ਅਸ਼ੋਕ ਵਰਮਾ
- ਰੱਸਾਕਸ਼ੀ ਦਾ ਕੌਮੀ ਖਿਡਾਰੀ ਰਿਹਾ ਗੁਰਲਾਭ ਸਿੰਘ
ਬਠਿੰਡਾ, 20 ਦਸੰਬਰ 2020 - ਬਠਿੰਡਾ ਜਿਲ੍ਹੇ ਦੇ ਹਲਕਾ ਰਾਮਪੁਰਾ ਫੂਲ ’ਚ ਪੈਂਦੇ ਪਿੰਡ ਦਿਆਲਪੁਰਾ ਮਿਰਜਾ ’ਚ ਦਿੱਲੀ ਦੇ ਕਿਸਾਨ ਮੋਰਚੇ ਤੋਂ ਘਰ ਪਰਤੇ ਇੱਕ ਨੌਜਵਾਨ ਕਿਸਾਨ ਗੁਰਲਾਭ ਸਿੰਘ (18)ਵੱਲੋਂ ਖੁਦਕਸ਼ੀ ਕਰ ਲੈਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਗੁਰਲਾਭ ਸਿੰਘ ਰੱਸਾਕਸ਼ੀ ਦਾ ਕੌਮੀ ਪੱਧਰ ਦਾ ਖਿਡਾਰੀ ਦੱਸਿਆ ਜਾ ਰਿਹਾ ਹੈ ਜਿਸ ਨੇ ਸਲਫਾਸ ਖਾਕੇ ਜੀਵਨ ਲੀਲਾ ਸਮਾਪਤ ਕੀਤੀ ਹੈ। ਕਿਸਾਨ ਧਿਰਾਂ ਨੇ ਗੁਰਲਾਭ ਸਿੰਘ ਨੂੰ ਸ਼ਹੀਦ ਕਰਾਰ ਦਿੰਦਿਆਂ ਇਸ ਨੂੰ ਖੇਤੀ ਨੂੰ ਬਚਾਉਣ ਲਈ ਕੀਤੀ ਅਜ਼ੀਮ ਕੁਰਬਾਨੀ ਦੱਸਿਆ ਹੈ। ਮਿ੍ਰਤਕ ਕਿਸਾਨ ਗੁਰਲਾਭ ਸਿੰਘ ਦੇ ਪਿਤਾ ਬਲਬੀਰ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਹੈ ਕਿ ਉਸ ਦਾ ਲੜਕਾ ਗੁਰਲਾਭ ਸਿੰਘ ਹੋਰਨਾਂ ਕਿਸਾਨਾਂ ਨਾਲ ਦਿੱਲੀ ’ਚ ਚੱਲ ਰਹੇ ਕਿਸਾਨ ਧਰਨੇ ’ਚ ਗਿਆ ਸੀ ਜਿੱਥੇ ਉਹ ਤਕਰੀਬਨ 20-22 ਦਿਨ ਰਹਿਣ ਪਿੱਛੋਂ ਹਾਲ ਹੀ ਵਿੱਚ ਪਿੰਡ ਪਰਤਿਆ ਸੀ।
ਉਹਨਾਂ ਦੱਸਿਆ ਕਿ ਉਹ ਪਿਛਲੇ ਦੋ ਤਿੰਨ ਦਿਨ ਤੋਂ ਗੁੰਮ ਸੁੰਮ ਜਿਹਾ ਰਹਿਣ ਲੱਗਿਆ ਸੀ। ਦਿੱਲੀ ਧਰਨੇ ਬਾਰੇ ਵੀ ਉਸ ਨੇ ਪ੍ਰੀਵਾਰ ਨੂੰ ਕੁੱਝ ਨਹੀਂ ਦੱਸਿਆ। ਲੰਘੀ 19 ਦਸੰਬਰ ਨੂੰ ਉਹ ਕਰੀਬ 10 ਵਜੇ ਉੱਠਿਆ ਅਤੇ ਖਬਰਾਂ ਸੁਣਨ ਉਪਰੰਤ ਚੁਬਾਰੇ ਚੜ ਗਿਆ। ਉਹਨਾਂ ਦੱਸਿਆ ਕਿ ਕੁੱਝ ਦੇਰ ਬਾਅਦ ਉਹ ਚੀਕਾਂ ਮਾਰਨ ਲੱਗਿਆ ਅਤੇ ਦੇਖਿਆ ਤਾਂ ਉਸ ਦੇ ਮੂੰਹ ਚੋਂ ਝੱਗ ਨਿਕਲ ਰਹੀ ਸੀ। ਗੁਰਲਾਭ ਸਿੰਘ ਨੇ ਜਦੋਂ ਸਲਫਾਸ ਖਾਣ ਬਾਰੇ ਦੱਸਿਆ ਤਾਂ ਉਸ ਨੂੰ ਇਲਾਜ ਲਈ ਬਠਿੰਡਾ ਦੇ ਇੱਕ ਪ੍ਰਾਈਵੇਟ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਗੁਰਲਾਭ ਸਿੰਘ ਦੇ ਹਿੱਸੇ ਸਿਰਫ ਪੰਜ ਕਨਾਲਾਂ ਜਮੀਨ ਹੀ ਆਉਂਦੀ ਸੀ ਜਿਸ ਤੇ ਲਿਮਟ ਬਣੀ ਹੋਣ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ।
