ਕਮਲਜੀਤ ਸਿੰਘ ਸੰਧੂ
- ਰੇਲ ਵਿੱਚ ਸਵਾਰ ਯਾਤਰੀਆਂ ਨੂੰ ਕਰਨਾ ਪਿਆ ਮੁਸ਼ਕਲਾਂ ਦਾ ਸਾਹਮਣਾ
- ਯਾਤਰੀ ਰੇਲ ਵਿਭਾਗ ਅਤੇ ਸੈਂਟਰ ਸਰਕਾਰ ਖ਼ਿਲਾਫ਼ ਦਿਖਾਈ ਦਿੱਤੇ ਨਾਰਾਜ਼
ਬਰਨਾਲਾ, 26 ਮਾਰਚ 2021 - ਕਿਸਾਨੀ ਅੰਦੋਲਨ ਦੇ ਕਾਰਨ ਅੱਜ ਬੰਦ ਨੂੰ ਲੈ ਕੇ ਰੇਲਵੇ 'ਤੇ ਵੀ ਇਸ ਦਾ ਵੱਡਾ ਅਸਰ ਪਿਆ ਹੈ। ਜਿੱਥੇ ਪੰਜਾਬ ਦੀ ਆਵਾਜਾਈ ਰੁਕ ਗਈ ਹੈ। ਉਥੇ ਅੱਜ ਯਾਤਰੀਆਂ ਨਾਲ ਭਰੀ ਹੋਈ ਦਿੱਲੀ-ਫ਼ਾਜ਼ਿਲਕਾ ਇੰਟਰਸਿਟੀ ਰੇਲ ਗੱਡੀ ਨੂੰ ਅੱਜ ਤਪਾ ਮੰਡੀ ਦੇ ਰੇਲਵੇ ਸਟੇਸ਼ਨ 'ਤੇ ਰੁਕਣਾ ਪਿਆ।
ਰੇਲ ਗੱਡੀ ਵਿੱਚ ਸਵਾਰ ਨੌਜਵਾਨਾਂ ਬਜ਼ੁਰਗਾਂ ਔਤਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮੋਦੀ ਸਰਕਾਰ ਵੱਲੋਂ ਐਲਾਨੇ ਗਏ ਖੇਤੀ ਕਾਨੂੰਨਾਂ ਨੂੰ ਲੈਕੇ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਦੇਸ਼ ਵਿੱਚ ਸੰਘਰਸ਼ ਕੀਤਾ ਜਾ ਰਿਹਾ ਹੈ।
ਅੱਜ ਬੰਦ ਦੇ ਸੱਦੇ ਨੂੰ ਲੈ ਕੇ ਰੇਲ ਗੱਡੀ ਤਪਾ ਰੇਲਵੇ ਸਟੇਸ਼ਨ ਤੇ ਰੁਕ ਗਈ। ਜਿਸ ਨਾਲ ਉਨ੍ਹਾਂ ਨੂੰ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਵਿਚ ਰੇਲ ਯਾਤਰੀਆਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਆਪੋ ਆਪਣੇ ਟਿਕਾਣੇ ਤੇ ਪੁੱਜਣ ਲਈ ਰੇਲ ਗੱਡੀ ਰਾਹੀਂ ਜਾਣਾ ਸੀ। ਪਰ ਬੰਦ ਦੇ ਸੱਦੇ ਨੂੰ ਲੈ ਕੇ ਰੇਲਗੱਡੀ ਰੁਕ ਗਈ। ਰੇਲ ਯਾਤਰੀਆਂ ਨੇ ਸੈਂਟਰ ਸਰਕਾਰ ਦੀ ਰੇਲਵੇ ਵਿਭਾਗ ਤੇ ਵੀ ਗੰਭੀਰ ਦੋਸ਼ ਲਾਉਂਦੇ ਕਿਹਾ ਕਿ ਜੇਕਰ ਰੇਲਵੇ ਵਿਭਾਗ ਨੂੰ ਪਹਿਲਾਂ ਹੀ ਬੰਦ ਦਾ ਪਤਾ ਸੀ ਤਾਂ ਉਨ੍ਹਾਂ ਨੇ ਰੇਲਵੇ ਬੁਕਿੰਗ ਕਿਉਂ ਕੀਤੀ।
