ਅਸ਼ੋਕ ਵਰਮਾ
ਨਵੀਂ ਦਿੱਲੀ, 7 ਜਨਵਰੀ 2021 - ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਹਜਾਰਾਂ ਕਿਸਾਨਾਂ ਮਜਦੂਰਾਂ ਨੇ ਟਰੈਕਟਰਾਂ ਤੇ ਸਵਾਰ ਹੋਕੇ ਸਿੰਘੂ ਬਾਰਡਰ ਕੇ,ਐਮ,ਪੀ ਹਾਈਵੇ ’ਤੇ ਵਿਸ਼ਾਲ ਟਰੈਕਟਰ ਪਰੇਡ ਮਾਰਚ ਕੀਤੀ ਗਈ ਜੋ ਕਿ 26 ਜਨਵਰੀ ਨੂੰ ਰਾਜਪੱਥ ਇੰਡੀਆ ਗੇਟ ਤੇ ਗਣਤੰਤਰ ਦਿਵਸ ਨੂੰ ਸਮਰਪਿਤ ਕੀਤੀ ਜਾਣ ਵਾਲੀ ਵਿਸ਼ਾਲ ਟਰੈਕਟਰ ਪਰੇਡ ਮਾਰਚ ਦੀ ਰਿਹਰਸਲ ਸੀ। ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਜਨਰਲ ਸਕੱਤਰ ਸਰਵਣ ਸਿੰਘ ਪੰਧੇਰ , ਮੀਤ ਪ੍ਰਧਾਨ ਸ਼ਵਿੰਦਰ ਸਿੰਘ ਚਤਾਲਾ ਅਤੇ ਜਸਬੀਰ ਸਿੰਘ ਪਿੱਦੀ ਨੇ ਕਿਹਾ ਕਿ ਮੋਦੀ ਸਰਕਾਰ 133 ਕਰੋੜ ਜਨਤਾ ਦੀ ਆਵਾਜ ਨਾ ਸੁਣਕੇ ਤਾਨਾਸ਼ਾਹਾਂ ਦੀ ਤਰਾਂ ਵਿਹਾਰ ਕਰ ਰਹੀ ਹੈ ਅਤੇ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਛਿੱਕੇ ਟੰਗ ਕੇ ਕਈ ਤਰਾਂ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ।
ਉਹਨਾਂ ਦੱਸਿਆ ਕਿ ਇੱਕ ਪਾਸੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਅਤੇ ਵਣਜ ਮੰਤਰੀ ਪਿਯੂਸ਼ ਗੋਇਲ ਕਹਿ ਰਹੇ ਹਨ ਕਿ ਦੇਸ਼ ਦੇ ਕਿਸਾਨ ਸੰਗਠਨ ਖੇਤੀ ਕਾਨੂੰਨਾਂ ਦੇ ਹੱਕ ’ਚ ਹਨ ਜਦੋਂ ਕਿ ਦੂਸਰੇ ਪਾਸੇ ਮਸਲੇ ਦੇ ਹੱਲ ਲਈ ਕਿਸਾਨ ਜੱਥੇਬੰਦੀਆਂ ਨਾਲ ਗੱਲਬਾਤ ਦਾ ਢਕਵੰਜ ਕੀਤਾ ਜਾ ਰਿਹਾ ਹੈ। ਉਹਨਾਂ ਆਖਿਆ ਕਿ ਮੰਤਰੀਆਂ ਦਾ ਇਹ ਵੀ ਕਹਿਣਾ ਹੈ ਕਿ ਅੰਦੋਲਨਕਾਰੀ ਕਿਸਾਨਾਂ ਨੂੰ ਸਰਕਾਰ ਦੀਆਂ ਭਾਵਨਾਵਾਂ ਸਮਝ ਕਿ ਅੰਦੋਲਨ ਖਤਮ ਕਰਨਾ ਚਾਹੀਦਾ ਹੈ ਜਿਸ ਤੋਂ ਸਪਸ਼ਟ ਹੈ ਕਿ ਅਜਿਹੀ ਬਿਆਨਬਾਜੀ ਕਰਕੇ ਕੇਂਦਰ ਸਰਕਾਰ ਦੋਹਰੀ ਨੀਤੀ ਤੇ ਚੱਲ ਰਿਹਾ ਹੈ।
ਆਗੂਆਂ ਨੇ ਕੇਂਦਰ ਸਰਕਾਰ ਦੀ ਨੀਅਤ ਅਤੇ ਨੀਤੀ ਵਿੱਚ ਖੋਟ ਹੋਣ ਦਾ ਦੋਸ਼ ਲਾਉਂਦਿਆਂ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ 26 ਜਨਵਰੀ ਨੂੰ ਲੱਖਾਂ ਟਰੈਕਟਰਾਂ ਉੱਤੇ ਲੱਖਾਂ ਦੀ ਗਿਣਤੀ ’ਚ ਕਿਸਾਨਾਂ ਮਜਦੂਰਾਂ ਵੱਲੋਂ ਦਿੱਲੀ ’ਚ ਦਾਖਲ ਹੋਕੇ ਰਾਜਪੱਥ ਤੇ ਟਰੈਕਟਰ ਪਰੇਡ ਮਾਰਚ ਕਰਨ ਦਾ ਐਲਾਨ ਕੀਤਾ। ਆਗੂਆਂ ਨੇ ਮੰਗ ਕੀਤੀ ਕਿ ਤਿੰਨੇ ਖੇਤੀ ਦੇ ਕਾਲੇ ਕਾਨੂੰਨ, ਬਿਜਲੀ ਸੋਧ ਬਿੱਲ 2020 ਅਤੇ ਹਵਾ ਪ੍ਰਦੂਸ਼ਣ ਆਡੀਨੈਂਸ ਤੁਰੰਤ ਰੱਦ ਕੀਤੇ ਜਾਣ। ਆਗੂਆਂ ਨੇ ਦੱਸਿਆ ਕਿ ਸਿੰਘੂ ਬਾਰਡਰ ਤੇ ਚੱਲ ਰਿਹਾ ਸੰਘਰਸ਼ ਅਧਜ 43 ਵੇਂ ਦਿਨ ’ਚ ਦਾਖਲ ਹੋ ਗਿਆ ਹੈ ਅਤੇ ਕਿਸਾਨਾਂ ਮਜਦੂਰਾਂ ’ਚ ਠੰਢੇ ਦੇ ਬਾਵਜੂਦ ਉਤਸ਼ਾਹ ਵਧਦਾ ਹੀ ਜਾ ਰਿਹਾ ਹੈ।