ਅਸ਼ੋਕ ਵਰਮਾ
ਮਾਨਸਾ, 2 ਜਨਵਰੀ 2021 - ਕੁੱਲ ਹਿੰਦ ਪ੍ਰਗਤੀਸ਼ੀਲ ਇਸਤਰੀ ਸਭਾ (ਏਪਵਾ) ਪੰਜਾਬ ਦੀ ਆਗੂ ਕਾਮਰੇਡ ਨਰਿੰਦਰ ਕੌਰ ਬੁਰਜ ਹਮੀਰਾ ਨੇ ਆਖਿਆ ਹੈ ਕਿ ਜਦੋਂ ਵੀ ਕਿਸੇ ਸੰਘਰਸ਼ ’ਚ ਔਰਤਾਂ ਨਿੱਤਰ ਕੇ ਅੱਗੇ ਆਈਆਂ ਹਨ ਤਾਂ ਲੋਕ ਲਹਿਰਾਂ ਨੂੰ ਮਜਬੂਤੀ ਅਤੇ ਜਿੱਤ ਹਾਸਲ ਹੋਈ ਹੈ। ਕਾਮਰੇਡ ਨਰਿੰਦਰ ਕੌਰ ਨੇ ਦਿੱਲੀ ਸੰਘਰਸ਼ ਨੂੰ ਜਾਣ ਵਾਲੇ ਏਪਵਾ ਦੇ ਕਾਫਲੇ ਦੀ ਅਗਵਾਈ ਕਰਦਿਆਂ ਮਾਨਸਾ ਰੇਲਵੇ ਸਟੇਸ਼ਨ ਤੇ ਆਖਿਆ ਕਿ ਔਰਤਾਂ ਲਈ ਮਾਣ ਵਾਲੀ ਗੱਲ ਹੈ ਕਿ ਉਹ ਖੇਤੀ ਕਾਨੂੰਨਾਂ ਖਿਲਾਫ ਲੜਾਈ ’ਚ ਸ਼ਾਮਲ ਹੋਣ ਲਈ ਜਾ ਰਹੀਆਂ ਹਨ। ਕੇਂਦਰੀ ਆਗੂ ਬਲਵਿੰਦਰ ਕੌਰ ਖਾਰਾ ਅਤੇ ਨਰਿੰਦਰ ਕੌਰ ਬੁਰਜ ਹਮੀਰਾ ਨੇ ਕਿਹਾ ਕਿ ਨਵਾਂ ਸਾਲ 2021 ਸੰਘਰਸ਼ਾਂ ਨੂੰ ਸਾਡੇ ਦਰਵਾਜ਼ੇ ਲੈ ਕੇ ਆਇਆ ਜਿਸ ਦਾ ਅਸੀਂ ਦੋਵੀਂ ਹੱਥੀਂ ਸਵਾਗਤ ਕਰਦੇ ਹਾਂ ਅਤੇ ਦਿੱਲੀ ਅੰਦੋਲਨ ਵਿੱਚ ਸ਼ਾਮਲ ਹੋਕੇ ਕੇਂਦਰ ਦੀ ਫਾਸ਼ੀਵਾਦੀ,ਰਾਸ਼ਟਰ ਵਿਰੋਧੀ ਸਰਕਾਰ ਨੂੰ ਕਾਲੇ ਕਾਨੂੰਨ ਰੱਦ ਕਰਵਾਉਣ ਅਤੇ ਕਦਮ ਪਿੱਛੇ ਲੈਣ ਲਈ ਮਜਬੂਰ ਕੀਤਾ ਜਾਂਦਾ ਰਹੇਗਾ।
ਉਹਨਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਦੇਸ਼ ਦਾ ਘਾਣ ਕਰਨ ਦੀ ਮਨਸ਼ਾ ਚਾਹੇ ਵਿਦੇਸ਼ੀਆਂ ਵੱਲੋਂ ਪਾਲੀ ਗਈ ਚਾਹੇ ਦੇਸ਼ ਦੇ ਹੁਕਮਰਾਨਾਂ ਨੇ ਉਦੋਂ ਹੀ ਦੇਸ਼ ਦੇ ਨਾਗਰਿਕਾਂ ਜਾਤ ,ਮਜਹਬ ਅਤ ਪਾਰਟੀਬਾਜੀ ਤੋਂ ਉਪਰ ਉੱਠ ਕੇ ਆਪਸੀ ਸਾਂਝ ਬਰਕਰਾਰ ਰੱਖਦਿਆਂ ਅਜਿਹੀ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਨੂੰ ਪਛਾੜਿਆ ਹੈ। ਉਹਨਾਂ ਕਿਹਾ ਕਿ ਖੇਤੀ ਕਾਨੂੰਨਾਂ ਨਾਲ ਜਿੱਥੇ ਜਮੀਨ ਤੇ ਕਾਰਪੋਰੇਟ ਜਗਤ ਵੱਲੋਂ ਧਾਵਾ ਬੋਲ ਕੇ ਹਰੇਕ ਵਰਗ ਨੂੰ ਰੋਟੀ ਤੋਂ ਮੁਥਾਜ ਕੀਤਾ ਜਾਵੇਗਾ ਉੱਥੇ ਔਰਤਾਂ ਨੂੰ ਵੀ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ। ਉਹਨਾਂ ਆਖਿਆ ਕਿ ਇਹਨਾਂ ਫੈਸਲਿਆਂ ਦੀ ਬਦੌਲਤ ਅਰਾਜਕਤਾ ਫੈਲੇਗੀ ਇਸ ਲਈ ਅਜਿਹਾ ਮਾਹੌਲ ਪੈਦਾ ਹੋਣ ਤੋਂ ਰੋਕਣ ਲਈ ਔਰਤਾਂ ਵੀ ਬੱਚਿਆਂ ਸਮੇਤ ਰਾਜਧਾਨੀ ਦੀਆਂ ਸੜਕਾਂ ਤੇ ਲੜਾਈ ਲੜਨਗੀਆਂ। ਇਸ ਸਮੇਂ ਵੀਨਾ ਅਗਰਵਾਲ ,ਅਰਵਿੰਦ, ਕਾਂਤਾ, ਆਰਤੀ, ਗੁਰਜੀਤ ਕੌਰ, ਮਾਇਆ ,ਪਾਲ ਕੌਰ,ਪਾਇਲ, ਰੀਨਾ,ਮਮਤਾ,ਕੋਮਲ,ਬੰਤ ਕੌਰ, ਅਨਮੋਲ ,ਜਸਮੇਲ ਕੌਰ ਅਤੇ ਸੱਤਿਆ ਦੇਵੀ ਹਾਜਰ ਸਨ।