ਕਈ ਤਾਂ ਭਿਆਨਕ ਬਿਮਾਰੀਆਂ ਨਾਲ ਜੂਝ ਰਹੇ ਯਾਤਰੀਆਂ ਨੇ ਵੀ ਕਿਹਾ ਕਿ ਜੇਕਰ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਹੁੰਦੀ ਹੈ ਜਾਂ ਉਸ ਲਈ ਰੇਲਵੇ ਵਿਭਾਗ ਜ਼ਿਮੀਂਦਾਰ ਹੋਵੇਗਾ ਰੇਲਵੇ ਵਿਭਾਗ ਨੇ ਅਜੇ ਤੱਕ ਕੋਈ ਵੀ ਸਿਹਤ ਸਹੂਲਤ ਜਾਂ ਹੋਰ ਕੋਈ ਵੀ ਪ੍ਰਬੰਧ ਨਹੀਂ ਕੀਤੇ। ਜਿਸ ਲਈ ਰੇਲ ਯਾਤਰੀਆਂ ਤੋਂ ਨਿਰਾਸ਼ਾ ਪਾਈ ਜਾ ਰਹੀ ਹੈ। ਉਨ੍ਹਾਂ ਮੋਦੀ ਸਰਕਾਰ ਤੋਂ ਮੰਗ ਕਰਦੇ ਕਿਹਾ ਕਿ ਜਲਦ ਖੇਤੀ ਕਾਨੂੰਨ ਨੂੰ ਰੱਦ ਕਰਕੇ ਕਿਸਾਨਾਂ ਨੂੰ ਅਤੇ ਦੇਸ਼ ਵਾਸੀ ਨੂੰ ਰਾਹਤ ਦਿੱਤੀ ਜਾਵੇ।
ਰੇਲ ਗੱਡੀ ਰੁਕਣ ਨਾਲ ਸਮਾਜ ਸੇਵੀ ਸੰਸਥਾ ਦੇ ਮੁਖੀ ਸੁਸ਼ੀਲ ਕੁਮਾਰ ਭੂਤ ਸਮੇਤ ਸਾਥੀਆਂ ਨਾਲ ਯਾਤਰੀਆਂ ਦੀ ਸਹੂਲਤ ਲਈ ਖਾਣ ਪੀਣ ਦਾ ਰਾਸ਼ਨ ਵੰਡਦੇ ਦਿਖਾਈ ਦਿੱਤੇ ਅਤੇ ਉਨ੍ਹਾਂ ਕਿਹਾ ਕਿ ਯਾਤਰੀਆਂ ਨੂੰ ਖਾਣ ਪੀਣ ਅਤੇ ਰਹਿਣ ਦੀ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।
ਦੂਜੇ ਪਾਸੇ ਦੇਖਿਆ ਗਿਆ ਕਿ ਹਸਪਤਾਲ ਵਿੱਚ ਦਵਾਈ ਲੈਣ ਨੌਕਰੀ ਲਈ ਅਤੇ ਜ਼ਰੂਰੀ ਕੰਮਕਾਜਾਂ ਲਈ ਜਾਣ ਵਾਲੇ ਰੇਲ ਯਾਤਰੀਆਂ ਨੇ ਵੀ ਸਰਕਾਰ ਖ਼ਿਲਾਫ਼ ਨਿਰਾਸ਼ਾ ਪ੍ਰਗਟ ਕੀਤੀ ਅਤੇ ਮਹਿੰਗੇ ਕਿਰਾਏ ਖ਼ਰਚ ਕਰਕੇ ਪ੍ਰਾਈਵੇਟ ਗੱਡੀਆਂ ਰਾਹੀਂ ਆਪਣੇ ਟਿਕਾਣੇ ਤੇ ਪਹੁੰਚ ਲਈ ਦਿਖਾਈ ਦਿੱਤੇ।