ਮਨਿੰਦਰਜੀਤ ਸਿੱਧੂ
- ਮੋਦੀ ਸਰਕਾਰ ਕਿਸਾਨਾਂ ਅਤੇ ਜਵਾਨਾਂ ਦੋਹਾਂ ਦੀ ਦੁਸ਼ਮਣ-ਕੈਪਟਰ ਗੁਰਜਿੰਦਰ ਸਿੰਘ
ਟਿਕਰੀ ਬਾਰਡਰ/ਦਿੱਲੀ, 13 ਦਸੰਬਰ, 2020 - ਭਾਰਤ ਦੇ ਸਾਬਕਾ ਰਾਸ਼ਟਰਪਤੀ ਲਾਲ ਬਹਾਦਰ ਸ਼ਾਸਤਰੀ ਨੇ ਅਜਾਦੀ ਉਪਰੰਤ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਇਸ ਲਈ ਦਿੱਤਾ ਸੀ ਕਿ ਦੇਸ਼ ਦਾ ਕਿਸਾਨ ਦੇਸ਼ ਦੇ ਅੰਨ ਭੰਡਾਰਾਂ ਨੂੰ ਭਰਨ ਲਈ ਯੋਗਦਾਨ ਕਰ ਰਿਹਾ ਸੀ ਅਤੇ ਕਿਸਾਨ ਦਾ ਪੁੱਤਰ ਫੌਜ ਵਿੱਚ ਜਵਾਨ ਭਰਤੀ ਹੋ ਕੇ ਸਰਹੱਦਾਂ ਉੱਪਰ ਦੇਸ਼ ਦੀ ਰਾਖੀ ਕਰ ਰਿਹਾ ਸੀ।
ਜੇਕਰ ਅੱਜ ਦੀ ਗੱਲ ਕਰੀਏ ਤਾਂ ਅੱਜ ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚੋਂ ਲੱਖਾਂ ਕਿਸਾਨ ਰੋਸ ਵਜੋਂ ਦਿੱਲੀ ਦੇ ਬਾਰਡਰਾਂ ਉੱਪਰ ਕੜਾਕੇ ਦੀ ਠੰਢ ਅਤੇ ਮੀਂਹ ਵਿੱਚ ਬੈਠੇ ਹਨ। ਕੇਂਦਰ ਸਰਕਾਰ ਅਜੇ ਤੱਕ ਟਾਲ ਮਟੋਲ ਦੀ ਰਾਹ ਉੱਪਰ ਹੀ ਚੱਲ ਰਹੀ ਹੈ। ਟਿਕਰੀ ਬਾਰਡਰ ਉੱਪਰ ਭਾਰਤੀ ਜਲ ਸੈਨਾ ਵਿੱਚੋਂ ਸੇਵਾ ਮੁਕਤ ਕੈਪਟਨ ਗੁਰਜਿੰਦਰ ਸਿੰਘ ਦੀ ਅਗਵਾਈ ਵਿੱਚ ਸਾਬਕਾ ਸੈਨਿਕਾਂ ਦਾ ਵੱਡਾ ਕਾਫਲਾ ਕਿਸਾਨਾਂ ਦੇ ਘੋਲ ਦਾ ਹਮਾਇਤੀ ਬਣ ਕੇ ਉੱਥੇ ਪਹੁੰਚਿਆ ਹੈ।ਸਾਡੇ ਪ੍ਰਤੀਨਿਧੀ ਨਾਲ ਗੱਲ ਬਾਤ ਕਰਦਿਆਂ ਕੈਪਟਨ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਭਰ ਵਿੱਚ ਲੱਖਾਂ ਦੀ ਗਿਣਤੀ ਵਿੱਚ ਸਾਬਕਾ ਫੌਜੀ ਇਸ ਮੋਰਚੇ ਵਿੱਚ ਸਮੂਲੀਅਤ ਕਰਨਗੇ ਅਤੇ ਮੌਜੂਦਾ ਕਰ ਵੀ ਰਹੇ ਹਨ। ਉਹਨਾਂ ਕਿਹਾ ਕਿ ਮੋਦੀ ‘ਜੈ ਜਵਾਨ ਜੈ ਕਿਸਾਨ’ ਨਾਅਰੇ ਨੂੰ ਹੀ ਖਤਮ ਕਰਨ ਦੇ ਮਨਸੂਬੇ ਪਾਲੀ ਬੈਠਾ ਹੈ।
