ਅਸ਼ੋਕ ਵਰਮਾ
ਨਵੀਂ ਦਿੱਲੀ, 19 ਦਸੰਬਰ 2020 - ਦਿੱਲੀ ਦੇ ਟਿਕਰੀ ਬਾਰਡਰ ਕੋਲ ਰੋਹਤਕ ਬਾਈਪਾਸ ‘ਤੇ ਰੁਕੇ ਹੋਏ ਬੀਕੇਯੂ ਏਕਤਾ (ਉਗਰਾਹਾਂ) ਦੇ ਕਾਫਲੇ ਦੀ ਦੀ ਸਟੇਜ ਤੋਂ ਅੱਜ ਸਿੱਖਾਂ ਦੇ ਨੌਵੇਂ ਗੁਰੂ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਵੱਲੋਂ ਦਿੱਤੀ ਲਾਸਾਨੀ ਕੁਰਬਾਨੀ ਨੂੰ ਯਾਦ ਕਰਦਿਆਂ ਅੱਜ ਉਹਨਾਂ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਇਸ ਦੇ ਨਾਲ ਹੀਅੱਜ ਦੇ ਦਿਨ ਸ਼ਹੀਦ ਹੋਣ ਵਾਲੇ ਸਾਮਰਾਜ ਵਿਰੋਧੀ ਕੌਮੀ ਮੁਕਤੀ ਲਹਿਰ ਦੇ ਉੱਘੇ ਸ਼ਹੀਦਾਂ ਰਾਮ ਪ੍ਰਸਾਦ ਬਿਸਮਿਲ ਤੇ ਅਸ਼ਫਾਕ ਉੱਲਾ ਖਾਨ ਦੇ ਅੱਜ ਸ਼ਹੀਦੀ ਦਿਵਸ ਮੌਕੇ ਵੀ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ । ਇਸ ਮੌਕੇ ਹਾਜਰ ਹਜਾਰਾਂ ਦੇ ਇਕੱਠ ਨੇ ਦੋ ਮਿੰਟ ਲਈ ਮੋਨ ਧਾਰ ਕੇ ਸ਼ਹੀਦਾਂ ਦੀ ਕੁਰਬਾਨੀ ਨੂੰ ਸਿਜਦਾ ਕੀਤਾ ਤੇ ਜ਼ੋਰਦਾਰ ਨਾਅਰਿਆਂ ਨਾਲ ਉਹਨਾਂ ਦੇ ਰਾਹਾਂ ‘ਤੇ ਚੱਲਣ ਦਾ ਪ੍ਰਣ ਕੀਤਾ।
ਅੱਜ ਦੀ ਇਸ ਰੈਲੀ ਨੂੰ ਕਿਸਾਨ ਆਗੂਆਂ ਦੇ ਨਾਲ ਨਾਲ ਪੰਜਾਬੀ ਲੇਖਕਾਂ ਦੀ ਜਥੇਬੰਦੀ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ। ਵਿਸ਼ੇਸ਼ ਤੌਰ ‘ਤੇ ਪਹੁੰਚੇ ਕੇਂਦਰੀ ਪੰਜਾਬੀ ਲੇਖਕ ਸਭਾ ਤੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਨੇ ਕਿਸਾਨ ਸੰਘਰਸ਼ ਦਾ ਜ਼ੋਰਦਾਰ ਸਮਰਥਨ ਕੀਤਾ ਤੇ ਇਸ ਸੰਘਰਸ਼ ਨੂੰ ਪੰਜਾਬੀ ਸਮਾਜ ਦੀ ਸਾਂਝੀ ਆਵਾਜ਼ ਕਰਾਰ ਦਿੱਤਾ। ਉਹਨਾਂ ਕਿਹਾ ਕਿ ਕਿਸਾਨ ਅੰਦੋਲਨ ਸਮਾਜ ਅੰਦਰ ਅਜਿਹੀ ਹਿਲਜੁਲ ਨੂੰ ਸਾਹਮਣੇ ਲਿਆ ਰਿਹਾ ਹੈ ਜਿਹੜੀ ਪੰਜਾਬੀ ਕਲਮਕਾਰਾਂ ਤੇ ਕਲਾਕਾਰਾਂ ਲਈ ਨਵੀਂ ਸਮੱਗਰੀ ਮੁਹੱਈਆ ਕਰਵਾਉਂਦੀ ਹੈ । ਉਹਨਾਂ ਸੰਘਰਸ਼ ਅੰਦਰ ਜੁੜੇ ਲੋਕਾਂ ਤੇ ਸ਼ਾਮਲ ਜਥੇਬੰਦੀਆਂ ਦੇ ਆਪਸੀ ਏਕੇ ‘ਤੇ ਜ਼ੋਰ ਦਿੱਤਾ ਅਤੇ ਇਸ ਏਕੇ ਦੇ ਜ਼ੋਰ ‘ਤੇ ਤਿੰਨੇ ਕਾਨੂੰਨਾਂ ਦੀ ਮੁਕੰਮਲ ਵਾਪਸੀ ਤਕ ਡਟੇ ਰਹਿਣ ਦੀ ਲੋਕਾਂ ਦੀ ਭਾਵਨਾ ਦੀ ਬੁਲੰਦੀ ਬਾਰੇ ਚਰਚਾ ਕੀਤੀ।
