ਅਸ਼ੋਕ ਵਰਮਾ
- ਦਿੱਲੀ ਡਟੇ ਕਿਸਾਨਾਂ ਦੀ ਸੇਵਾ ’ਚ ਜੁਟਿਆ ਗੁਰਵਿੰਦਰ
ਬਠਿੰਡਾ, 14 ਜਨਵਰੀ 2021 - ਜਦੋਂ ਜਜਬੇ ਨੇ ਹੌਂਸਲੇ ਦੀ ਉਡਾਨ ਫੜੀ ਤਾਂ ਉਸ ਨੇ ਦਿੱਲੀ ਦਾ ਰਾਹ ਫੜ ਲਿਆ ਜਿੱਥੇ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਮੋਰਚਾ ਲੱਗਿਆ ਹੋਇਆ ਹੈ। ਬਠਿੰਡਾ ਦੇ ਨੌਜਵਾਨ ਗੁਰਵਿੰਦਰ ਸ਼ਰਮਾ ਨੇ ਕਿਸਾਨਾਂ ਨੂੰ ਨਿੱਤ ਵਰਤੋਂ ਦੀਆਂ ਵਸਤਾਂ ਵੰਡਣੀਆਂ ਸ਼ੁਰੂ ਕੀਤੀਆਂ ਹੋਈਆਂ ਹਨ। ਹੁਣ ਤੱਕ ਦਿੱਲੀ ਬਾਰਡਰ ਦੇ ਚਾਰ ਚੱਕਰ ਲਾ ਚੁੱਕਿਆ ਗੁਰਵਿੰਦਰ ਕਦੇ ਬੁਰਸ਼ ਤੇ ਕਦੇ ਪੇਸਟ ਵੰਡਦਾ ਦਿਖਾਈ ਦਿੰਦਾ ਹੈ। ਉਸਨੇ ਅਵਾਜਾਂ ਮਾਰ ਮਾਰ ਸੰਘਰਸ਼ੀ ਕਿਸਾਨਾਂ ਨੂੰ ਜ਼ੁਰਾਬਾਂ ,ਟੋਪੀਆਂ, ਕੰਘੇ, ਸ਼ੀਸ਼ੇ ਅਤੇ ਹੋਰ ਲੋੜ ਵਾਲਾ ਸਮਾਨ ਵੰਡਿਆ ਹੈ। ਉਸ ਨੂੰ ਹਰ ਕਿਸਾਨ ਦੀ ਲੋੜ ਆਪਣੀ ਦਿਖਾਈ ਦਿੰਦੀ ਹੈ ਜਿਸ ਕਰਕੇ ਜਦੋਂ ਉਹ ਦਿੱਲੀ ਜਾਂਦਾ ਹੈ ਤਾਂ ਉਸ ਦੇ ਝੋਲੇ ਅਜਿਹੇ ਸਮਾਨ ਨਾਲ ਭਰੇ ਹੁੰਦੇ ਹਨ।
ਇਸ ਕੰਮ ’ਚ ਉਸ ਦੇ ਸਾਥੀ ਨੌਜਵਾਨਾਂ ਦੀ ਟੋਲੀ ਜਿਸ ’ਚ ਰਵੀ ਬਰਾੜ, ਤਲਵਿੰਦਰ ਲਾਡੀ ਅਤੇ ਭਗਤ ਸਿੰਘ ਆਦਿ ਸ਼ਾਮਲ ਹਨ। ਇਹਨਾਂ ਸਾਰਿਆਂ ਦੀ ਸੋਚ ਹੈ ਕਿ ਕਿਸੇ ਨੂੰ ਕਿਸੇ ਚੀਜ਼ ਦੀ ਤੋਟ ਨਾਂ ਆਵੇ । ਫੌਜੀ ਪਿਤਾ ਦੇ ਪੁੱਤਰ ਗੁਰਵਿੰਦਰ ’ਚ ਸਮਾਜ ਭਲਾਈ ਦਾ ਜਜਬਾ ਕੁੱਟ ਕੁੱਟ ਕੇ ਭਰਿਆ ਹੋਇਆ ਹੈ। ਉਹ ਆਖਦਾ ਹੈ ਜਮੀਰ ਜਾਗਦੀ ਹੋਵੇ ਤਾਂ ਇਕੱਲਿਆਂ ਦਾ ਕਾਫਲਾ ਵੀ ਵਕਤ ਦੇ ਝੱਖੜ ਝੋਲਿਆਂ ਨਾਲ ਟਕਰਾਉਣ ਦੀ ਹਿੰਮਤ ਰੱਖਦਾ ਹੈ। ਸਵਰਨਕਾਰ ਕਿੱਤੇ ਨਾਲ ਸਬੰਧਤ ਵਸਤਾਂ ਕੋਕੇ ਅਤੇ ਮੁੰਦਰੀਆਂ ਆਦਿ ਵੇਚਣ ਦਾ ਧੰਦਾ ਕਰਨ ਵਾਲੇ ਗੁਰਿਵਿੰਦਰ ਕੋਲ ਥੋਹੜੀ ਜਮੀਨ ਵੀ ਹੈ ਪਰ ਉਸ ਨੂੰ ਕਿਸਾਨੀ ਦੇ ਵੱਡੇ ਦਰਦਾਂ ਬਾਰੇ ਸੋਝੀ ਹੈ।
ਪਤਾ ਲੱਗਿਆ ਹੈ ਕਿ ਸੰਘਰਸ਼ ਕਰਨ ਵਾਲੇ ਕਿਸਾਨਾਂ ਨੂੰ ਸਮਾਨ ਮੁਹੱਈਆ ਕਰਵਾਉਣ ਲਈ ਉਸ ਨੇ ਕਦੀ ਕੋਈ ਪਾਈ ਪੈਸਾ ਨਹੀਂ ਲਿਆ ਹੈ । ਜੋ ਵੀ ਲੋਕ ਉਸ ਨੂੰ ਸਹਿਯੋਗ ਦਿੰਦੇ ਹਨ ਉਹਨਾਂ ਨਾਲ ਹੀ ਲੁੜੀਂਦੀਆਂ ਵਸਤਾਂ ਵੰਡ ਆਉਂਦਾ ਹੈ। ਉਹ ਦੱਸਦਾ ਹੈ ਕਿ ਹੁਣ ਤੱਕ ਉਸ ਵੱਲੋਂ ਦਾਨੀਆਂ ਦੇ ਥਾਪੜੇ ਨਾਲ ਤਰਪਾਲਾਂ, ਪੋਲੀਥੀਨ ,ਜੁਰਾਬਾਂ ਦਵਾਈਆਂ ਅਤੇ ਸੁੱਕੇ ਮੇਵਿਆਂ ਦੀ ਵੀ ਵੰਡ ਕੀਤੀ ਜਾ ਚੁੱਕੀ ਹੈ। ਉਸ ਨੇ ਦੱਸਿਆ ਕਿ ਦਿੱਲੀ ਮੋਰਚੇ ’ਚ ਜਦੋਂ ਕਿ ਕਿਸਾਨਾਂ ਵੱਲੋਂ ਉਸ ਤੋਂ ਕੋਈ ਸਮਾਨ ਮੰਗਦੇ ਹਨ ਤਾਂ ਕੋਲੇ ਨਾਂ ਹੋਣ ਕਾਰਨ ਉਹ ਸਾਰੀਆਂ ਚੀਜਾਂ ਨੋਟ ਕਰਦਾ ਰਹਿੰਦਾ ਹੈ।
ਬਠਿੰਡਾ ਪਰਤ ਕੇ ਇਹ ਸਾਰੀਆਂ ਵਸਤਾਂ ਇਕੱਤਰ ਕਰਨ ਉਪਰੰਤ ਫਿਰ ਸ਼ੁਰੂ ਹੋ ਜਾਂਦੀ ਹੈ ਦਿੱਲੀ ਦੀ ਯਾਤਰਾ। ਉਹ ਆਖਦਾ ਹੈ ਕਿ ਦਿੱਲੀ ਮੋਰਚੇ ਤੇ ਬੈਠੇ ਲੋਕਾਂ ਨੂੰ ਕਿਸੇ ਵੀ ਕਿਸਮ ਦੇ ਸਮਾਨ ਦੀ ਘਾਟ ਨਹੀਂ ਪੈਣ ਦਿੱਤੀ ਜਾਏਗੀ। ਗੁਰਵਿੰਦਰ ਨੇ ਦੱਸਿਆ ਕਿ ਸੈਂਕੜੇ ਲੋਕ ਅਜਿਹੇ ਹਨ ਜੋ ਦਿੱਲੀ ਨਹੀਂ ਜਾ ਸਕਦੇ ਪਰ ਉਹਨਾਂ ’ਚ ਸੇਵਾ ਦਾ ਜਜਬਾ ਹੋਣ ਕਰਕੇ ਉਹ ਰੋਜਾਨਾ ਲੋੜ ਵਾਲੀਆਂ ਵਸਤਾਂ ਦੇ ਦਿੰਦੇ ਹਨ।
ਨਿੱਜੀ ਸਕੂਲਾਂ ਨਾਲ ਚਰਚਾ ’ਚ ਆਇਆ ਗੁਰਵਿੰਦਰ
ਦਰਅਸਲ ਕਦੇ ਆਮ ਸ਼ਹਿਰੀਆਂ ਦੀ ਤਰਾਂ ਜਿੰਦਗੀ ਜਿਉਣ ਵਾਲਾ ਗੁਰਵਿੰਦਰ ਸ਼ਰਮਾ ਸਕੂਲ ਫੀਸਾਂ,ਫੰਡਾਂ ਅਤੇ ਮਹਿੰਗੀਆਂ ਕਿਤਾਬਾਂ ਖਰੀਦਣ ਲਈ ਮਜਬੂਰ ਕਰਨ ਖਿਲਾਫ ਚੱਲੇ ਸੰਘਰਸ਼ ਦੌਰਾਨ ਚਰਚਾ ’ਚ ਆਇਆ ਸੀ। ਇਸ ਮੌਕੇ ਉਸ ਨੈ ਪੇਰੈਂਟਸ ਐਸੋਸੀਏਸ਼ਨ ਬਣਾ ਲਈ ਅਤੇ ਸਕੂਲ ਮਾਲਕਾਂ ਦੇ ਕਥਿਤ ਜਾਬਰ ਵਤੀਰੇ ਖਿਲਾਫ ਜੰਗ ’ਚ ਕੁੱਦ ਪਿਆ। ਇਸ ਦੌਰਾਨ ਉਸ ਨੂੰ ਪੁਲਿਸ ਕੇਸਾਂ ਦਾ ਸਾਹਮਣਾ ਕਰਨਾ ਪਿਆ ਅਤੇ ਆਪਣੇ ਰਸਤੇ ਤੋਂ ਥਿੜਕਾਉਣ ਲਈ ਧਮਕੀਆਂ ਵੀ ਦਿੱਤੀਆਂ ਗਈ ਪਰ ਉਹ ਆਪਣੇ ਰਾਹ ਤੇ ਅਡੋਲ ਚੱਲਦਾ ਰਿਹਾ। ਇਸ ਪਲੇਟਫਾਰਮ ਤੋਂ ਉਸ ਨੂੰ ਹੱਕਾਂ ਖਾਤਰ ਲੜਨ ਦੀ ਹਿੰਮਤ ਅਤੇ ਸਮਾਜਸੇਵਾ ਦੀ ਐਸੀ ਚੇਟਕ ਲੱਗੀ ਜਿਸ ਤੇ ਉਹ ਹੁਣ ਤੱਕ ਅਡੋਲ ਚਲਦਾ ਆ ਰਿਹਾ ਹੈ।
ਸਾਹ ਵਗਦੇ ਤੱਕ ਤੁਰਾਂਗਾ: ਗੁਰਵਿੰਦਰ
ਇਸ ਵੇਲੇ ਗੁਰਵਿੰਦਰ ਸਹਿਯੋਗ ਵੈਲਫੇਅਰ ਕਲੱਬ ਰਾਹੀਂ ਦੀਨ ਦੁਖੀਆਂ ਦੀ ਸੇਵਾ, ਗਰੀਬ ਮਰੀਜਾਂ ਦਾ ਇਲਾਜ ਕਰਵਾਉਣ, ਲੋੜਵੰਦ ਘਰਾਂ ਦੇ ਬੱਚਿਆਂ ਨੂੰ ਬੂਟ ਕੋਟੀਆਂ ਤਾਂ ਇਲਾਵਾ ਰਾਸ਼ਨ ਆਦਿ ਵੰਡਣ ਵਰਗੇ ਕਾਰਜਾਂ ’ਚ ਵੀ ਲੱਗਾ ਹੋਇਆ ਹੈ। ਨੌਜਵਾਨ ਗੁਰਵਿੰਦਰ ਸ਼ਰਮਾ ਦਾ ਕਹਿਣਾ ਸੀ ਕਿ ਉਹ ਅਜਿਹਾ ਕਰਕੇ ਮਨੁੱਖਤਾ ਪ੍ਰਤੀ ਫਰਜ਼ ਨਿਭਾ ਰਿਹਾ ਹੈ ਕੋਈ ਅਹਿਸਾਨ ਨਹੀਂ ਕਰ ਰਿਹਾ। ਉਸ ਨੇ ਆਖਿਆ ਕਿ ਅਸਲ ’ਚ ਮਨੁੱਖੀ ਜਾਮਾਂ ਵਾਰ ਵਾਰ ਨਹੀਂ ਮਿਲਦਾ ਹੈ ਜਿਸ ਕਰਕੇ ਵੀ ਉਹ ਸਮਾਜ ਸੇਵਾ ’ਚ ਲੱਗਿਆ ਹੈ। ਉਸ ਨੇ ਆਖਿਆ ਕਿ ਜਦੋਂ ਤੱਕ ਸਾਹ ਵਗਦੇ ਹਨ ਉਹ ਇਹਨਾਂ ਰਾਹਾਂ ਤੇ ਤੁਰਦਾ ਹੀ ਰਹੇਗਾ।
ਗੁਰਵਿੰਦਰ ਵਾਲੇ ਰਾਹ ਤੇ ਤੁਰਨ ਨੌਜਵਾਨ
ਸਮਾਜਕ ਕਾਰਕੁੰਨ ਅਤੇ ਪੰਜਾਬੀ ਯੂਨੀਵਰਸਿਟੀ ਖੇਤਰੀ ਕੇਂਦਰ ਬਠਿੰਡਾ ਦੇ ਸਾਬਕਾ ਮੁਖੀ ਪ੍ਰੋਫੈਸਰ ਡਾ ਜੀਤ ਸਿੰਘ ਜੋਸ਼ੀ ਦਾ ਕਹਿਣਾ ਸੀ ਕਿ ਗੁਵਿੰਦਰ ਸ਼ਰਮਾ ਵੱਲੋਂ ਕੀਤੀ ਜਾ ਰਹੀ ਸੇਵਾ ਅਤੇ ਨਿਭਾਏ ਜਾ ਰਹੇ ਇਨਸਾਨੀ ਫਰਜ਼ ਦੀ ਸ਼ਲਾਘਾ ਕਰਨੀ ਬਣਦੀ ਹੈ । ਉਹਨਾਂ ਅਖਿਆ ਕਿ ਜਿਸ ਤਰਾਂ ਲੋਕ ਦਿੱਲੀ ਮੋਰਚੇ ’ਚ ਜਾਤ ਪਾਤ ,ਧਰਮਾਂ ਮਜਹਬਾਂ ਦੀਆਂ ਵਲਗਣਾਂ ਤੋਂ ਉੱਪਰ ਉੱਠ ਕੇ ਸੇਵਾ ਲਈ ਅੱਗੇ ਆ ਰਹੇ ਹਨ ਉਸ ਨੂੰ ਦੇਖਦਿਆਂ ਕਿਸਾਨ ਸੰਘਰਸ਼ ਦੀ ਜਿੱਤ ਤੈਅ ਹੈ। ਉਹਨਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਪੈਲੀਆਂ ਦੀ ਜਿੱਤ ਯਕੀਨੀ ਬਨਾਉਣ ਅਤੇ ਮੋਰਚੇ ਤੇ ਡਟੇ ਲੋਕਾਂ ਦਾ ਹੌਂਸਲਾ ਬੁਲੰਦ ਰੱਖਣ ਲਈ ਉਹ ਗੁਰਵਿੰਦਰ ਵਾਲੇ ਰਾਹ ਤੁਰਨ।