ਪਰ ਹੁਣ ਦੇਸ਼ ਦੇ ਸਾਬਕਾ ਸੈਨਿਕ ਦੇਸ਼ ਦੇ ਅੰਨਦਾਤੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹ ਗਏ ਹਨ, ਜੇਕਰ ਮੋਦੀ ਸਰਕਾਰ ਗੋਲੀ ਚਲਾਏਗੀ ਤਾਂ ਸਾਬਕਾ ਫੌਜੀ ਕਿਸਾਨਾਂ ਤੋਂ ਮੂਹਰੇ ਹੋ ਕੇ ਗੋਲੀਆਂ ਖਾਣਗੇ। ਉਹਨਾਂ ਕਿਹਾ ਕਿ ਮੋਦੀ ਤੋਂ ਦੇਸ਼ ਦਾ ਹਰ ਵਰਗ ਪਰੇਸ਼ਾਨ ਹੈ। ਦੇਸ਼ ਦੀ ਫੌਜ ਰਾਸ਼ਟਰਪਤੀ ਦੇ ਅਧੀਨ ਹੁੰਦੀ ਸੀ, ਪਰ ਮੋਦੀ ਨੇ ਫੌਜ ਨੂੰ ਆਪਣੇ ਅਧੀਨ ਕਰਨ ਲਈ ਇੱਕ ਨਵੀਂ ਪੋਸਟ ਸੀ.ਡੀ.ਐੱਸ( ਚੀਫ ਆਫ ਡਿਫੈਂਸ ਸਟਾਫ) ਬਣਾਈ ਹੈ, ਜੋ ਤਿੰਨਾਂ ਸੈਨਾਵਾਂ ਜਲ ਸੈਨਾ, ਵਾਯੂ ਸੈਨਾ ਅਤੇ ਥਲ ਸੈਨਾ ਦੇ ਉੱਪਰ ਹੋਵੇਗਾ ਅਤੇ ਉਹ ਸਿੱਧਾ ਪ੍ਰਧਾਨ ਮੰਤਰੀ ਨੂੰ ਰਿਪੋਰਟ ਕਰੇਗਾ।
ਹੋਰ ਤਾਂ ਹੋਰ ਪ੍ਰਧਾਨ ਮੰਤਰੀ ਨੇ ਆਪਣੇ ਚਹੇਤੇ ਜਰਨਲ ਵਿਪਨ ਰਾਵਤ ਨੂੰ ਇਸ ਕੁਰਸੀ ਉੱਪਰ ਬਿਠਾ ਦਿੱਤਾ ਹੈ ਜੋ ਮੋਦੀ ਨੂੰ ਖੁਸ਼ ਕਰਨ ਲਈ ਉਸਨੂੰ ਸਾਬਕਾ ਫੌਜੀਆਂ ਦੀ ਪੈਨਸ਼ਨਾਂ ਵਿੱਚ ਕਟੌਤੀਆਂ ਕਰਨ ਦੀਆਂ ਘਟੀਆ ਸਲਾਹਾਂ ਦੇ ਰਿਹਾ ਹੈ। ਉਹਨਾਂ ਸਮੂਹ ਸਾਬਕਾ ਸੈਨਕਾਂ ਨੂੰ ਅਪੀਲ ਕੀਤੀ ਕਿ ਇਸ ਮੋਰਚੇ ਦਾ ਵੱਧ ਤੋਂ ਵੱਧ ਸਾਥ ਦਿਓ ਕਿਉਂਕਿ ਜੇਕਰ ਇਸ ਸਰਕਾਰ ਨੂੰ ਹੁਣ ਠੱਲ੍ਹ ਨਾ ਪਾਈ ਤਾਂ ਇਹਨਾਂ ਦਾ ਅਗਲਾ ਸ਼ਿਕਾਰ ਸਾਬਕਾ ਫੌਜੀ ਹੀ ਹੋਣਗੇ। ਉਹਨਾਂ ਇਹ ਵੀ ਕਿਹਾ ਕਿ ਅਸੀਂ ਤਨ ਮਨ ਅਤੇ ਧਨ ਨਾਲ ਇਸ ਮੋਰਚੇ ਦਾ ਸਮਰਥਨ ਕਰਾਂਗੇ ਅਤੇ ਕਿਸਾਨ ਯੂਨੀਅਨਾਂ ਦੀ ਅਗਵਾਈ ਵਿੱਚ ਲੜਾਂਗੇ।