ਅਸ਼ੋਕ ਵਰਮਾ
ਮਾਨਸਾ, 29 ਦਸੰਬਰ 2020 - ਦਿੱਲੀ ਦੇ ਟਿਕਰੀ ਬਾਰਡਰ ਤੇ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ ਮਾਨਸਾ ਜਿਲ੍ਹੇ ਦੇ ਪਿੰਡ ਧਰਮਪੁਰਾ ਦੇ ਕਿਸਾਨ ਦੀ ਮੌਤ ਹੋ ਗਈ ਹੈ। ਕਿਸਾਨ ਜੱਥੇਬੰਦੀ ਨੇ ਕਿਸਾਨ ਪਿਆਰਾ ਸਿੰਘ (75) ਨੂੰ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਕਿਸਾਨ ਮੋਰਚੇ ਦਾ ਸ਼ਹੀਦ ਕਰਾਰ ਦਿੰਦਿਆਂ ਪ੍ਰੀਵਾਰ ਲਈ ਮੁਆਵਜੇ ਦੀ ਮੰਗ ਉਠਾਈ ਹੈ। ਕਿਸਾਨ ਪਿਆਰਾ ਸਿੰਘ ਦੀ ਮੌਤ ਦਾ ਕਾਰਨ ਕੜਾਕੇ ਦੀ ਠੰਢ ਦੱਸੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮਿ੍ਰਤਕ ਪਿਆਰਾ ਸਿੰਘ (75) ਪੁੱਤਰ ਜੱਗਾ ਸਿੰਘ ਵਾਸੀ ਧਰਮਪੁਰਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਕਾਫਲੇ ਨਾਲ ਪਿਛਲੇ ਕਰੀਬ ਇੱਕ ਮਹੀਨੇ ਤੋਂ ਟਿਕਰੀ ਬਾਰਡਰ ਤੇ ਡਟਿਆ ਹੋਇਆ ਸੀ। ਇਸ ਮੋਰਚੇ ਦੌਰਾਨ ਉਸ ਨੂੰ ਠੰਢ ਲੱਗ ਗਈ ਜਿਸ ਕਾਰਨ ਉਹ ਨਮੂਨੀਏ ਦੀ ਮਾਰ ਹੇਠ ਆ ਗਿਆ। ਇਸ ਕਿਸਾਨ ਨੂੰ ਨਜ਼ਦੀਕ ਪੈਂਦੇ ਹਸਤਾਲ ’ਚ ਦਾਖਲ ਕਰਵਾਇਆ ਪਰ ਇਲਾਜ ਦੇ ਬਾਵਜੂਦ ਉਸਦੀ ਸਿਹਤ ’ਚ ਸੁਧਾਰ ਨਾਂ ਲਿਆਂਦਾ ਜਾ ਸਕਿਆ। ਕਿਸਾਨ ਪਿਆਰਾ ਸਿੰਘ ਦੇ ਪ੍ਰੀਵਾਰਕ ਮੈਂਬਰ ਉਸ ਨੂੰ ਪਿੰਡ ਲੈ ਆਏ ਜਿੱਥੇ ਇਲਾਜ ਦੌਰਾਨ ਉਹ ਚੱਲ ਵਸਿਆ।
ਭਾਰਤੀ ਕਿਸਾਨ ਯੂਨੀਅਨ ਡਕੌਦਾ ਦੇ ਜਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ ਦਾ ਕਹਿਣਾ ਸੀ ਕਿ ਕਿਸਾਨਾਂ ਦੀਆਂ ਇਹਨਾਂ ਮੌਤਾਂ ਲਈ ਮੋਦੀ ਸਰਕਾਰ ਜਿੰਮੇਵਾਰ ਹੈ ਜਿਸ ਨੇ ਕਾਰਪੋਰੇਟ ਘਰਾਣਿਆਂ ਨੂੰ ਪੰਜਾਬ ਦੀਆਂ ਜਮੀਨਾਂ ਤੇ ਕਬਜੇ ਕਰਵਾਉਣ ਲਈ ਖੇਤੀ ਕਾਨੂੰਨ ਲਾਗੂ ਕਰਨ ਦੀ ਅੜੀ ਫੜ ਰੱਖੀ ਹੈ। ਤਿੰਨੇ ਖੇਤੀ ਕਾਨੂੰਨ ਅਤੇ ਬਿਜਲੀ ਸੋਧ ਬਿੱਲ-2020 ਵਾਪਿਸ ਲੈਣ ਦੀ ਮੰਗ ਕਰਦਿਆਂ ਕਿਸਾਨ ਆਗੂ ਨੇ ਸਰਕਾਰ ਤੋਂ ਮਿ੍ਰਤਕ ਕਿਸਾਨ ਪਿਆਰਾ ਸਿੰਘ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜਾ ਦੇਵੇ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ।