ਅਸ਼ੋਕ ਵਰਮਾ
ਨਵੀਂ ਦਿੱਲੀ, 2 ਦਸੰਬਰ 2020 - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਆਖਿਆ ਹੈ ਕਿ ਮੋਦੀ ਸਰਕਾਰ ਗੱਲਬਾਤ ਨੂੰ ਹਥਿਆਰ ਬਣਾਕੇ ਕਿਸਾਨਾਂ ਨੂੰ ਹੰਭਾਉਣ ਦਾ ਭਰਮ ਪਾਲੀ ਬੈਠੀ ਹੈ। ਉਹਨਾਂ ਆਖਿਆ ਕਿ ਇਹ ਹਕੂਮਤ ਨੂੰ ਭੁਲੇਖਾ ਹੈ ਕਿਉਂਕਿ ਕਿਸਾਨ ਆਪਣੀ ਪੂਰੀ ਤਾਕਤ ਨਾਲ ਦਮ ਰੱਖ ਕੇ ਸ਼ਾਂਤਮਈ ਢੰਗ ਨਾਲ ਖੇਤੀ ਕਾਨੂੰਨ ਵਾਪਿਸ ਕਰਵਾਉਣ ਆਏ ਹਨ । ਉਹਨਾਂ ਆਖਿਆ ਕਿ ਸਰਕਾਰ ਜੋ ਮਰਜੀ ਪੈਂਤੜੇ ਅਖਤਿਆਰ ਕਰ ਲਵੇ ਕਿਸਾਨ ਖਾਲੀ ਹੱਥ ਘਰਾਂ ਨੂੰ ਨਹੀਂ ਪਰਤਣਗੇ। ਉਗਰਾਹਾਂ ਅੱਜ ਦਿੱਲੀ ਲਾਗੇ ਟਿਕਰੀ ਬਾਰਡਰ ਲਾਗੇ ਮੁੱਖ ਸੜਕ ‘ਤੇ ਲੱਗੇ ਮੋਰਚੇ ‘ਚ ਜੁੜੇ ਕਿਸਾਨਾਂ ਤੇ ਕਿਸਾਨ ਔਰਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਹਨਾਂ ਆਖਿਆ ਕਿ ਪੰਜਾਬ ਤੋਂ ਬਾਅਦ ਹੁਣ ਇਹ ਸੰਘਰਸ਼ ਹਰਿਆਣਾ, ਰਾਜਸਥਾਨ ਤੇ ਯੂਪੀ ਸਮੇਤ ਮੁਲਕ ਦੇ ਕਿਸਾਨਾਂ ਦੀ ਲੜਾਈ ਬਣ ਚੁੱਕਿਆ ਹੈ ਜਿਸਨੂੰ ਕੌਮਾਂਤਰੀ ਪੱਧਰ ‘ਤੇ ਵੀ ਜੋਰਦਾਰ ਹਮਾਇਤ ਮਿਲ ਰਹੀ ਹੈ।
ਉਹਨਾਂ ਆਖਿਆ ਕਿ ਮੋਦੀ ਹਕੂਮਤ ਨੂੰ ਕੰਧ ‘ਤੇ ਲਿਖੀ ਇਸ ਹਕੀਕਤ ਨੂੰ ਜਲਦੀ ਤੋਂ ਜਲਦੀ ਸਵੀਕਾਰ ਕਰ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ,ਯੂ ਪੀ, ਮੱਧ ਪ੍ਰਦੇਸ਼ ਤੇ ਉੜੀਸਾ ਸਮੇਤ ਮੁਲਕ ਭਰ ‘ਚੋਂ ਕਿਸਾਨਾਂ ਦੇ ਜਥੇ ਰੋਜਾਨਾਂ ਆ ਰਹੇ ਹਨ ਜਦੋਂਕਿ ਦਿੱਲੀ ਦੇ ਵੱਖ-ਵੱਖ ਵਰਗ ਕਿਸਾਨ ਅੰਦੋਲਨ ਦੇ ਹੱਕ ’ਚ ਖਲੋ ਗਏ ਹਨ। ਉਹਨਾਂ ਆਖਿਆ ਕਿ ਅਹਿਮ ਗੱਲ ਹੈ ਕਿ ਹੁਣ ਤਾਂ ਕਿਸਾਨਾਂ ਦੀ ਇਸ ਜੰਗ ਦੇ ਪੱਖ ’ਚ ਵਿਦੇਸ਼ਾਂ ਅੰਦਰ ਵੀ ਰੋਸ ਮੁਜਾਹਰੇ ਕੀਤੇ ਜਾ ਰਹੇ ਹਨ।
