- ਗੋਹਾ ਸੁੱਟਣ ਵਾਲੇ ਨੌਜਵਾਨਾਂ ਨੇ ਕਿਹਾ ਕਿਸਾਨ ਹੋਣ ਨਾਤੇ ਕੀਤਾ ਸੀ ਸੂਦ ਦਾ ਵਿਰੋਧ
ਹੁਸ਼ਿਆਰਪੁਰ, 8 ਜਨਵਰੀ 2021 - ਬੀਤੇ ਦਿਨੀਂ ਹੁਸ਼ਿਆਰਪੁਰ ਵਿਖੇ ਭਾਜਪਾ ਆਗੂ ਤੀਕਸ਼ਣ ਸੂਦ ਦੇ ਘਰ ਗੋਹਾ ਸੁੱਟਣ ਦਾ ਮਸਲਾ ਕਾਫ਼ੀ ਭਖਿਆ ਰਿਹਾ। ਜਿਸ ਉੱਤੇ ਟਿੱਪਣੀ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਇਕ ਇੰਟਰਵਿਊ ਰਾਹੀਂ ਕਿਹਾ ਕਿ "ਉਨ੍ਹਾਂ ਨੇ 307 ਦਾ ਪਰਚਾ ਰੱਦ ਕਰਵਾ ਦਿੱਤਾ ਹੈ ਅਤੇ ਐਫ.ਆਈ.ਆਰ. ਕੱਟਣ ਵਾਲੇ ਐੱਸ.ਐੱਚ.ਓ. ਦੀ ਬਦਲੀ ਕਰ ਦਿੱਤੀ ਗਈ ਹੈ।
ਏ.ਐੱਨ.ਆਈ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਭਾਜਪਾ ਆਗੂ ਦੇ ਘਰ ਗੋਹਾ ਸੁੱਟਣ ਵਾਲੇ ਲੋਕ ਕਿਸਾਨ ਆਗੂ ਨਹੀਂ ਬਲਕਿ ਦਲ ਖ਼ਾਲਸਾ ਦੇ ਕੁਝ ਲੋਕ ਸਨ। ਉਨ੍ਹਾਂ ਇਹ ਵੀ ਕਿਹਾ ਕਿ ਜਦ ਦਲ ਖ਼ਾਲਸਾ ਦੇ ਕਾਰਕੁਨ ਗੋਹੇ ਨਾਲ ਭਰੀ ਟਰਾਲੀ ਤੀਕਸ਼ਣ ਸੂਦ ਦੇ ਘਰ ਬੈਕ ਕਰ ਰਹੇ ਸਨ ਤਾਂ ਤੀਕਸ਼ਣ ਸੂਦ ਦਾ ਚੌਕੀਦਾਰ ਟਰਾਲੀ ਅੱਗੇ ਲੰਮੇ ਪੈ ਗਿਆ। ਆਪਣੇ ਬਿਆਨ ਵਿੱਚ ਕੈਪਟਨ ਅਮਰਿੰਦਰ ਸਿੰਘ ਸਾਫ ਇਹ ਕਹਿੰਦੇ ਦਿਖਾਈ ਦਿੱਤੇ ਹਨ ਕਿ ਬੇਸ਼ੱਕ ਟਰਾਲੀ ਚੌਕੀਦਾਰ ਦੇ ਉੱਤੇ ਚੜ੍ਹਾਈ ਨਹੀਂ ਗਈ ਪਰ ਦਲ ਖ਼ਾਲਸਾ ਦੇ ਕਾਰਕੁਨ ਟਰਾਲੀ ਨੂੰ ਬਿਲਕੁੱਲ ਚੌਕੀਦਾਰ ਦੇ ਕਰੀਬ ਲੈ ਗਏ"।
ਕੈਪਟਨ ਅਮਰਿੰਦਰ ਸਿੰਘ ਦੇ ਇਸ ਬਿਆਨ ਨੂੰ ਗੋਹਾ ਸੁੱਟਣ ਵਾਲੇ 'ਸਿੱਖ ਯੂਥ ਆਫ ਪੰਜਾਬ' ਦੇ ਨੌਜਵਾਨਾਂ ਨੇ ਗ਼ਲਤ ਕਰਾਰ ਦਿੱਤਾ। ਸਿੱਖ ਯੂਥ ਆਫ ਪੰਜਾਬ ਦੇ ਜਨਰਲ ਸਕੱਤਰ ਗੁਰਨਾਮ ਸਿੰਘ ਮੂਨਕਾਂ, ਗੁਰਪ੍ਰੀਤ ਸਿੰਘ ਖੁੱਡਾ ਅਤੇ ਪਰਮਜੀਤ ਸਿੰਘ ਮੰਡ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਵੀਡੀਓ ਵਿੱਚ ਇਹ ਗੱਲ ਸਾਫ ਵੇਖੀ ਜਾ ਸਕਦੀ ਹੈ ਕੋਈ ਵੀ ਵਿਅਕਤੀ ਟਰਾਲੀ ਅੱਗੇ ਲੰਮਾ ਨਹੀਂ ਪਿਆ ਬਲਕਿ ਜਦ ਉਹ ਸਾਰੀ ਕਾਰਵਾਈ ਨੂੰ ਅੰਜਾਮ ਦੇ ਰਹੇ ਸਨ ਤਾਂ ਕੋਈ ਵੀ ਭਾਜਪਾ ਵਰਕਰ ਜਾਂ ਤੀਕਸ਼ਣ ਸੂਦ ਦਾ ਚੌਕੀਦਾਰ ਟਰਾਲੀ-ਟਰੈਕਟਰ ਦੇ ਨੇਡ਼ੇ ਤੇਡ਼ੇ ਵੀ ਨਹੀਂ ਸੀ। ਉਨ੍ਹਾਂ ਕਿਹਾ ਕਿ ਬੇਸ਼ੱਕ ਉਹ ਕਿਸਾਨ ਆਗੂ ਨਹੀਂ ਹਨ ਪਰ ਉਨ੍ਹਾਂ ਨੇ ਇਹ ਸਾਰੀ ਕਾਰਵਾਈ ਇਕ ਕਿਸਾਨ ਹੋਣ ਨਾਤੇ ਕੀਤੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਉਨ੍ਹਾਂ ਉੱਤੇ ਲੱਗੀਆਂ ਧਾਰਾਵਾਂ ਨੂੰ ਪੁਲੀਸ ਪ੍ਰਸ਼ਾਸਨ ਨੇ ਰੱਦ ਕਰਨ ਦਾ ਭਰੋਸਾ ਦਿੱਤਾ ਹੈ ਪਰ ਸੂਬੇ ਦੇ ਮੁੱਖ ਮੰਤਰੀ ਵੱਲੋਂ ਅਜਿਹਾ ਗਲਤ ਬਿਆਨ ਦੇਣਾ ਕਿਸੇ ਵੀ ਹਾਲਤ ਵਿੱਚ ਜਾਇਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਸਾਰੀ ਦੁਨੀਆ ਪੜ੍ਹਦੀ ਸੁਣਦੀ ਹੈ ਅਤੇ ਅਜਿਹੀ ਬਿਆਨਬਾਜ਼ੀ ਕਰਨ ਨਾਲ ਸਮਾਜ ਵਿੱਚ ਗ਼ਲਤ ਧਾਰਨਾ ਫੈਲਦੀ ਹੈ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਆਪਣੇ ਸੂਤਰਾਂ ਤੋਂ ਲਈ ਗਈ ਜਾਣਕਾਰੀ ਨੂੰ ਦਰੂਸਤ ਕਰਨ ਤਾਂ ਜੋ ਦੁਨੀਆਂ ਸਾਹਮਣੇ ਸਹੀ ਗੱਲ ਆ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਭਾਵਨਾ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਸੀ ਬਲਕਿ ਕਿਸਾਨਾਂ ਵਿਰੁੱਧ ਗਲਤ ਬਿਆਨਬਾਜ਼ੀ ਕਰ ਰਹੇ ਭਾਜਪਾ ਆਗੂ ਨੂੰ ਸ਼ਾਂਤਮਈ ਢੰਗ ਨਾਲ ਚਿਤਾਵਨੀ ਦੇਣਾ ਸੀ ਤਾਂ ਜੋ ਉਹ ਕਿਸਾਨਾਂ ਖਿਲਾਫ਼ ਭੱਦੀ ਸ਼ਬਦਾਵਲੀ ਨਾ ਵਰਤਣ। ਜ਼ਿਕਰਯੋਗ ਹੈ ਕਿ ਭਾਜਪਾ ਆਗੂ ਤੀਕਸ਼ਣ ਸੂਦ ਨੇ ਇਹ ਬਿਆਨ ਦਿੱਤਾ ਸੀ ਕਿ "ਕਿਸਾਨ ਦਿੱਲੀ ਪਿਕਨਿਕ ਮਨਾਉਣ ਜਾ ਰਹੇ ਹਨ" ਜਿਸ ਦੇ ਵਿਰੋਧ ਵਜੋਂ ਕੁਝ ਨੌਜਵਾਨਾਂ ਨੇ ਭਾਜਪਾ ਆਗੂ ਦੇ ਘਰ ਗੋਹੇ ਦੀ ਟਰਾਲੀ ਸੁੱਟ ਦਿੱਤੀ ਸੀ।