ਅਸ਼ੋਕ ਵਰਮਾ
ਬਠਿੰਡਾ, 2 ਦਸੰਬਰ 2020 - ਆਮ ਆਦਮੀ ਪਾਰਟੀ ਬਠਿੰਡਾ ਨੇ ਕਿਸਾਨਾਂ ਵੱਲੋਂ ਸ਼ੁਰੂ ਕੀਤੇ ਦਿੱਲੀ ਮੋਰਚੇ ’ਚ ਕਿਸਾਨਾਂ ਲਈ ਲੰਗਰ ਆਦਿ ਦਾ ਪ੍ਰਬੰਧ ਕਰਨ ਵਾਸਤੇ ਵਲੰਟੀਅਰ ਤਾਇਨਾਤ ਕੀਤੇ ਹਨ।ਆਮ ਆਦਮੀ ਪਾਰਟੀ ਜਿਲਾ ਬਠਿੰਡਾ ਦੇ ਪ੍ਰਧਾਨ ਨਵਦੀਪ ਸਿੰਘ ਜੀਦਾ ਨੇ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਕੇਂਦਰ ਵੱਲੋਂ ਬਣਾਏ ਗਏ ਨਵੇਂ ਖੇਤੀ ਕਾਨੂੰਨਾਂ ਖਿਲਾਫ ਦਿੱਲੀ - ਹਰਿਆਣਾ ਸਰਹੱਦ ਉਤੇ ਦਿਨ-ਰਾਤ ਡਟੇ ਕਿਸਾਨਾਂ ਦੀ ਸੇਵਾ ਲਈ ਆਮ ਆਦਮੀ ਪਾਰਟੀ (ਆਪ) ਨੇ ਸੇਵਾਦਾਰਾਂ ਨੂੰ ਭੇਜਿਆ ਹੈ ਜਿਹਨਾਂ ’ਚ ਦਿੱਲੀ ਦੇ ਵਲੰਟੀਅਰ ਵੀ ਸ਼ਾਮਲ ਹਨ।
ਜੀਦਾ ਨੇ ਦੱਸਿਆ ਕਿ ਕਿਸਾਨਾਂ ਦੇ ਅੰਦੋਲਨ ਵਿਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਆਮ ਆਦਮੀ ਪਾਰਟੀ ਸਿਘੂੰ ਅਤੇ ਟੀਕਰੀ ਬਾਰਡਰ ‘ਤੇ ਟੀਮਾਂ ਬਣਾ ਕੇ ਕੰਮ ਕਰ ਰਹੀ ਹੈ। ਉਹਨਾਂ ਦੱਸਿਆ ਕਿ ਕਿਸਾਨਾਂ ਵਾਸਤੇ ਕੰਮ ਕਰਨ ਲਈ ਬਣਾਈਆਂ ਇਹ ਟੀਮਾਂ ਦਿੱਲੀ ਸਰਕਾਰ, ਪਾਰਟੀ ਵਿਧਾਇਕਾਂ ਅਤੇ ਆਗੂਆਂ ਨਾਲ 24 ਘੰਟੇ ਸੰਪਰਕ ‘ਚ ਰਹਿੰਦੀਆਂ ਹਨ। ਉਹਨਾਂ ਦੱੱਸਿਆ ਕਿ ਟੀਮਾਂ ਅੰਦੋਲਨਕਾਰੀ ਕਿਸਾਨਾਂ ਕੋਲ ਜਾ ਕੇ ਜ਼ਰੂਰਤਾਂ ਅਤੇ ਸਮੱਸਿਆਵਾਂ ਬਾਰੇ ਪੁੱਛਦੀਆਂ ਹਨ ਰਹਿੰਦੀਆਂ ਤਾਂ ਜੋ ਹਰ ਸਮੱਸਿਆ ਨੂੰ ਛੇਤੀ ਤੋਂ ਛੇਤੀ ਦੂਰ ਕੀਤਾ ਜਾ ਸਕੇ। ਟੀਮਾਂ ਸਮੇਂ ਸਿਰ ਡਾਕਟਰੀ ਸਹਾਇਤਾ ਲਈ ਡਾਕਟਰਾਂ, ਸਿਹਤ ਕਰਮੀਆਂ ਨੂੰ ਲਿਆਉਣ ਜਾਂ ਛੱਡਣ ਦਾ ਕੰਮ ਕਰਦੀਆਂ ਹਨ।
ਲੰਗਰ ‘ਚ ਸਬਜੀਆਂ ਕਟਾਉਣ, ਗੈਸ ਸਿਲੰਡਰਾਂ ਦੀ ਪੂਰਤੀ, ਪਾਣੀ ਦੇ ਟੈਂਕਰ, ਪਖਾਨਿਆਂ ਦੀ ਸਫਾਈ ਤੋਂ ਲੈ ਕੇ ਪਾਣੀ ਦੇ ਪ੍ਰਬੰਧਾਂ ਦੀ ਜ਼ਿੰਮੇਵਾਰੀ ‘ਆਪ‘ ਦੇ ਵਲੰਟੀਅਰਾਂ ਦੀਆਂ ਟੀਮਾਂ ਨੇ ਸੰਭਾਲੀ ਹੋਈ ਹੈ। ਜੀਦਾ ਨੇ ਦੱਸਿਆ ਕਿ ਸਿੰਘੂ ਬਾਰਡਰ ਉਪਰ ਅੰਦੋਲਨਕਾਰੀ ਕਿਸਾਨਾਂ ਦੀ ਸੇਵਾ ‘ਚ ਲੱਗੀਆਂ ਸਾਰੀਆਂ ਟੀਮਾਂ ਪਾਰਟੀ ਦੇ ਝੰਡੇ ਜਾਂ ਚਿੰਨ ਤੋਂ ਬਗੈਰ ਕੰਮ ਕਰ ਰਹੀਆਂ ਹਨ ਜਿਹਨਾਂ ਤੋਂ ਸਵੇਰੇ-ਸ਼ਾਮ ਬਕਾਇਦਾ ਰਿਪੋਰਟ ਹਾਸਲ ਕੀਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਆਪ‘ ਦੇ ਵਾਲੰਟੀਅਰ ਅਤੇ ਆਗੂ ਧਰਨਾ ਸਥਾਨ ਉਤੇ ਸਾਫ਼-ਸਫਾਈ ਦਾ ਵਿਸ਼ੇਸ਼ ਧਿਆਨ ਰੱਖ ਰਹੇ ਹਨ ਅਤੇ ਖੁਦ ਹੀ ਝਾੜੂ ਚੁੱਕ ਕੇ ਸਫਾਈ ਕਰਦੇ ਹਨ। ਉਨਾਂ ਦੱਸਿਆ ਕਿ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਵਿਧਾਇਕ ਜਰਨੈਲ ਸਿੰਘ ਟੀਮਾਂ ਅਤੇ ਦਿੱਲੀ ਸਰਕਾਰ ਦਰਮਿਆਨ ਪੁਲ ਦਾ ਕੰਮ ਕਰ ਰਹੇ ਹਨ।