ਪ੍ਰੀਵਾਰਕ ਸੂਤਰਾਂ ਨੇ ਦੱਸਿਆ ਕਿ ਇਸੇ ਤਣਾਅ ਅਤੇ ਉੱਪਰੋਂ ਜਮੀਨ ਖੁੱਸਣ ਦੇ ਡਰੋਂ ਉਹ ਸਲਫਾਸ ਨਿਗਲ ਗਿਆ ਜੋ ਉਸ ਨਹੀ ਜਾਨਲੇਵਾ ਸਾਬਤ ਹੋਈ ਹੈ। ਗੁਰਲਾਭ ਸਿੰਘ ਦੇ ਇੱਕ ਭਰਾ ਅਤੇ ਇੱਕ ਭੈਣ ਸੀ ਜੋ ਵਿਆਹੀ ਹੋਈ ਹੈ। ਉਸ ਦਾ ਭਰਾ ਸਤਵੀਰ ਸਿੰਘ ਉਸ ਤੋਂ ਛੋਟਾ ਸੀ। ਪਤਾ ਲੱਗਿਆ ਹੈ ਕਿ ਪ੍ਰੀਵਾਰ ਭਗਤਾ ਭਾਈ ਦੇ ਨੇੜਲੇ ਪਿੰਡ ਹਮੀਰਗੜ ਦਾ ਰਹਿਣ ਵਾਲਾ ਸੀ ਜੋ ਹੁਣ ਦਿਆਲਪੁਰਾ ਮਿਰਜਾ ’ਚ ਕੁੱਝ ਜਮੀਨ ਖਰੀਦ ਕੇ ਇੱਥੇ ਰਹਿ ਰਿਹਾ ਸੀ। ਪ੍ਰੀਵਾਰ ਨੇ ਕਿਸੇ ਖਿਲਾਫ ਕੋਈ ਕਾਰਵਾਈ ਵੀ ਨਹੀਂ ਕਰਵਾਈ ਹੈ। ਥਾਣਾ ਦਿਆਲਪੁਰਾ ਭਾਈ ਦੇ ਮੁੱਖ ਥਾਣਾ ਅਫਸਰ ਇੰਸਪੈਕਟਰ ਅਮਨਪਾਲ ਸਿੰਘ ਵਿਰਕ ਦਾ ਕਹਿਣਾਾ ਸੀ ਕਿ ਗੁਰਲਾਭ ਸਿੰਘ ਵੱਲੋਂ ਕੀਤੀ ਆਤਮਹੱਤਿਆ ਦੇ ਮਾਮਲੇ ’ਚ ਧਾਰਾ 174 ਦੀ ਕਾਰਵਾਈ ਕੀਤੀ ਗਈ ਹੈ।
ਖੇਤੀ ਕਾਨੂੰਨਾਂ ਖਿਲਾਫ ਸ਼ਹੀਦ ਹੋਇਆ ਗੁਰਲਾਭ ਸਿੰਘ
ਓਧਰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੀਨੀਅਰ ਆਗੂ ਜਸਵੀਰ ਸਿੰਘ ਬੁਰਜਸੇਮਾਂ ਦਾ ਕਹਿਣਾ ਸੀ ਕਿ ਕਿਸਾਨ ਗੁਰਲਾਭ ਸਿੰਘ ਮੁਲਕ ਦੇ ਕਿਸਾਨਾਂ ਦੀਆਂ ਪੈਲੀਆਂ ਖਾਤਰ ਜਾਨ ਵਾਰਕੇ ਸ਼ਹੀਦ ਹੋਇਆ ਹੈ। ਉਹਨਾਂ ਆਖਿਆ ਕਿ ਇਹਨਾਂ ਸ਼ਹੀਦੀਆਂ ਲਈ ਮੋਦੀ ਸਰਕਾਰ ਜਿੰਮੇਵਾਰ ਹੈ ਜਿਸ ਨੇ ਖੇਤੀ ਵਿਰੋਧੀ ਤਿੰਨ ਕਾਨੂੰਨ ਲਿਆਂਦੇ ਹਨ। ਉਹਨਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਦਲਾਲ ਬਣਕੇ ਨਿੱਤ ਰੋਜ ਅੰਦਾਤੇ ਦੀ ਬਲੀ ਲੈ ਰਹੀ ਹੈ। ਕਿਸਾਨ ਆਗੂ ਨੇ ਮਿ੍ਰਤਕ ਕਿਸਾਨ ਦੇ ਪ੍ਰੀਵਾਰ ਨੂੰ ਢੁੱਕਵਾਂ ਮੁਆਵਜਾ, ਸਰਕਾਰੀ ਨੌਕਰੀ ਅਤੇ ਸਮੁੱਚਾ ਕਰਜਾ ਮੁਆਫ ਕਰਨ ਦੀ ਮੰਗ ਕੀਤੀ ਹੈ। ਉਹਨਾਂ ਚਿਤਾਵਨੀ ਦਿੱਤੀ ਕਿ ਜੇਕਰ ਕੇਂਦਰ ਸਰਕਾਰ ਨੇ ਤਿੰਨੇ ਕਾਨੂੰਨ ਵਾਪਿਸ ਨਾਂ ਲਏ ਤਾਂ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਏਗਾ।