ਅਸ਼ੋਕ ਵਰਮਾ
ਬਠਿੰਡਾ, 29 ਦਸੰਬਰ 2020:ਬਠਿੰਡਾ ਜਿਲੇ ਦੇ ਪਿੰਡ ਪੱਕਾ ਕਲਾਂ ’ਚ ਅੱਜ ਪੁਲਿਸ ਦੇ ਪਹਿਰੇ ’ਚ ਰਿਲਾਇੰਸ ਜੀਓ ਦੇ ਟਾਵਰ ਦਾ ਕੱਟਿਆ ਹੋਇਆ ਬਿਜਲੀ ਕੁਨੈਕਸ਼ਨ ਜੋੜਨ ਆਏ ਮੁਲਾਜਮਾਂ ਨੂੰ ਕਿਸਾਨਾਂ ਨੇ ਭਾਜੜਾਂ ਪਾ ਦਿੱਤੀਆਂ। ਕਿਸਾਨਾਂ ਦਾ ਇਕੱਠ ਅਤੇ ਰੋਹ ਹੀ ਐਨਾ ਵਧ ਗਿਆ ਕਿ ਕਰਮਚਾਰੀਆਂ ਨੂੰ ਬੇਰੰਗ ਮੁੜਨਾ ਪਿਆ। ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਮੋਦੀ ਸਰਕਾਰ ਕਾਲੇ ਕਾਨੂੰਨ ਵਾਪਿਸ ਨਹੀਂ ਲੈਂਦੀ ਉਦੋਂ ਤੱਕ ਟਾਵਰ ਨਹੀਂ ਚੱਲਣ ਦਿੱਤਾ ਜਾਏਗਾ। ਜਾਣਕਾਰੀ ਅਨੁਸਾਰ ਮਾਮਲਾ ਕੁੱਝ ਇਸ ਤਰਾਂ ਹੈ ਕਿ ਪੱਕਾ ਕਲਾਂ ’ਚ ਇੱਕ ਮੋਬਾਇਲ ਕੰਪਨੀ ਦੇ ਬਿਜਲੀ ਕੁਨੈਕਸ਼ਨ ਨੂੰ ਕਿਸਾਨਾਂ ਵੱਲੋਂ ਕੱਟ ਦਿੱਤਾ ਗਿਆ ਸੀ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੀ ਚਿਤਾਵਨੀ ਤੋਂ ਬਾਅਦ ਅੱਜ ਜਦੋਂ ਸਬੰਧਤ ਕੰਪਨੀ ਦੇ ਮੁਲਾਜਮ ਮੁੜ ਤੋਂ ਬਿਜਲੀ ਚਾਲੂ ਕਰਨ ਲਈ ਪੁਲਿਸ ਨਾਲ ਲਿਆਏ ਤਾਂ ਕਿਸਾਨ ਭੜਕ ਗਏ ਅਤੇ ਇਕੱਠੇ ਹੋਣ ਲਈ ਸਨੇਹਾਂ ਲਾ ਦਿੱਤਾ। ਮਹੱਤਵਪੂਰਨ ਤੱਥ ਹੈ ਕਿ ਥਾਣਾ ਸੰਗਤ ਦੇ ਮੁੱਖ ਥਾਣਾ ਅਫਸਰ ਦਲਜੀਤ ਸਿੰਘ ਖੁਦ ਕੁਨੈਕਸ਼ਨ ਜੁੜਵਾਉਣ ਲਈ ਆਏ ਸਨ ਜਿਸ ਨੇ ਬਲਦੀ ਤੇ ਤੇਲ ਵਾਲਾ ਕੰਮ ਕੀਤਾ । ਦੇਖਦਿਆਂ ਹੀ ਦੇਖਦਿਆਂ ਭਾਰਤੀ ਕਿਸਾਨ ਯੂਨੀਅਨ (ਸਿੱਧੂਪਰ) ਬਲਾਕ ਸੰਗਤ ਦੇ ਪ੍ਰਧਾਨ ਜਬਰਜੰਗ ਸਿੰਘ ਦੀ ਅਗਵਾਈ ਹੇਠ ਇਕੱਠੇ ਹੋ ਗਏ ਅਤੇ ਕੇਂਦਰ ਸਰਕਾਰ ਤੇ ਕਾਰਪੋਰੇਟ ਘਰਾਣਿਆ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਕਿਸਾਨਾਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਕੇਂਦਰ ਸਰਕਾਰ ਵੱਲੋਂ ਖ਼ੇਤੀ ਸਬੰਧੀ ਪਾਸ ਕੀਤੇ ਕਾਲੇ ਕਾਨੂੰਨ ਵਾਪਸ ਨਹੀਂ ਲੈ ਲੈਂਦੀ ਉਦੋਂ ਤੱਕ ਉਹ ਪਿੰਡ ’ਚ ਨਿੱਜੀ ਕੰਪਨੀ ਦੇ ਲੱਗੇ ਟਾਵਰ ਨੂੰ ਕਿਸੇ ਵੀ ਕੀਮਤ ਤੇ ਚੱਲਣ ਨਹੀਂ ਦੇਣਗੇ। ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਬਠਿੰਡਾ ਦਿਹਾਤੀ ਦੇ ਡੀਐਸਪੀ ਦਵਿੰਦਰ ਸਿੰਘ ਵੀ ਮੌਕੇ ਤੇ ਗਏ ਅਤੇ ਕਿਸਾਨਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਟੱਸ ਤੋਂ ਮੱਸ ਨਹੀਂ ਹੋਏ। ਬਲਾਕ ਸੰਗਤ ਦੇ ਪ੍ਰਧਾਨ ਜਬਰਜੰਗ ਸਿੰਘ ਪੱਕਾ ਕਲਾਂ ਨੇ ਕਿਹਾ ਕਿ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਾਲੇ ਕਾਨੂੰਨਾਂ ਦੇ ਵਿਰੋਧ ’ਚ ਨਿੱਜੀ ਕੰਪਨੀ ਦੇ ਮੋਬਾਇਲ ਟਾਵਰ ਦੀ ਬਿਜਲੀ ਕੱਟ ਕੇ ਜਿੰਦਰਾ ਲਾਇਆ ਸੀ । ਉਹਨਾਂ ਕਿਹਾ ਕਿ ਕੰਪਨੀ ਦੇ ਕਰਮਚਾਰੀ ਪੁਲਸ ਪ੍ਰਸਾਸ਼ਨ ਦੀ ਮੌਜੂਦਗੀ ’ਚ ਟਾਵਰ ਦੀ ਬਿਜਲੀ ਚਾਲੂ ਕਰਨ ਆਏ ਸੀ ਪ੍ਰੰਤੂ ਅਜਿਹਾ ਹੋਣ ਨਹੀਂ ਦਿੱਤਾ ਹੈ।
ਕਿਸਾਨਾਂ ਇੱਕ ਦਿਨ ਦਾ ਸਮਾਂ ਮੰਗਿਆ:ਐਸਐਚਓ
ਥਾਣਾ ਸੰਗਤ ਦੇ ਮੁਖੀ ਦਲਜੀਤ ਸਿੰਘ ਬਰਾੜ ਦਾ ਕਹਿਣਾ ਸੀ ਕਿ ਉਹ ਕੰਪਨੀ ਕਰਮਚਾਰੀਆਂ ਦੇ ਨਾਲ ਮੋਬਾਇਲ ਟਾਵਰ ਦਾ ਕੱਟਿਆ ਬਿਜਲੀ ਕੂਨੈਕਸ਼ਨ ਜੁੜਵਾਉਣ ਲਈ ਗਏ ਸਨ। ਉਹਨਾਂ ਦੱਸਿਆ ਕਿ ਕਿਸਾਨਾਂ ਵੱਲੋਂ ਇੱਕ ਦਿਨ ਦਾ ਸਮਾਂ ਮੰਗਣ ਤੇ ਕਰਮਚਾਰੀ ਉਹਨਾਂ ਨਾਲ ਸਹਿਮਤ ਹੋ ਕੇ ਇੱਕ ਵਾਰ ਪਰਤ ਗਏ ਹਨ।
ਮਸਲਾ ਹੱਲ ਕਰਵਾਇਆ:ਡੀਐਸਪੀ
ਡੀਐਸਪੀ ਦਿਹਾਤੀ ਦਵਿੰਦਰ ਸਿੰਘ ਦਾ ਕਹਿਣਾ ਸੀ ਕਿ ਰਿਲਾਇੰਸ ਕੰਪਨੀ ਦੀ ਜਰੂਰਤ ਅਨੁਸਾਰ ਮਸਲਾ ਹੱਲ ਕਰਵਾ ਦਿੱਤਾ ਗਿਆ ਹੈ ਅਤੇ ਕਿਸਾਨਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਉਹਨਾਂ ਆਖਿਆ ਕਿ ਅਜੇ ਕੋਈ ਵੱਡੀ ਸਮੱਸਿਆ ਤਾਂ ਨਹੀਂ ਆਈ ਫਿਰ ਵੀ ਚੌਕਸੀ ਰੱਖੀ ਜਾ ਰਹੀ ਹੈ।