ਅਸ਼ੋਕ ਵਰਮਾ
ਨਵੀਂ ਦਿੱਲੀ ,7 ਦਸੰਬਰ 2020 : ਦਿੱਲੀ ਚ ਲੱਗੇ ਕਿਸਾਨ ਮੋਰਚੇ 'ਚ 10 ਦਸੰਬਰ ਨੂੰ ਕੌਮਾਂਤਰੀ ਮਨੁੱਖੀ ਅਧਿਕਾਰ ਦਿਹਾੜਾ ਮਨਾਇਆ ਜਾਵੇਗਾ ਜਿੱਥੇ ਮੁਲਕ ਭਰ ਅੰਦਰ ਗ੍ਰਿਫ਼ਤਾਰ ਕੀਤੇ ਗਏ ਬੁੱਧੀਜੀਵੀਆਂ ਅਤੇ ਜਮਹੂਰੀ ਹੱਕਾਂ ਦੇ ਕਾਰਕੁੰਨਾਂ ਦੀ ਰਿਹਾਈ ਲਈ ਜ਼ੋਰਦਾਰ ਆਵਾਜ਼ ਉੱਠੇਗੀ। ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਜੱਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਇਸ ਵਾਰ ਕੌਮਾਂਤਰੀ ਮਨੁੱਖੀ ਅਧਿਕਾਰ ਦਿਹਾੜਾ ਉਦੋਂ ਆਇਆ ਹੈ ਜਦੋਂ ਮੁਲਕ ਦੇ ਲੱਖਾਂ ਕਿਸਾਨ ਆਪਣੇ ਹੱਕਾਂ ਲਈ ਸੜਕਾਂ 'ਤੇ ਨਿੱਤਰੇ ਹੋਏ ਹਨ ਤੇ ਮੁਲਕ ਭਰ ਅੰਦਰ ਜਮਹੂਰੀ ਹੱਕਾਂ ਦੇ ਕਾਰਕੁੰਨ ਤੇ ਲੋਕ ਪੱਖੀ ਬੁੱਧੀਜੀਵੀ ਮੋਦੀ ਸਰਕਾਰ ਨੇ ਜੇਲ੍ਹਾਂ 'ਚ ਸੁੱਟੇ ਹੋਏ ਹਨ। ਇਸ ਸੰਘਰਸ਼ ਅੰਦਰ ਬੁੱਧੀਜੀਵੀਆਂ ਦੀ ਰਿਹਾਈ ਦਾ ਮੁੱਦਾ ਪਹਿਲਾਂ ਹੀ ਜੋਰ ਨਾਲ ਉਠਾਇਆ ਜਾ ਰਿਹਾ ਹੈ। ਹੁਣ 10 ਦਸੰਬਰ ਦਾ ਦਿਨ ਮੋਰਚੇ ਉੱਪਰ ਇਸੇ ਮੰਗ ਨੂੰ ਸਮਰਪਿਤ ਹੋਵੇਗਾ ਜਿਸ ਵਿੱਚ ਜਮਹੂਰੀ ਹੱਕਾਂ ਦੀ ਲਹਿਰ ਦੇ ਕਾਰਕੁੰਨ ਵੀ ਸ਼ਿਰਕਤ ਕਰਨਗੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਲੋਕਾਂ 'ਤੇ ਵਿੱਢੇ ਆਰਥਿਕ ਹੱਲੇ ਦੇ ਨਾਲ ਨਾਲ ਜਮਹੂਰੀ ਹੱਕਾਂ ਨੂੰ ਕੁਚਲਣ ਲਈ ਫਾਸ਼ੀ ਹਮਲਾ ਵਿੱਢਿਆ ਹੋਇਆ ਹੈ ਤੇ ਇਨ੍ਹਾਂ ਹੱਕਾਂ ਨੂੰ ਕੁਚਲ ਕੇ ਹੀ ਕਾਰਪੋਰੇਟਾ ਦੇ ਹਿੱਤਾਂ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਸੰਘਰਸ਼ ਕਰਦੇ ਲੋਕਾਂ 'ਤੇ ਵੱਖ ਵੱਖ ਤਰ੍ਹਾਂ ਦੀਆਂ ਰੋਕਾਂ ਮੜ੍ਹਨਾ ਇਸ ਹਕੂਮਤ ਦੇ ਫਾਸ਼ੀ ਵਿਹਾਰ ਦਾ ਹਿੱਸਾ ਹੈ। ਲੋਕਾਂ ਦੇ ਹੱਕ 'ਚ ਆਵਾਜ਼ ਉਠਾਉਣ ਵਾਲੇ ਬੁੱਧੀਜੀਵੀਆਂ ਤੇ ਜਮਹੂਰੀ ਹੱਕਾਂ ਦੇ ਕਾਰਕੁੰਨਾਂ ਨੂੰ ਵਿਸ਼ੇਸ਼ ਕਰਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਲੋਕਾਂ ਦੇ ਹੱਕ 'ਚ ਆਵਾਜ਼ ਉਠਾਉਣ ਵਾਲੇ ਹਰ ਵਿਅਕਤੀ ਨੂੰ ਖ਼ੌਫ਼ਜ਼ਦਾ ਕਰਨ ਦਾ ਮਹੌਲ ਸਿਰਜਿਆ ਹੋਇਆ ਹੈ। ਲਗਪਗ ਦੋ ਦਰਜਨ ਤੋਂ ਉੱਪਰ ਬੁੱਧੀਜੀਵੀ ਝੂਠੇ ਕੇਸਾਂ 'ਚ ਮੜ੍ਹ ਕੇ ਜੇਲ੍ਹਾਂ ਅੰਦਰ ਸੁੱਟੇ ਹੋਏ ਹਨ ਜਿਨ੍ਹਾਂ ਵਿੱਚੋਂ ਬਹੁਤ ਵੱਡੇ ਹਿੱਸੇ ਨੂੰ ਭੀਮਾ ਕੋਰੇਗਾਉਂ ਚ ਹਕੂਮਤੀ ਸਾਜ਼ਿਸ਼ ਨਾਲ ਰਚੇ ਕੇਸ ਅੰਦਰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ 'ਚ 82 ਸਾਲ ਦੇ ਸਟੇਨ ਸਵਾਮੀ ਤੇ 80 ਸਾਲ ਦੇ ਵਰਵਰਾ ਰਾਓ ਵਰਗੇ ਨਾਮੀ ਵਿਅਕਤੀ ਸ਼ਾਮਲ ਹਨ ਜਿਨ੍ਹਾਂ ਨੇ ਜ਼ਿੰਦਗੀ ਭਰ ਲੋਕਾਂ ਦੇ ਹੱਕਾਂ ਲਈ ਆਵਾਜ਼ ਉਠਾਈ ਹੈ। ਸੁਧਾ ਭਾਰਦਵਾਜ ਤੇ ਸ਼ੋਮਾ ਸੇਨ ਵਰਗੀਆਂ ਔਰਤਾਂ ਵੀ ਹਨ ਜਿਨ੍ਹਾਂ ਨੇ ਗ਼ਰੀਬ ਲੋਕਾਂ ਦੀ ਭਲਾਈ ਲਈ ਆਪਣੀਆਂ ਜ਼ਿੰਦਗੀਆਂ ਅਰਪਿਤ ਕੀਤੀਆਂ ਹੋਈਆਂ ਹਨ।
ਉਨ੍ਹਾਂ ਦਿੱਲੀ ਦੇ ਆਸ ਪਾਸ ਵੱਸਦੇ ਸਭਨਾਂ ਜਮਹੂਰੀ ਹਿੱਸਿਆਂ ਨੂੰ ਅਪੀਲ ਕੀਤੀ ਕਿ ਉਹ ਇਸ ਦਿਨ ਟਿੱਕਰੀ ਬਾਰਡਰ ਕੋਲ ਨਵੇਂ ਬੱਸ ਸਟੈਂਡ ਨਾਲ ਵਸਾਏ ਗਏ ਬਾਬਾ ਬੰਦਾ ਸਿੰਘ ਬਹਾਦਰ ਨਗਰ ਵਿਚ ਹੋਣ ਵਾਲੇ ਸਮਾਗਮ ਵਿੱਚ ਸ਼ਮੂਲੀਅਤ ਕਰਨ। ਉਨ੍ਹਾਂ ਪੰਜਾਬ ਦੇ ਜਮਹੂਰੀ ਹੱਕਾਂ ਦੇ ਹਲਕਿਆਂ ਨੂੰ ਵਿਸ਼ੇਸ਼ ਕਰਕੇ ਅਪੀਲ ਕੀਤੀ ਕਿ ਉਹ ਵੀ ਇਸ ਦਿਨ ਦਿੱਲੀ ਪਹੁੰਚਣ ਤੇ ਇਸ ਸਾਂਝੀ ਆਵਾਜ਼ ਦਾ ਹਿੱਸਾ ਬਣਨ।