ਉਹਨਾਂ ਆਖਿਆ ਕਿ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਸਮੇਂ ਕੇਂਦਰੀ ਮੰਤਰੀਆਂ ਵੱਲੋਂ ਕਮੇਟੀ ਬਣਾਕੇ ਕਾਨੂੰਨਾਂ ਦੀ ਸਮੀਖਿਆ ਕਰਨ ਲਈ ਲਿਆਂਦੀ ਤਜਵੀਜ ਇੱਕਜੁਟ ਹੋ ਕੇ ਰੱਦ ਕਰਨ ਦੇ ਕਦਮ ਨਾਲ ਮੋਰਚੇ ‘ਚ ਡਟੇ ਲੋਕਾਂ ਦੇ ਹੌਸਲੇ ਹੋਰ ਬੁਲੰਦ ਹੋਏ ਹਨ। ਉਹਨਾਂ ਆਖਿਆ ਕਿ ਮੋਦੀ ਸਰਕਾਰ ਕਿਸਾਨ ਜਥੇਬੰਦੀਆਂ ਨਾਲ ਬਿਨਾਂ ਠੋਸ ਤਜਵੀਜ ਭੇਜੇ ।
ਉਹਨਾਂ ਕਿਹਾ ਕਿ ਵਾਰ ਵਾਰ ਮੀਟਿੰਗਾਂ ਕਰਨ ਰਾਹੀਂ ਕਿਸਾਨਾਂ ਨੂੰ ਹੰਭਾਉਣ,ਥਕਾਉਣ ਤੇ ਵੰਡੀਆਂ ਪਾਉਣ ਦੇ ਮਨਸੂਬੇ ਪਾਲ ਲਾ ਰਹੀ ਹੈ ਜਿਹਨਾਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਸਪਸ਼ਟ ਕੀਤਾ ਕਿ ਉਹਨਾਂ ਵੱਲੋਂ ਕੇਂਦਰ ਸਰਕਾਰ ਸਾਹਮਣੇ ਸਿਰਫ ਇਹਨਾਂ ਕਾਨੂੰਨਾਂ ਦੀ ਲੋਕ ਵਿਰੋਧੀ ਨੀਅਤ ਉਘਾੜਨ ਦਾ ਅਮਲ ਵਾਰ ਵਾਰ ਨਹੀਂ ਦੁਹਰਾਇਆ ਜਾਵੇਗਾ। ਉਹਨਾਂ ਪੰਜਾਬ ‘ਚ ਬੈਠੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਦਿੱਲੀ ਮੋਰਚੇ ਵਿੱਚ ਸ਼ਮੂਲੀਅਤ ਕਰਨ ਲਈ ਤੋਰੀ ਲੜੀ ਨੂੰ ਹੋਰ ਮਜਬੂਤ ਤੇ ਵਿਸ਼ਾਲ ਕਰਨ। ਯੂਨੀਅਨ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਆਖਿਆ ਕਿ ਅੱਜ ਹੀ ਰਾਜਸਥਾਨ ਦੇ 14 ਪਿੰਡਾਂ ਦੇ ਕਿਸਾਨਾਂ ਦੀ ਭਰਵੀਂ ਮੀਟਿੰਗ ਸੰਗਰੀਆ ‘ਚ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਮੀਟਿੰਗ ’ਚ ਸ਼ਾਮਲ ਕਿਸਾਨ ਆਗੂਆਂ ਨੇ ਪੂਰੇ ਦਮ ਖਮ ਅਤੇ ਬੁਲੰਦ ਹੌਂਸਲੇ ਨਾਲ ਦਿੱਲੀ ਵੱਲ ਜਲਦੀ ਕੂਚ ਕਰਨ ਦਾ ਫੈਸਲਾ ਲਿਆ ਹੈ।
