ਅਸ਼ੋਕ ਵਰਮਾ
ਨਵੀਂ ਦਿੱਲੀ, 2 ਜਨਵਰੀ 2021 - ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ‘ਚ ਕੜਾਕੇ ਦੀ ਠੰਢ ਦੇ ਬਾਵਜੂਦ ਪੰਜਾਬ ਦੇ ਕਿਸਾਨਾਂ ਨੇ ਹਰਿਆਣੇ ਦੀਆਂ ਸੜਕਾਂ ‘ਤੇ ਟਰੈਕਟਰ ਮਾਰਚ ਰਾਹੀਂ ਮੋਦੀ ਸਰਕਾਰ ਨੂੰ ਸੰਘਰਸ਼ ਦੀ ਗਰਮੀ ਦਿਖਾਈ। ਇਸ ਮਾਰਚ ਦੌਰਾਨ ਕਿਸਾਨਾਂ ਦੇ ਹੌਂਸਲੇ ਐਨੇ ਬੁਲੰਦ ਸਨ ਕਿ ਬਾਰਸ਼ ਦੇ ਮਾਹੌਲ ‘ਚ ਦੌਰਾਨ ਕਾਫਲੇ ‘ਚ ਡਟੇ ਲੋਕਾਂ ਦੇ ਜੂਝਣ ਇਰਾਦਿਆਂ ਦੀ ਮਿਸਾਲ ਹੋ ਨਿਬੜਿਆ। ਟਿਕਰੀ ਬਾਰਡਰ ਤੋਂ ਤੁਰਿਆ ਹਜਾਰ ਤੋਂ ਵੀ ਉੱਪਰ ਟਰੈਕਟਰਾਂ ਦਾ ਕਾਫਲਾ ਜਦੋਂ ਹਰਿਆਣੇ ਦੇ ਪਿੰਡਾਂ ਦੀਆਂ ਫਿਰਨੀਆਂ ਤੋਂ ਗੁਜ਼ਰਿਆ ਤਾਂ ਫਿਰਨੀਆਂ ‘ਤੇ ਇਕੱਠੇ ਹੋਏ ਪਿੰਡਾਂ ਦੇ ਲੋਕਾਂ ਨੇ ਨਾਅਰਿਆਂ ਦਾ ਜਵਾਬ ਅੱਗਿਓਂ ਦੁੱਗਣੇ ਰੋਹ ਤੇ ਜੋਸ਼ ਨਾਲ ਦਿੱਤਾ। ਕਾਫਲੇ ਦਾ ਸਵਾਗਤ ਕਰਨ ਵਾਲਿਆਂ ‘ਚ ਹਰਿਆਣਵੀ ਔਰਤਾਂ ਵੀ ਵੱਡੀ ਗਿਣਤੀ ‘ਚ ਨਿੱਤਰੀਆਂ ਤੇ ਰੋਸ ਪ੍ਰਗਟਾਵੇ ਦੇ ਆਪਣੇ ਰਵਾਇਤੀ ਅੰਦਾਜ਼ ਨਾਲ ਸੰਘਰਸ਼ ਦੀ ਜਨਤਕ ਰੰਗਤ ਨੂੰ ਹੋਰ ਗੂੜ੍ਹੀ ਕੀਤੀ।
ਸੰਘਰਸ਼ ਨੂੰ ਹੋਰ ਮਘਾਉਣ ਦੇ ਨਾਲ ਨਾਲ ਇਹ ਮਾਰਚ ਹਰਿਆਣੇ ਦੇ ਪੰਜਾਬੀ ਕਿਸਾਨਾਂ ਦੀ ਏਕਤਾ ਦਾ ਮੁਜ਼ਾਹਰਾ ਬਣਿਆ। ਲਗਪਗ ਵੀਹ ਪੱਚੀ ਕਿਲੋਮੀਟਰ ਚ ਫੈਲਿਆ ਇਹ ਕਾਫਲਾ ਜਿੱਥੋਂ ਦੀ ਗੁਜ਼ਰਿਆ ਹਰਿਆਣੇ ਦੇ ਲੋਕਾਂ ਨੂੰ ਧੂਹ ਪਾਉਂਦਾ ਗਿਆ। ਹਰਿਆਣੇ ਦੇ ਪਿੰਡਾਂ ‘ਚ ਕਾਫਲੇ ਦੀ ਆਓ ਭਗਤ ਲਈ ਕੀਤੇ ਹੋਏ ਇੰਤਜ਼ਾਮਾਂ ਨੇ ਪੰਜਾਬੀ ਕਿਸਾਨਾਂ ਨੂੰ ਮੋਹ ਲਿਆ । ਦੁਪਹਿਰ ਵੇਲੇ ਟੀਕਰੀ ਬਾਰਡਰ ਤੋਂ ਤੁਰਿਆ ਇਹ ਕਾਫਲਾ ਰਾਤ ਨੂੰ ਰਿਵਾੜੀ ਨੇੜਲੇ ਟੋਲ ਪਲਾਜ਼ੇ ‘ਤੇ ਜਾ ਕੇ ਰੁਕਿਆ ਤੇ ਇਸ ਨੇ ਰਸਤੇ ਵਿਚ ਲਗਪਗ ਡੇਢ ਦਰਜਨ ਪਿੰਡਾਂ ਦੇ ਲੋਕਾਂ ਨੂੰ ਸੰਘਰਸ਼ ਅੰਦਰ ਹੋਰ ਜ਼ੋਰ ਨਾਲ ਕੁੱਦਣ ਦਾ ਸੱਦਾ ਦਿੱਤਾ। ਕਾਫਲੇ ਵਿੱਚੋਂ ਸੈਂਕੜੇ ਟਰੈਕਟਰਾਂ ‘ਤੇ ਅੰਦੋਲਨ ਦੌਰਾਨ ਸ਼ਹੀਦ ਹੋ ਗਏ ਕਿਸਾਨਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ ਜਿਹਨਾਂ ਨੂੰ ਹਰਿਆਣਾ ਵਾਸੀਆਂ ਨੇ ਸੰਘਰਸ਼ੀ ਸਿਜਦਾ ਕਰਦਿਆਂ ਜੰਗ ਜਾਰੀ ਰੱਖਣ ਦਾ ਅਹਿਦ ਲਿਆ।
ਇਸ ਦੇ ਨਾਲ ਹੀ ਸ਼ਹੀਦ ਭਗਤ ਸਿੰਘ, ਚਾਚਾ ਅਜੀਤ ਸਿੰਘ, ਸਾਧੂ ਸਿੰਘ ਤਖ਼ਤੂਪਰਾ ਤੇ ਪਿਰਥੀਪਾਲ ਚੱਕ ਅਲੀਸ਼ੇਰ ਵਰਗੇ ਸ਼ਹੀਦਾਂ ਦੀਆਂ ਤਸਵੀਰਾਂ ਨਾਲ ਸੰਘਰਸ਼ਾਂ ਦੀ ਵਿਰਾਸਤ ਨੂੰ ਬੁਲੰਦ ਕੀਤਾ ਗਿਆ। ਹਰਿਆਣੇ ਦੇ ਲੋਕਾਂ ਲਈ ਇਹ ਤਸਵੀਰਾਂ ਵੀ ਖਾਸ ਖਿੱਚ ਦਾ ਕੇਂਦਰ ਰਹੀਆਂ। ਮਾਰਚ ਤੁਰਨ ਵੇਲੇ ਇਕੱਠੇ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਬੀ ਕੇ ਯੂ ਏਕਤਾ (ਉਗਰਾਹਾਂ) ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਮੁਲਕ ਭਰ ਚ ਫੈਲ ਗਏ ਕਿਸਾਨ ਸੰਘਰਸ਼ ਨੇ ਮੋਦੀ ਹਕੂਮਤ ਬੁਰੀ ਤਰਾਂ ਘੇਰ ਲਈ ਹੈ ਪਰ ਅਜੇ ਤਕ ਉਹ ਦੇਸੀ ਵਿਦੇਸ਼ੀ ਬਹੁ ਕੌਮੀ ਕੰਪਨੀਆਂ ਪ੍ਰਤੀ ਆਪਣੀ ਵਫ਼ਾਦਾਰੀ ਕਾਰਨ ਅੜੀ ਹੋਈ ਹੈ। ਉਹਨਾਂ ਕਿਹਾ ਕਿ ਅੱਜ ਦਾ ਮਾਰਚ ਚਾਰ ਤਰੀਕ ਦੀ ਮੀਟਿੰਗ ਤੋਂ ਪਹਿਲਾਂ ਸਰਕਾਰ ਨੂੰ ਸੁਣਵਾਈ ਕਰਨ ਲਈ ਇੱਕ ਟ੍ਰੇਲਰ ਹੈ ਜਿਸ ਤੋਂ ਪਤਾ ਲੱਗ ਜਾਏਗਾ ਕਿ ਫਿਲਮ ਕਿਹੋ ਜਿਹੀ ਹੋ ਸਕਦੀ ਹੈ।
ਉਹਨਾਂ ਕਿਹਾ ਕਿ ਕਿਸਾਨ ਜਨਤਾ ਦਾ ਦਿਨੋਂ ਦਿਨ ਵਧ ਰਿਹਾ ਰੋਹ ਤੇ ਜੋਸ਼ ਦੱਸਦਾ ਹੈ ਕਿ ਅਸੀਂ ਥੱਕਣ ਹੰਭਣ ਵਾਲੇ ਨਹੀਂ ਹਾਂ। ਉਹਨਾਂ ਮੁਲਕ ਦੇ ਕਿਸਾਨਾਂ ਦੇ ਨਾਲ ਨਾਲ ਸਭਨਾਂ ਮਿਹਨਤਕਸ਼ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਮੋਦੀ ਹਕੂਮਤ ਦੇ ਫਾਸ਼ੀ ਹਮਲੇ ਖਿਲਾਫ ਇਕਜੁੱਟ ਹੋ ਕੇ ਨਿੱਤਰਨ ਤੇ ਕਿਸਾਨ ਸੰਘਰਸ਼ ਨਾਲ ਯਕਜਹਿਤੀ ਪ੍ਰਗਟ ਕਰਦਿਆਂ ਵਿਸ਼ਾਲ ਲੋਕ ਏਕਤਾ ਉਸਾਰਨ। ਇਸ ਮੌਕੇ ਹਰਿਆਣੇ ਦੇ ਸਮਾਜਿਕ ਆਗੂਆਂ ਕੁਲਦੀਪ,ਦਿਲਬਾਗ ਹੁੱਡਾ ਤੇ ਰਮਿੰਦਰ ਸਢਾਣੀ ਨੇ ਵੀ ਕਾਫਲੇ ਦੇ ਸਵਾਗਤ ਲਈ ਲਾਮਬੰਦੀ ਕੀਤੀ ਤੇ ਹਰਿਆਣੇ ਦੇ ਲੋਕਾਂ ਵੱਲੋਂ ਸੰਘਰਸ਼ ਵਿਚ ਹਰ ਤਰਾਂ ਦੇ ਹਿੱਸੇ ਦਾ ਭਰੋਸਾ ਦੁਆਇਆ। ਇਸ ਮੌਕੇ ਬੀ ਕੇ ਯੂ ਏਕਤਾ (ਉਗਰਾਹਾਂ) ਦੇ ਆਗੂ ਜਨਕ ਭੁਟਾਲ, ਜਗਦੇਵ ਜੋਗੇਵਾਲਾ ਤੇ ਮਨਜੀਤ ਘਰਾਚੋਂ ਨੇ ਵੀ ਸੰਬੋਧਨ ਕਰਦਿਆਂ ਹਰਿਆਣਾ ਦੇ ਲੋਕਾਂ ਨੂੰ ਮੋਦੀ ਸਰਕਾਰ ਖਿਲਾਫ ਆਰ ਪਾਰ ਦੀ ਲੜਾਈ ਲਈ ਤਿਆਰ ਰਹਿਣ ਦੀ ਅਪੀਲ ਕੀਤੀ।
ਦੂਜੇ ਪਾਸੇ ਮੀਂਹ ਦੇ ਬਾਵਜੂਦ ਰੋਹਤਕ ਬਾਈਪਾਸ ‘ਤੇ ਸਥਿਤ ਪਕੌੜਾ ਚੌਕ ਵਿਚਲੀ ਥਾਂ ਨੂੰ ਸੁਕਾਉਣ ਦੀ ਰੁਕਾਵਟ ਕਾਰਨ ਪਹਿਲਾਂ ਨਾਲੋਂ ਲੇਟ ਸ਼ੁਰੂ ਹੋਈ ਰੈਲੀ ‘ਚ ਅੱਜ ਵੀ ਵੱਡੇ ਇਕੱਠ ਨੇ ਮੋਦੀ ਹਕੂਮਤ ਖਿਲਾਫ ਜੰਮ ਕੇ ਹਮਲੇ ਕੀਤੇ। ਮੰਚ ਤੋਂ ਦਰਜਨ ਭਰ ਬੁਲਾਰਿਆਂ ਨੇ ਸਪੱਸ਼ਟ ਕੀਤਾ ਕਿ ਉਹਨਾਂ ਨੂੰ 50 ਫੀਸਦੀ ਸਹਿਮਤੀ ਦੇ ਐਲਾਨਾਂ ਨਾਲ ਭਰਮਾਇਆ ਨਹੀਂ ਜਾ ਸਕਦਾ ਕਿਉਂਕਿ ਉਹ ਲੰਮੇ ਮੋਰਚੇ ਦਾ ਇਰਾਦਾ ਧਾਰਨ ਕਰਕੇ ਆਏ ਹਨ ਅਤੇ ਕਾਨੂੰਨਾਂ ਦੀ ਮੁਕੰਮਲ ਵਾਪਸੀ ਤੇ ਫਸਲਾਂ ਦੀ ਸਰਕਾਰੀ ਖ਼ਰੀਦ ਦੇ ਕਾਨੂੰਨੀ ਹੱਕ ਦੀ ਪ੍ਰਾਪਤੀ ਲਈ ਸੰਘਰਸ਼ ਨੂੰ ਹਰ ਹਾਲ ਜਾਰੀ ਰੱਖਣਗੇ। ਇਸ ਰੈਲੀ ਨੂੰ ਅਮਰਜੀਤ ਸਿੰਘ ਸੈਦੋਕੇ, ਦਰਬਾਰਾ ਸਿੰਘ ਛਾਜਲਾ , ਬਲਵਿੰਦਰ ਕੌਰ ਸੇਖੋਂ ,ਫਿਲਮੀ ਅਦਾਕਾਰ ਮਲਕੀਤ ਰੌਣੀ ਤੇ ਗੁਰਪ੍ਰੀਤ ਕੌਰ ਭੰਗੂ, ਹਰਿਆਣੇ ਤੋਂ ਭੈਣ ਸੁਸ਼ੀਲ ਨੇ ਸੰਬੋਧਨ ਕੀਤਾ । ਇਸ ਮੌਕੇ ਗੁੜਗਾਉਂ ਤੋਂ ਨੌਜਵਾਨ ਜਗਪ੍ਰੀਤ ਸਿੰਘ ਨੇ ਸੰਘਰਜਸ਼ ਨਾਲ ਸਾਂਝ ਪਾਉਣ ਲਈ ਆਪਣਾ ਜਨਮ ਦਿਨ ਇਸ ਇਕੱਠ ‘ਚ ਕੇਕ ਕੱਟ ਕੇ ਮਨਾਇਆ ।