ਇਹਨਾਂ ਨੂੰ ਵਾਪਿਸ ਲੈਣ ਦੀ ਮੰਗ ਕਰ ਰਹੇ ਹਨ।
ਉਹਨਾਂ ਕਿਸਾਨਾਂ ਨੂੰ ਇਹ ਜਿੱਦ ਛੱਡਣ ਦੀ ਸਲਾਹ ਵੀ ਦਿੱਤੀ। ਉਹਨਾ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ 9 ਕਰੋੜ ਕਿਸਾਨਾਂ ਦੇ ਖਾਤੇ ’ਚ 18 ਹਜ਼ਾਰ ਕਰੋੜ ਰੁਪਏ ਇੱਕ ਕਲਿੱਕ ਕਰਕੇ ਪਾ ਦਿੱਤੇ ਹਨ ਜੋ ਉਹਨਾਂ ਦੇ ਖੇਤੀ ਪ੍ਰਤੀ ਨੇਕਨੀਅਤੀ ਦਾ ਸਬੂਤ ਹੈ।ਉਹਨਾਂ ਕਿਹਾ ਕਿ ਬਠਿੰਡਾ ਦੀ ਘਟਨਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਕਾਨੂੰਨ ਵਿਵਸਥਾ ਦੀ ਪੋਲ ਖੋਹਲਣ ਲਈ ਕਾਫੀ ਹੈ।ਸ਼ੁੱਕਰਵਾਰ ਦੇ ਹਮਲੇ ਨੂੰ ਸਾਜਿਸ਼ ਦਾ ਹਿੱਸਾ ਕਰਾਰ ਦਿੰਦਿਆਂ ਭਾਜਪਾ ਆਗੂ ਨੇ ਦੋਸ਼ ਲਾਇਆ ਕਿ ਇਸ ਪਿੱਛੇ ਕਾਂਗਰਸ ਦਾ ਵੀ ਪੂਰਾ ਪੂਰਾ ਹੱਥ ਹੈ। ਉਹਨਾਂ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਥਿਤੀ ਸਾਫ ਕਰਨ ਕਿ ਉਹ ਵਿਰੋਧੀ ਧਿਰਾਂ ਨੂੰ ਡਰਾ ਧਮਕਾ ਕੇ ਉਹਨਾਂ ਦੀ ਜੁਬਾਨ ਕਿਓਂ ਬੰਦ ਕਰਵਾਉਣਾ ਚਾਹੁੰਦੇ ਹਨ।
ਉਹਨਾਂ ਆਖਿਆ ਕਿ ਹਾਲਾਤ ਕਿਹੋ ਜਿਹੇ ਵੀ ਹੋਣ ਉਹ ਡਰਨ ਵਾਲੇ ਨਹੀਂ ਅਤੇ ਹਰ ਮੁਸ਼ਕਲ ਦਾ ਡਟ ਕੇ ਸਾਹਮਣਾ ਕੀਤਾ ਜਾਏਗਾ। ਉਹਨਾਂ ਕਿਸਾਨਾਂ ਦੀ ਆੜ ’ਚ ਸਮਾਗਮਾਂ ’ਚ ਵਿਘਨ ਪਾਉਣ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ। ਪੱਤਰਕਾਰਾਂ ਨੂੰ ਸਪੱਸ਼ਟ ਜਵਾਬ ਦੇਣ ਦੀ ਥਾਂ ਸੂਬਾ ਪ੍ਰਧਾਨ ਉਲਝਦੇ ਹੋਏ ਦਿਖਾਈ ਦਿੱਤੇ। ਪੱਤਰਕਾਰਾਂ ਵੱਲੋਂ ਨਾਂ ਚਾਹੁਣ ਦੇ ਬਾਵਜੂਦ ਧੱਕੇ ਨਾਲ ਲਾਗੂ ਕੀਤੇ ਜਾ ਰਹੇ ਕਾਨੂੰਨਾਂ ਬਾਰੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਹ ਕਾਨੂੰਨ ਸਾਰੇ ਦੇਸ਼ ਦੇ ਸੰਦਰਭ ’ਚ ਹੈ। ਜਦੋਂ ੳਹਨਾਂ ਨੂੰ ਸਾਰੇ ਦੇਸ਼ ਦੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਬਾਰੇ ਦੱਸਿਆ ਤਾਂ ਉਹਨਾਂ ਜਵਾਬ ਦੇਣ ਦੀ ਥਾਂ ਗੇਂਦ ਪ੍ਰਧਾਨ ਮੰਤਰੀ ਦੇ ਪਾਲੇ ’ਚ ਰੋਹੜਦਿਆਂ ਕਿਹਾ ਕਿ ਜੋ ਵੀ ਕਿਸਾਨਾਂ ਦੇ ਹਿੱਤ ’ਚ ਹੈ ਉਹ ਪ੍ਰਧਾਨ ਮੰਤਰੀ ਕਰਨ ਨੂੰ ਤਿਆਰ ਹਨ। ਪ੍ਰੈੱਸ ਕਾਨਫਰੰਸ ਦੌਰਾਨ ਭਾਜਪਾ ਸਰਕਾਰ ਵੱਲੋਂ ਚਲਾਈਆਂ ਗਈਆਂ ਜਨ ਧਨ ਯੋਜਨਾ ਆਦਿ ਸਕੀਮਾਂ ਦੇ ਸੋਹਲੇ ਗਾਏ।
ਸੂਬਾ ਪ੍ਰਧਾਨ ਨੇ ਸਮਾਗਮ ਦੌਰਾਨ ਹੋਏ ਜਖਮੀਆਂ ਦਾ ਹਾਲ ਚਾਲ ਪੁੱਛਿਆ ਅਤੇ ਉਹਨਾਂ ਨੂੰ ਹੌਂਸਲਾ ਦਿੱਤਾ। ਉਹਨਾਂ ਹੋਟਲ ’ਚ ਅੱਜ ਦੇ ਸੀਨੀਅਰ ਆਗੂਆਂ ਅਤੇ ਪਾਰਟੀ ਵਰਕਰਾਂ ਨਾਲ ਮੀਟਿੰਗ ਵੀ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਪ੍ਰਾਪਤੀਆਂ ਨੂੰ ਲੋਕਾਂ ਵਿਚ ਲਿਜਾਣ ਲਈ ਕਿਹਾ। ਇਸ ਮੌਕੇ ਜਿਲਾ ਪ੍ਰਧਾਨ ਵਿਨੋਦ ਬਿੰਟਾ, ਮੋਹਨ ਲਾਲ ਗਰਗ, ਅਸ਼ੋਕ ਭਾਰਤੀ, ਅਸ਼ੋਕ ਬਾਲਿਆਂਵਾਲੀ, ਉਮੇਸ਼ ਸ਼ਰਮਾ,ਵਰਿੰਦਰ ਸ਼ਰਮਾ ਅਤੇ ਸਾਬਕਾ ਡਿਪਟੀ ਮੇਅਰ ਗੁਰਿੰਦਰਪਾਲ ਕੌਰ ਮਾਂਗਟ ਆਦਿ ਹਾਜਰ ਸਨ।