ਇਹਨਾਂ ਆਗੂਆਂ ਨੇ ਵੀ ਕੀਤਾ ਸੰਬੋਧਨ
ਅੱਜ ਦੇ ਇਕੱਠ ਨੂੰ ਪ੍ਸ਼ਿਸ਼ਠ ਮੰਚ ਹਰਿਆਣਾ ਦੀ ਆਗੂ ਸੁਸ਼ੀਲਾ, ਮੁਕੇਸ਼ ਖਾਸਾ , ਡਾਕਟਰ ਸੁਰੇਸ਼ ਨੰਦਨ,ਰਾਜਸਥਾਨ ਦੇ ਕਿਸਾਨ ਆਗੂ ਸੰਤਬੀਰ ਸਿੰਘ,ਸੋਪਤ ਰਾਮ ਗੰਗਾਨਗਰ, ਨਿਰਮਲ ਕੁਮਾਰ, ਹਰਿਆਣਾ ਦੇ ਆਗੂ ਪਵਨ ਸੈਣੀ ਬਹਾਦਰਗੜ, ਸੁਮੀਤ ਕਾਜਲਾ ਅਤੇ ਗੁਰਚਰਨ ਸਿਧਾਣੀ ਤੋਂ ਇਲਾਵਾ ਪੰਜਾਬ ਦੇ ਕਿਸਾਨ ਆਗੂ ਜਸਵਿੰਦਰ ਸਿੰਘ ਲੌਂਗੋਵਾਲ,ਅਮਰੀਕ ਸਿੰਘ ਗੰਢੂਆਂ, ਪੰਜਾਬ ਖੇਤ ਮਜਦੂਰ ਯੂਨੀਅਨ ਦੇ ਪ੍ਰਧਾਨ ਜੋਰਾ ਸਿੰਘ ਨਸਰਾਲੀ, ਅਮਰਜੀਤ ਸਿੰਘ ਸੈਦੋਕੇ, ਦਰਬਾਰਾ ਸਿੰਘ ਛਾਜਲਾ, ਸੁਦਾਗਰ ਸਿੰਘ ਘੁੜਾਣੀ ,ਕਰਮਜੀਤ ਕੌਰ ਭਿੰਡਰ, ਕੁਲਦੀਪ ਕੌਰ ਕੁੱਸਾ ,ਪੂਰਨ ਸਿੰਘ ਦੋਦਾ , ਭਗਤ ਸਿੰਘ ਛੰਨਾ, ਦਰਬਾਰਾ ਸਿੰਘ ਛਾਜਲਾ ਅਤੇ ਅਮਿਰਤ ਮਨਰੇਗਾ ਯੂਨੀਅਨ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਕਲਾਕਾਰਾਂ ਵੱਲੋਂ ਵੀ ਇਨਕਲਾਬ ਜਿੰਦਾਬਾਦ
ਇਸ ਮੌਕੇ ਮੁਨੀਸ਼ਾ ਦੀ ਨਿਰਦੇਸ਼ਨਾ ਹੇਠ ਵਿਦਿਆਰਥੀ ਏਕਤਾ ਮੰਚ ਹਰਿਆਣਾ ਦੇ ਕਲਾਕਾਰਾਂ ਨੇ ਇਨਕਲਾਬੀ ਗੀਤ ਗਾਏ ਅਤੇ ਇਕੱਠ ਨੂੰ ਖੇਤੀ ਕਾਨੂੰਨਾਂ ਖਿਲਾਫ ਜੰਗ ਜਾਰੀ ਰੱਖਣ ਦਾ ਸੱਦਾ ਦਿੱਤਾ । ਉੱਘੇ ਲੋਕ ਪੱਖੀ ਫਿਲਮ ਸਾਜ ਜਤਿੰਦਰ ਮੌਹਰ, ਦਸਤਾਵੇਜੀ ਫਿਲਮ ਸਾਜ ਅਤੇ ਫੋਟੋ ਆਰਟਿਸਟ ਰਣਦੀਪ ਮੱਦੋਕੇ ਵੀ ਮੌਜੂਦ ਸਨ।