ਅਸ਼ੋਕ ਵਰਮਾ
ਨਵੀਂ ਦਿੱਲੀ/ਚੰਡੀਗੜ੍ਹ, 1 ਦਸੰਬਰ 2020 - ਪੰਜਾਬ ਦੇ ਲੋਕ ਗਾਇਕਾਂ ਨੇ ਅੱਜ ਕਿਸਾਨ ਪੁੱਤ ਬਣਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲਾਏ ਦਿੱਲੀ ਮੋਰਚੇ ’ਚ ਸੰਘਰਸ਼ੀ ਹੇਕ ਲਾਈ। ਅੱਜ ਦੀ ਸਟੇਜ ਤੋਂ ਉੱਘੇ ਕਲਾਕਾਰ ਹਰਭਜਨ ਮਾਨ,ਕੰਵਰ ਗਰੇਵਾਲ, ਹਰਫ ਚੀਮਾਂ, ਮਲਕੀਤ ਸਿੰਘ ਰੌਣੀ ਅਤੇ ਕਰਮਜੀਤ ਅਨਮੋਲ ਨੇ ਕਿਸਾਨੀ ਨਾਲ ਮੋਢਾ ਜੋੜਕੇ ਲੜਾਈ ਲੜਨ ਦਾ ਅਹਿਦ ਲਿਆ। ਇਸ ਨੂੰ ਇੱਕ ਚੰਗੀ ਪਹਿਲ ਮੰਨਿਆ ਜਾ ਰਿਹਾ ਹੈ ਕਿਉਂਕਿ ਸਾਫ ਸੁਥਰੀ ਦਿੱਖ ਵਾਲੇ ਇਹ ਕਲਾਕਾਰ ਔਖੀ ਘੜੀ ’ਚ ਕਿਸਾਨਾਂ ਦੇ ਹੱਕ ’ਚ ਕੁੱਦੇ ਹਨ। ਇਹਨਾਂ ਲੋਕ ਗਾਇਕਾਂ ਨੇ ਆਖਿਆ ਕਿ ਉਹ ਕਿਸਾਨ ਘੋਲ ’ਚ ਬਤੌਰ ਕਿਸਾਨਾਂ ਦੇ ਪੁੱਤ ਬਣਕੇ ਆਏ ਹਨ। ਉਹਨਾਂ ਕੇਂਦਰ ਸਰਕਾਰ ਨੂੰ ਕਾਲੇ ਖੇਤੀ ਕਾਨੂੰਨ ਵਾਪਿਸ ਲੈਣ ਦੀ ਨਸੀਹਤ ਦਿੱਤੀ। ਇਸੇ ਤਰਾਂ ਹੀ ਅੱਜ ਇਸ ਮੌਕੇ ਇਕੱਤਰ ਸਿੰਘ ਦੀ ਨਿਰਦੇਸ਼ਨਾ ਵਾਲੀ ਨਾਟਕ ਟੀਮ ਨੇ ਆਪੋ-ਆਪਣੇ ਵਿਚਾਰ ,ਗੀਤ ਅਤੇ ਨਾਟਕ ਪੇਸ਼ ਕੀਤੇ ਅਤੇ ਹਾਜਰ ਇਕੱਠ ਨੂੰ ਸੰਘਰਸ਼ੀ ਥਾਪੜਾ ਦਿੱਤਾ।
ਉੱਧਰ ਟਿਕਰੀ ਬਾਰਡਰ ਤੇ ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਇਲਾਵਾ ਬਿਜਲੀ ਸੋਧ ਬਿੱਲ 2020 ਤੇ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਇੱਕ ਕਰੋੜ ਰੁਪਏ ਦਾ ਜੁਰਮਾਨਾ ਕਰਨ ਵਾਲਾ ਆਰਡੀਨੈਂਸ ਰੱਦ ਕਰਾਉਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕਰਦਿਆਂ ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਨੇ ਆਖਿਆ ਕਿ ਉਹ ਪੰਜਾਬ ਲਈ ਇਕੱਲੀ ਐਮ ਐਸ ਪੀ ਲੈਣ ਨਹੀਂ ਆਏ ਸਗੋਂ ਕਿਸਾਨ ਵਿਰੋਧੀ ਕਾਨੂੰਨਾਂ ਤੇ ਨੀਤੀਆਂ ਨੂੰ ਰੱਦ ਕਰਾਉਣ ਦੇ ਨਾਲ-ਨਾਲ ਸਾਰੇ ਸੂਬਿਆਂ ਵਿੱਚ ਸਾਰੀਆਂ ਫਸਲਾਂ ਲਈ ਘੱਟੋ ਘੱਟ ਖਰੀਦ ਮੁੱਲ ਨੂੰ ਸੰਵਿਧਾਨਕ ਦਰਜਾ ਦਿਵਾਉਣ ਅਤੇ ਜਨਤਕ ਵੰਡ ਪ੍ਰਣਾਲੀ ਨੂੰ ਕਾਨੂੰਨੀ ਜਾਮਾ ਪਹਿਨਾਉਣ ਲਈ ਵਿਸ਼ਾਲ ਤਾਕਤ ਦੇ ਜੋਰ 'ਤੇ ਲੰਮਾਂ ਦਮ ਰੱਖਕੇ ਲੜਨ ਦੀ ਤਿਆਰੀ ਨਾਲ ਦਿੱਲੀ ਦੇ ਬਾਰਡਰ ‘ਤੇ ਨਿੱਤਰੇ ਹਨ। ਉਹਨਾਂ ਆਖਿਆ ਕਿ ਮੋਦੀ ਸਰਕਾਰ ਨੇ ਇੱਕ ਪਾਸੇ ਕਿਸਾਨਾਂ ਤੋਂ ਜਮੀਨਾਂ ਖੋਹਣ ਦਾ ਹੱਲਾ ਬੋਲ ਰੱਖਿਆ ਹੈ ਤੇ ਦੂਜੇ ਪਾਸੇ ਉਹਨਾਂ ਦੇ ਸੰਘਰਸ਼ ਕਰਨ ਦੇ ਜਮਹੂਰੀ ਹੱਕਾਂ ਦਾ ਘਾਣ ਕਰ ਰਹੀ ਹੈ।
ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਆਖਿਆ ਕਿ ਦਿੱਲੀ ‘ਚ ਲੱਗੇ ਮੋਰਚੇ ਵਿੱਚ ਹਰਿਆਣਾ ਦੇ ਕਿਸਾਨਾਂ ਤੇ ਲੋਕਾਂ ਵੱਲੋਂ ਦਿਲ ਖੋਲ੍ਹ ਕੇ ਲੰਗਰ ਲਾਏ ਜਾ ਰਹੇ ਅਤੇ ਮੋਰਚੇ ‘ਚ ਸ਼ਮੂਲੀਅਤ ਕੀਤੀ ਜਾ ਰਹੀ ਹੈ। ਮਹਿਲਾ ਆਗੂ ਹਰਿੰਦਰ ਕੌਰ ਬਿੰਦੂ ਨੇ ਆਖਿਆ ਕਿ ਦਿੱਲੀ ਮੋਰਚੇ ‘ਚ ਪੰਜਾਬ ‘ਚੋਂ ਲਗਾਤਾਰ ਕਾਫਲੇ ਆ ਰਹੇ ਹਨ ਅਤੇ ਪੰਜਾਬ ‘ਚ ਭਾਜਪਾ ਆਗੂਆਂ , ਟੋਲ ਪਲਾਜਿਆ ਤੇ ਸ਼ਾਪਿੰਗ ਮਾਲਜ਼ ਅੱਗੇ ਲੱਗੇ ਮੋਰਚਿਆਂ ਵਿੱਚ ਵੀ ਗਿਣਤੀ ਵਧ ਰਹੀ ਹੈ ਜਿਸ ਤੋਂ ਜਾਹਰ ਹੈ ਕਿ ਲੋਕ ਹੁਣ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਲਾਗੂ ਨਹੀਂ ਹੋਣ ਦੇਣਗੇ।ਇਸ ਮੌਕੇ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਪੰਜਾਬ ਖੇਤ ਮਜਦੂਰ ਯੂਨੀਅਨ ਦੇ ਪ੍ਰਧਾਨ ਜੋਰਾ ਸਿੰਘ ਨਸਰਾਲੀ, ਰਾਜਸਥਾਨ ਦੇ ਕਿਸਾਨ ਆਗੂ ਰਕੇਸ਼ ਬਿਸ਼ਨੋਈ ਤੇ ਗੁਲਾਬ ਸਿੰਘ, ਹਰਿਆਣਾ ਦੇ ਆਗੂ ਫਲ ਸਿੰਘ, ਜਨਵਾਦੀ ਇਸਤਰੀ ਸਭਾ ਦੀ ਆਗੂ ਰਾਜ ਕੁਮਾਰੀ ਤੋਂ ਇਲਾਵਾ ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਜਗਤਾਰ ਸਿੰਘ ਕਾਲਾਝਾੜ, ਪਰਮਜੀਤ ਕੌਰ ਪਿੱਥੋ, ਰਾਮ ਸਿੰਘ ਭੈਣੀ ਬਾਘਾ, ਅਮਰੀਕ ਸਿੰਘ ਗੰਢੂਆਂ, ਰਾਜਵਿੰਦਰ ਸਿੰਘ ਰਾਮਨਗਰ ਅਤੇ ਜਨਕ ਸਿੰਘ ਭੁਟਾਲ ਨੇ ਵੀ ਸੰਬੋਧਨ ਕੀਤਾ।