ਅਸ਼ੋਕ ਵਰਮਾ
ਨਵੀਂ ਦਿੱਲੀ, 22ਦਸੰਬਰ 2020:ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਅੱਜ ਟਿੱਕਰੀ ਬਾਰਡਰ ਦੇ ਰੋਹਤਕ ਬਾਈਪਾਸ ਉਪਰ ਜੁੜੇ ਇਕੱਠ ਨੇ ਵਿਸ਼ਾਲ ਰੈਲੀ ਕੀਤੀ ਜਿਸ ਨੂੰ ਲਗਪਗ ਡੇਢ ਦਰਜਨ ਬੁਲਾਰਿਆਂ ਨੇ ਸੰਬੋਧਨ ਕੀਤਾ। ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਨਾਲ ਯਕਯਹਿਤੀ ਪ੍ਰਗਟਾਉਣ ਲਈ ਪੰਜ ਆਗੂਆਂ ਵੱਲੋਂ ਦਿਨ ਭਰ ਲਈ ਭੁੱਖ ਹਡ਼ਤਾਲ ਕੀਤੀ ਗਈ। ਇਨ੍ਹਾਂ ਪੰਜ ਆਗੂਆਂ ਸਰਵ ਸ੍ਰੀ ਦਰਬਾਰਾ ਸਿੰਘ ਛਾਜਲਾ ,ਕਿਰਪਾਲ ਸਿੰਘ ਧੂਰੀ ,ਮੱਖਣ ਪਾਪੜਾ, ਮਾਣਕ ਸਿੰਘ ਥਲੇਸਾਂ ਤੇ ਜਰਨੈਲ ਸਿੰਘ ਜਵੰਧਾ ਪਿੰਡੀ ਨੂੰ ਜਥੇਬੰਦੀ ਦੇ ਸੂਬਾ ਪ੍ਰਧਾਨ ਸ੍ਰੀ ਜੋਗਿੰਦਰ ਸਿੰਘ ਉਗਰਾਹਾਂ ਨੇ ਫੁੱਲਾਂ ਦੇ ਹਾਰ ਪਾ ਕੇ ਭੁੱਖ ਹੜਤਾਲ ਉਪਰ ਬਿਠਾਇਆ। ਇਹ ਭੁੱਖ ਹਡ਼ਤਾਲ ਸਵੇਰੇ ਦੇ 10 ਵਜੇ ਤੋਂ ਸ਼ਾਮ ਦੇ 5 ਵਜੇ ਤਕ ਰੱਖੀ ਗਈ।
ਇਸ ਮੌਕੇ ਜੁੜੇ ਹਜ਼ਾਰਾਂ ਲੋਕਾਂ ਨੂੰ ਸੰਬੋਧਨ ਹੁੰਦਿਆਂ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਲੈ ਰਹੀ ਹੈ ਪਰ ਕਿਸਾਨ ਮੰਗਾਂ ਮਨਾਉਣ ਤੱਕ ਦਿੱਲੀ 'ਚ ਡਟੇ ਰਹਿਣਗੇ ਤੇ ਇਸ ਸਬਰ ਦੇ ਇਮਤਿਹਾਨ ਚੋਂ ਪਾਸ ਹੋ ਕੇ ਨਿਕਲਣਗੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਭੇਜੀ ਚਿੱਠੀ ਦੱਸਦੀ ਹੈ ਕਿ ਸਰਕਾਰ ਗੱਲਬਾਤ ਲਈ ਗੰਭੀਰ ਨਹੀਂ ਹੈ ਸਗੋਂ ਸਿਰਫ਼ ਸਮਾਂ ਲੰਘਾਉਣ ਤੇ ਲੋਕਾਂ 'ਚ ਭੰਬਲਭੂਸਾ ਪੈਦਾ ਕਰਨ ਲਈ ਅਜਿਹੀਆਂ ਚਾਲਾਂ ਚੱਲ ਰਹੀ ਹੈ।
ਉਨ੍ਹਾਂ ਮੰਚ ਤੋਂ ਐਲਾਨ ਕੀਤਾ ਕਿ ਆਉਂਦੇ ਦਿਨਾਂ ਚ ਹਰਿਆਣੇ ਦੇ ਟੌਲ ਪਲਾਜ਼ੇ ਫ੍ਰੀ ਕਰਨ ਦੇ ਐਕਸ਼ਨਾਂ 'ਚ ਪੰਜਾਬ ਤੇ ਹਰਿਆਣੇ ਦੇ ਕਿਸਾਨ ਰਲ ਕੇ ਜੁਟਣਗੇ ਤੇ ਭਾਜਪਾ ਹਕੂਮਤ ਦੇ ਭਾਈਵਾਲ ਚੌਟਾਲਾ ਪਰਿਵਾਰ ਉੱਪਰ ਦਬਾਅ ਬਣਾਉਣਗੇ। ਇਸ ਮੌਕੇ ਹਰਿਆਣੇ ਦੇ ਆਗੂਆਂ ਬੀਰੇਂਦਰ ਬੁੱਲੜ, ਗੁਰਮੀਤ ਕੈਥਲ, ਭੈਣ ਸੁਸ਼ੀਲ ਕੁਮਾਰੀ ਤੇ ਰਾਜਸਥਾਨ ਤੋਂ ਅਮਨਦੀਪ ਸਿੰਘ ਨੇ ਪੰਜਾਬ ਹਰਿਆਣਾ ਤੇ ਰਾਜਸਥਾਨ ਸਮੇਤ ਮੁਲਕ ਭਰ ਦੇ ਕਿਸਾਨਾਂ ਦੇ ਏਕੇ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਹਰਿਆਣੇ ਦੇ ਕਿਸਾਨਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਕਾਫਲਿਆਂ ਨੇ ਉਨ੍ਹਾਂ ਅੰਦਰ ਵੀ ਚੇਤਨਾ ਦੀਆਂ ਚਿਣਗਾਂ ਜਗਾ ਦਿੱਤੀਆਂ ਹਨ ਜਿਹਡ਼ੀਆਂ ਮੋਦੀ ਹਕੂਮਤ ਦੇ ਦਬਾਊ ਰਵੱਈਏ ਨਾਲ ਹੋਰ ਮਘ ਰਹੀਆਂ ਹਨ। ਸਭਨਾਂ ਸੂਬਿਆਂ ਦੇ ਕਿਸਾਨਾਂ ਦਾ ਸਾਂਝਾ ਸੰਘਰਸ਼ ਮੋਦੀ ਹਕੂਮਤ ਨੂੰ ਝੁਕਣ ਲਈ ਮਜਬੂਰ ਕਰ ਦੇਵੇਗਾ।
ਪੰਜਾਬ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਗੁਰਪਾਲ ਸਿੰਘ ਨੰਗਲ ਨੇ ਖੇਤ ਮਜ਼ਦੂਰਾਂ ਵੱਲੋਂ ਸੰਘਰਸ਼ ਦੀ ਡਟਵੀਂ ਹਮਾਇਤ ਕੀਤੀ ਤੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਵੱਲੋਂ ਪੰਜਾਬ ਅੰਦਰ ਖੇਤ ਮਜ਼ਦੂਰਾਂ ਦੀ ਲਾਮਬੰਦੀ ਕੀਤੀ ਜਾ ਰਹੀ ਹੈ ਤੇ ਜਨਤਕ ਵੰਡ ਪ੍ਰਣਾਲੀ ਦੇ ਮਸਲੇ ਨੂੰ ਵਿਸ਼ੇਸ਼ ਕਰਕੇ ਉਭਾਰਿਆ ਜਾ ਰਿਹਾ ਹੈ ਕਿਉਂਕਿ ਇਨ੍ਹਾਂ ਕਾਨੂੰਨਾਂ ਦੀ ਮਾਰ ਨੇ ਲੋਕਾਂ ਕੋਲੋਂ ਡਿੱਪੂਆਂ ਤੋਂ ਮਿਲਦਾ ਅਨਾਜ ਦਾ ਹੱਕ ਵੀ ਖੋਹ ਲੈਣਾ ਹੈ। ਉਨ੍ਹਾਂ ਦੱਸਿਆ ਕਿ ਆਉਂਦੇ ਦਿਨਾਂ 'ਚ ਖੇਤ ਮਜ਼ਦੂਰਾਂ ਦੇ ਕਾਫਲੇ ਵੀ ਇਸ ਮੋਰਚੇ ਅੰਦਰ ਭਰਵੀਂ ਸ਼ਮੂਲੀਅਤ ਕਰਨਗੇ। ਇਸ ਰੈਲੀ ਨੂੰ ਜਥੇਬੰਦੀ ਦੇ ਜ਼ਿਲ੍ਹਾ ਤੇ ਬਲਾਕ ਆਗੂਆਂ ਨੇ ਵੀ ਸੰਬੋਧਨ ਕੀਤਾ । ਰੈਲੀ ਵਿਚ ਸ਼ਾਮਲ ਔਰਤਾਂ ਦੀ ਤਰਫ਼ੋਂ ਹਰਪ੍ਰੀਤ ਕੌਰ ਜੇਠੂਕੇ ਨੇ ਆਪਣੀ ਹਾਜ਼ਰੀ ਲੁਆਈ। ਦਰਜਨ ਭਰ ਗਾਇਕਾਂ ਰਾਹੀਂ ਮੰਚ ਤੋਂ ਲੋਕ ਪੱਖੀ ਸੰਗਰਾਮੀ ਗੀਤਾਂ ਦਾ ਪ੍ਰਵਾਹ ਚੱਲਿਆ।