ਇਸ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਬਕਾ ਸਕੱਤਰ ਤੇ ਸਾਹਿਤਕ ਮੈਗਜ਼ੀਨ “ਹੁਣ“ ਦੇ ਸੰਪਾਦਕ ਸੁਸ਼ੀਲ ਦੁਸਾਂਝ ਨੇ ਵੀ ਸੰਘਰਸ਼ ਬਾਰੇ ਲੋਕਾਂ ਨਾਲ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ। ਸੁਪਰੀਮ ਕੋਰਟ ਦੀ ਬਾਰ ਕੌਂਸਲ ਦੇ ਸਾਬਕਾ ਸਕੱਤਰ ਐਡਵੋਕੇਟ ਅਸ਼ੋਕ ਅਰੋੜਾ ਨੇ ਵੀ ਮੰਚ ‘ਤੇ ਹਾਜਰ ਹੋ ਕੇ ਸੰਘਰਸ਼ ਨੂੰ ਆਪਣਾ ਸਮਰਥਨ ਦਿੱਤਾ। ਅੱਜ ਦੇ ਇਕੱਠ ਵਿਚ ਪੰਜਾਬ ਦੇ ਕਾਲਜਾਂ ਚ‘ ਕੰਟਰੈਕਟ ਆਧਾਰਤ ਅਧਿਆਪਕਾਂ ਦੀ ਜਥੇਬੰਦੀ ਦਾ ਵਫ਼ਦ ਵੀ ਸ਼ਾਮਲ ਹੋਇਆ ਜਿਸ ਤਰਫੋਂ ਜਥੇਬੰਦੀ ਦੇ ਆਗੂ ਵਰੁਣ ਗੋਇਲ ਨੇ ਸੰਬੋਧਨ ਕੀਤਾ। ਉਹਨਾਂ ਨੇ ਖੇਤੀ ਕਾਨੂੰਨਾਂ ਪਿੱਛੇ ਕੰਮ ਕਰਦੀ ਨਵ-ਉਦਾਰਵਾਦੀ ਨੀਤੀ ਦਾ ਜਿਕਰ ਕਰਦਿਆਂ ਦੱਸਿਆ ਕਿ ਕਿਵੇਂ ਇਹ ਨੀਤੀ ਇਸੇ ਸਮੇਂ ਸਿੱਖਿਆ ਖੇਤਰ ‘ਚ ਵੀ ਬਹੁਤ ਬੇਕਿਰਕੀ ਨਾਲ ਲਾਗੂ ਕੀਤੀ ਜਾ ਰਹੀ ਹੈ ਜਿਸ ਦੀ ਮਾਰ ਅਧਿਆਪਕ ਤੇ ਵਿਦਿਆਰਥੀ ਹੰਢਾ ਰਹੇ ਹਨ।
ਉਹਨਾਂ ਕਿਹਾ ਕਿ ਇਨਾਂ ਮੁੱਦਿਆਂ ਦੀ ਚਰਚਾ ਵੀ ਕਿਸਾਨ ਸੰਘਰਸ਼ ਅੰਦਰ ਹੋਣੀ ਚਾਹੀਦੀ ਹੈ। ਅੱਜ ਦੇ ਇਕੱਠ ਵਿੱਚ ਔਰਤਾਂ ਦੀ ਤਰਫੋਂ ਹਰਪ੍ਰੀਤ ਕੌਰ ਜੇਠੂਕੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਸੰਘਰਸ਼ ਅੰਦਰ ਔਰਤਾਂ ਦਾ ਯੋਗਦਾਨ ਮਿਸਾਲੀ ਹੈ ਜਿਹੜਾ ਇਸ ਸੰਘਰਸ਼ ਨੂੰ ਲੋਕ ਸੰਘਰਸ਼ ਬਣਾ ਦੇਣ ਵਿੱਚ ਮਹੱਤਵਪੂਰਨ ਰੋਲ ਨਿਭਾ ਰਿਹਾ ਹੈ। ਅੱਜ ਦੇ ਇਕੱਠ ਵਿੱਚ ਸੱਤਪਾਲ ਬੰਗਾ ਤੇ ਸੋਮਪਾਲ ਹੀਰਾ ਦੀ ਨਿਰਦੇਸ਼ਨਾ ਵਾਲੀਆਂ ਨਾਟਕ ਟੀਮਾਂ ਵੱਲੋਂ ਸਮਕਾਲੀ ਲੋਕ ਮੁੱਦਿਆਂ ਨੂੰ ਕਲਾਮਈ ਢੰਗ ਨਾਲ ਉਭਾਰਦੇ ਨਾਟਕ ਪੇਸ਼ ਕੀਤੇ ਗਏ ਤੇ ਦਰਜਨ ਦੇ ਲਗਪਗ ਗਾਇਕਾਂ ਨੇ ਲੋਕ ਪੱਖੀ ਜੁਝਾਰੂ ਗਾਇਕੀ ਰਾਹੀਂ ਲੋਕਾਂ ਦੀਆਂ ਉਮੰਗਾਂ ਨੂੰ ਆਵਾਜ਼ ਦਿੱਤੀ। ਅੱਜ ਦੀ ਰੈਲੀ ‘ਚ ਮੰਚ ਸੰਚਾਲਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾਈ ਆਗੂ ਅਮਰਜੀਤ ਸਿੰਘ ਸੈਦੋਕੇ ਨੇ ਕੀਤਾ।