ਨਵੀਂ ਦਿੱਲੀ, 3 ਜਨਵਰੀ 2021 - ਇਸ ਸਮੇਂ ਸਾਰੀ ਦੁਨੀਆਂ ਵਿੱਚ ਨਵੇਂ ਵਰ੍ਹੇ ਦੇ ਜਸ਼ਨ ਮਨਾਏ ਜਾ ਰਹੇ ਹਨ ਪਰ ਭਾਰਤੀ ਕਿਸਾਨ ਅਤੇ ਮਜ਼ਦੂਰ ਪਿਛਲੇ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ ਤੇ ਕੜਕਦੀ ਠੰਡ ਵਿੱਚ ਭਾਰਤ ਸਰਕਾਰ ਦੁਆਰਾ ਬਣਾਏ ਗਏ 3 ਕਿਸਾਨ ਐਕਟਾਂ ਦੇ ਵਿਰੋਧ ਵਿੱਚ ਡਟਿਆ ਹੋਇਆ ਹੈ । ਆਪਣੇ ਕਿਸਾਨ ਅਤੇ ਮਜ਼ਦੂਰ ਸਾਥੀਆਂ ਦਾ ਸਾਥ ਦੇਣ ਲਈ ਸਾਬਕਾ ਸਿੱਖਿਆ ਮੰਤਰੀ ਜਥੇਦਾਰ ਸੇਵਾ ਸਿੰਘ ਜੀ ਸੇਖਵਾਂ ਨੇ ਵੀ ਆਪਣੇ ਪਰਿਵਾਰ ਸਮੇਤ ਚੜ੍ਹਦੇ ਸਾਲ ਦਿੱਲੀ ਦੇ ਸਿੰਘੂ ਅਤੇ ਟਿਕਰੀ ਬਾਰਡਰ ਤੇ ਇਸ ਅੰਦੋਲਨ ਵਿਚ ਸ਼ਮੂਲੀਅਤ ਕੀਤੀ।
ਉਹਨਾਂ ਦੇ ਨਾਲ ਉਹਨਾਂ ਦੀਆਂ ਦੋਵੇਂ ਬੇਟੀਆਂ, ਬੇਟੀਆਂ ਦੇ ਬੱਚੇ, ਉਹਨਾਂ ਦਾ ਜਵਾਈ, ਉਹਨਾਂ ਦੇ ਦੋਵੇਂ ਬੇਟੇ ਤੇ ਨੂੰਹਾਂ ਅਤੇ ਸਿਰਫ 2 ਸਾਲ ਦਾ ਪੋਤਰਾ ਵੀ ਸ਼ਾਮਿਲ ਸੀ । ਉਹਨਾਂ ਕਿਹਾ ਕਿ ਬੇਸ਼ੱਕ ਸਾਡੀ ਪਾਰਟੀ ਸ਼ੁਰੂ ਤੋਂ ਹੀ ਕਿਸਾਨ ਮਜ਼ਦੂਰ ਭਰਾਵਾਂ ਦਾ ਇਸ ਅੰਦੋਲਨ ਵਿੱਚ ਸਾਥ ਦੇ ਰਹੀ ਹੈ ਪਰ ਕਿਸਾਨ ਹੋਣ ਦੇ ਨਾਤੇ ਸਾਡਾ ਵੀ ਫਰਜ਼ ਹੈ ਕਿ ਅਸੀਂ ਆਪਣੇ ਕਿਸਾਨ ਮਜ਼ਦੂਰ ਸਾਥੀਆਂ ਦਾ ਉੱਥੇ ਜਾ ਕੇ ਵੀ ਸਾਥ ਦੇਈਏ । ਇਸ ਲਈ ਸਾਰੇ ਪਰਿਵਾਰ ਸਮੇਤ ਆਪਣੇ ਫਰਜ਼ ਦੀ ਅਦਾਇਗੀ ਕੀਤੀ ਗਈ ਹੈ।
ਜਥੇਦਾਰ ਸੇਖਵਾਂ ਨੇ ਕਿਹਾ ਕਿ ਸਰਕਾਰ ਨੂੰ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਇਹ ਤਿੰਨੋਂ ਕਾਲੇ ਕਾਨੂੰਨ ਰੱਦ ਕਰਨੇ ਚਾਹੀਦੇ ਹਨ । ਕੁਝ ਨਿਜੀ ਘਰਾਣਿਆਂ ਦੇ ਨਿਜੀ ਹਿੱਤਾਂ ਨਾਲੋਂ ਇਸ ਦੇਸ਼ ਦੇ ਲੋਕਾਂ ਦੇ ਹਿੱਤ ਜ਼ਿਆਦਾ ਜ਼ਰੂਰੀ ਹਨ । ਦੇਸ਼ ਦੀ 80% ਆਬਾਦੀ ਸਿੱਧੇ ਜਾਂ ਅਸਿੱਧੇ ਤੌਰ ਤੇ ਕਿਸਾਨੀ ਤੇ ਹੀ ਨਿਰਭਰ ਕਰਦੀ ਹੈ । ਇਸ ਲਈ ਸਰਕਾਰ ਨੂੰ ਆਪਣਾ ਅੜੀਅਲ ਰਵੱਈਆ ਤਿਆਗ ਕੇ ਦੇਸ਼ ਦੇ ਅੰਨਦਾਤਾ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ ਤਾਂ ਕਿ ਕਿਸੇ ਵੱਡੀ ਅਣਹੋਣੀ ਤੋਂ ਇਸ ਦੇਸ਼ ਨੂੰ ਬਚਾਇਆ ਜਾ ਸਕੇ । ਉਹਨਾਂ ਆਸ ਕੀਤੀ ਕਿ 4 ਜਨਵਰੀ ਨੂੰ ਕਿਸਾਨਾਂ ਅਤੇ ਸਰਕਾਰ ਵਿਚਾਲੇ ਹੋਣ ਵਾਲੀ ਮੀਟਿੰਗ ਵਿੱਚ ਇਸ ਮਸਲੇ ਦਾ ਹੱਲ ਨਿਕਲੇ ਤੇ ਕਿਸਾਨ ਮਜ਼ਦੂਰ ਸਾਥੀ ਖੁਸ਼ੀ ਖੁਸ਼ੀ ਆਪਣੇ ਘਰਾਂ ਨੂੰ ਮੁੜ ਸਕਣ।
ਜਥੇਦਾਰ ਸੇਖਵਾਂ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਖੁੱਲ ਕੇ ਕਿਸਾਨ ਮਜ਼ਦੂਰਾਂ ਦਾ ਸਾਥ ਦੇਣ ਤਾਂ ਕਿ ਇਸ ਸਰਕਾਰ ਦੀਆਂ ਅੱਖਾਂ ਖੁੱਲ੍ਹ ਸਕਣ ਤੇ ਸਰਕਾਰ ਲੋਕ ਹਿੱਤ ਵੱਲ ਧਿਆਨ ਦੇਵੇ ਨਾ ਕਿ ਸਿਰਫ ਆਪਣੇ ਕਿਸੇ ਖਾਸ ਵੱਲ ।