ਕਮਲਜੀਤ ਸਿੰਘ ਸੰਧੂ
ਬਰਨਾਲਾ, 19 ਮਾਰਚ 2021 - ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਸੰਘਰਸ਼ ਜਾਰੀ ਹੈ। ਇਸ ਸੰਘਰਸ਼ ਦਰਮਿਆਨ ਭਾਵੇਂ ਪੰਜਾਬ ਵਿੱਚ ਦੋ ਧਿਰਾਂ ਬਨਣ ਕਰਕੇ ਸੰਘਰਸ਼ ਨੂੰ ਵੱਡੀ ਢਾਹ ਲੱਗਦੀ ਦਿਖਾਈ ਦੇ ਰਹੀ ਸੀ। ਪਰ ਪੰਥਕ ਅਤੇ ਕਿਸਾਨ ਜੱਥੇਬੰਦੀਆ ਦਰਮਿਆਨ ਪਏ ਇਸ ਪਾੜੇ ਨੂੰ ਖ਼ਤਮ ਕਰਨ ਲਈ ਕਿਸਾਨੀ ਸੰਘਰਸ਼ ਦੇ ਸ਼ਹੀਦ ਨਵਰੀਤ ਸਿੰਘ ਦੇ ਦਾਦਾ ਬਾਪੂ ਹਰਦੀਪ ਸਿੰਘ ਡਿਬਡਿਬਾ ਵਲੋਂ ਵੱਡਾ ਉਦਮ ਕੀਤਾ ਜਾ ਰਿਹਾ ਹੈ।
ਹਰਦੀਪ ਸਿੰਘ ਡਿਬਡਿਬਾ ਵਲੋਂ ਪੰਜਾਬ ਦੀ ਨੌਜਵਾਨੀ ਨੂੰ ਲੈ ਕੇ ਇੱਕ ਵੱਡਾ ਮਾਰਚ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਕਰਨ ਦਾ ਪ੍ਰੋਗਰਾਮ ਬਣਾਇਆ ਗਿਆ ਹੈ। 25 ਮਾਰਚ ਨੂੰ ਮੋਗਾ ਸ਼ਹਿਰ ਤੋਂ ਇੱਕ ਵਹੀਕਲ ਮਾਰਚ ਹਰਦੀਪ ਸਿੰਘ ਡਿਬਡਿਬਾ ਦੀ ਅਗਵਾਈ ਵਿੱਚ ਕਿਸਾਨ ਅਤੇ ਪੰਥਕ ਧਿਰਾਂ ਨੂੰ ਇਕਜੁੱਟ ਕਰਕੇ ਨੌਜਵਾਨਾਂ ਨੂੰ ਨਾਲ ਲੈ ਕੇ ਦਿੱਲੀ ਨੂੰ ਰਵਾਨਾ ਹੋਵੇਗਾ। ਇਸ ਮਾਰਚ ਸਬੰਧੀ ਇੱਕ ਵਿਸ਼ੇਸ ਮੀਟਿੰਗ ਬਰਨਾਲਾ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਹੋਈ।
ਮੀਟਿੰਗ ਵਿੱਚ ਸ਼ਾਮਲ ਹੋਏ ਜੱਥੇਬੰਦੀਆਂ ਦੇ ਆਗੂਆਂ ਨੂੰ ਹਰਦੀਪ ਸਿੰਘ ਡਿਬਡਿਬਾ ਵਲੋਂ ਇਸ ਮਾਰਚ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਹਰਦੀਪ ਸਿੰਘ ਡਿਬਡਿਬਾ ਨੇ ਦੱਸਿਆ ਕਿ ਖੇਤੀ ਕਾਨੂੰਨਾਂ ਵਿਰੁੱਧ ਚੱਲਦੇ ਕਿਸਾਨੀ ਘੋਲ ਵਿੱਚ ਇਹ ਗੱਲ ਪ੍ਰਚਾਰੀ ਜਾ ਰਹੀ ਹੈ ਕਿ ਨੌਜਵਾਨ ਸੰਘਰਸ਼ ਤੋਂ ਦੂਰ ਹੋ ਗਏ ਹਨ। ਜਦੋਂਕਿ ਵੱਡੀ ਗਿਣਤੀ ਵਿੱਚ ਨੌਜਵਾਨ ਇਸ ਸੰਘਰਸ਼ ਨਾਲ ਖੜੇ ਹਨ। ਸੰਘਰਸ਼ ਵਿੱਚ ਨੌਜਵਾਨਾਂ ਨੂੰ ਹੋਰ ਵੱਡੇ ਪੱੱਧਰ ’ਤੇ ਜੋੜਨ ਲਈ ਉਹਨਾਂ ਵਲੋਂ 25 ਮਾਰਚ ਨੂੰ ਮੋਗਾ ਸ਼ਹਿਰ ਤੋਂ ਵਹੀਕਲ ਮਾਰਚ ਦਿੱਲੀ ਲਿਜਾਣ ਦਾ ਪ੍ਰੋਗਰਾਮ ਬਣਾਇਆ ਗਿਆ ਹੈ। ਜਿਸ ਲਈ ਉਹਨਾਂ ਵਲੋਂ ਕਿਸਾਨ ਜੱਥੇਬੰਦੀਆਂ ਅਤੇ ਪੰਥਕ ਜੱਥੇਬੰਦੀਆ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਗਈ ਹੈ। ਜਿਹਨਾਂ ਵਲੋਂ ਇਸ ਮਾਰਚ ਵਿੱਚ ਸ਼ਾਮਲ ਹੋਣ ਦਾ ਵਿਸ਼ਵਾਸ਼ ਦਵਾਇਆ ਹੈ।
ਇਹ ਮਾਰਚ ਮੋਗਾ ਤੋਂ ਸ਼ੁਰੂ ਹੋ ਕੇ ਲੁਧਿਆਣਾ ਜ਼ਿਲੇ ਵਿੱਚ ਦੀ ਹੁੰਦੇ ਹੋਏ ਸੰਭੂ ਬਾਰਡਰ ’ਤੇ ਜਾਵੇਗਾ। ਜਿੱਥੋਂ ਹਰਿਆਣਾ ਦੇ ਰਸਤੇ ਦਿੱਲੀ ਦੇ ਸਿੰਘੂ ਬਾਰਡਰ ’ਤੇ ਜਾਵੇਗਾ। ਇਸ ਮਾਰਚ ਦਾ ਨਾਮ ਨੌਜਵਾਨ ਕਿਸਾਨ ਮੋਰਚਾ ਇਕਜੁੱਟਤਾ ਮਾਰਚ ਰੱਖਿਆ ਗਿਆ ਹੈ, ਜੋ ਉਹਨਾਂ ਦੇ ਪੋਤਰੇ ਨਵਰੀਤ ਸਿੰਘ ਦੀ ਸ਼ਹਾਦਤ ਨੂੰ ਸਮਰਪਿੱਤ ਹੋਵੇਗਾ। ਉਹਨਾਂ ਸਿੱਖ ਸੰਗਤ ਨੂੰ ਬੇਨਤੀ ਕਰਦਿਆਂ ਕਿਹਾ ਕਿ ਇਸ ਵਾਰ ਹੋਲੇ ਮੁਹੱਲੇ ਮੌਕੇ ਆਨੰਦਪੁਰ ਸਾਹਿਬ ਜਾਣ ਦੀ ਥਾਂ ਹੋਲਾ ਮੁਹੱਲਾ ਦਿੱਲੀ ਕਿਸਾਨ ਮੋਰਚੇ ਨੂੰ ਸਮਰਪਿੱਤ ਕਰਨਾ ਚਾਹੀਦਾ ਹੈ।
ਉਹਨਾਂ ਨੌਜਵਾਨ ਆਗੂ ਲੱਖਾ ਸਿਧਾਣਾ ਅਤੇ ਕਿਸਾਨ ਜੱਥੇਬੰਦੀਆਂ ਵਿਚਕਾਰ ਚੱਲਦੇ ਵਿਵਾਦ ’ਤੇ ਕਿਹਾ ਕਿ ਲੱਖਾ ਸਿਧਾਣਾ ਵਲੋਂ ਕਿਸਾਨ ਆਗੂਆਂ ਦੀ ਅਗਵਾਈ ਵਿੱਚ ਸੰਘਰਸ਼ ਲੜਨ ਦੀਆਂ ਸਟੇਟਮੈਂਟਾਂ ਜਾਰੀ ਕੀਤੀਆਂ ਗਈਆਂ ਹਨ। ਜਿਸ ਕਰਕੇ ਹੁਣ ਕਿਸਾਨ ਜੱਥੇਬੰਦੀਆ ਦਾ ਫ਼ਰਜ਼ ਬਣਦਾ ਹੈ ਕਿ ਲੱਖੇ ਸਿਧਾਣੇ ਦੇ ਕੇਸ ਦੀ ਪੈਰਵਾਈ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਾਰੀਆਂ ਧਿਰਾਂ ਨੂੰ ਆਪੋ ਆਪਣੇ ਵਿਵਾਦ ਖ਼ਤਮ ਕਰਕੇ ਕਿਸਾਨੀ ਸੰਘਰਸ਼ ਦੀ ਜਿੱਤ ਲਈ ਇਕਜੁੱਟ ਹੋਣਾ ਚਾਹੀਦਾ ਹੈ।
ਇਸ ਮੌਕੇ ਸਿੱਖ ਕੌਮ ਦੇ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਨੇ ਕਿਹਾ ਕਿ ਹਰਦੀਪ ਸਿੰਘ ਡਿਬਡਿਬਾ ਇੱਕ ਬਹੁਤ ਵੱਡੀ ਸਖਸੀਅਤ ਹਨ। ਕਿਉਂਕਿ ਉਹਨਾਂ ਨੇ ਇਸ ਕਿਸਾਨ ਅੰਦੋਲਨ ਦੌਰਾਨ ਆਪਣੇ ਪੋਤਰੇ ਨਵਰੀਤ ਸਿੰਘ ਦੀ ਸ਼ਹਾਦਤ ਦਿੱਤੀ ਹੈ। ਹੁਣ ਹਰਦੀਪ ਸਿੰਘ ਡਿਬਡਿਬ ਵਲੋਂ 25 ਮਾਰਚ ਨੂੰ ਵਹੀਕਲ ਮਾਰਚ ਮੋਗਾ ਸ਼ਹਿਰ ਤੋਂ ਦਿੱਲੀ ਤੱਕ ਕਰਨ ਦਾ ਪ੍ਰੋਗਰਾਮ ਬਣਾਇਆ ਹੈ। ਜਿਸਨੂੰ ਸਫ਼ਲ ਬਨਾਉਣ ਲਈ ਸਾਰੀਆਂ ਧਿਰਾਂ ਨੂੰ ਇਸ ਮਾਰਚ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਹਰਦੀਪ ਸਿੰਘ ਵਲੋਂ ਮਾਰਚ ਲਈ ਦਿੱਤੇ ਸੱਦੇ ਵਿੱਚ ਹਰ ਧਿਰ ਨੂੰ ਆਪੋ ਆਪਣੇ ਗਿਲੇ ਸਿਕਵੇ ਮਿਟਾ ਕੇ ਸ਼ਾਮਲ ਹੋਣਾ ਚਾਹੀਦਾ ਹੈ।