ਅਸ਼ੋਕ ਵਰਮਾ
ਚੰਡੀਗੜ੍ਹ 4 ਅਪ੍ਰੈਲ 2021 - ਪੂਰੇ ਦੇਸ਼ ‘ਚ ਐਫ. ਸੀ. ਆਈ. ਦੇ ਦਫਤਰਾਂ ਦੇ ਘਿਰਾਓ ਕਰਨ ਦੇ ਸੰਯੁਕਤ ਮੋਰਚੇ ਦੇ ਸੱਦੇ ‘ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਲਿਖਤੀ ਪ੍ਰੈਸਨੋਟ ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਪਿੰਡ ਪਿੰਡ ਮੀਟਿੰਗਾਂ ਰੈਲੀਆਂ ਨੁੱਕੜ ਨਾਟਕਾਂ ਆਦਿ ਰਾਹੀਂ ਚਲਾਈ ਗਈ ਤਿਆਰੀ ਮੁਹਿੰਮ ਨੂੰ ਜ਼ਬਰਦਸਤ ਹੁੰਗਾਰਾ ਮਿਲਿਆ ਹੈ।
15 ਜ਼ਿਲ੍ਹਿਆਂ ਦੀਆਂ ਕਿਸਾਨ ਕਮੇਟੀਆਂ ਦੇ ਫੈਸਲਿਆਂ ਮੁਤਾਬਕ ਕੁੱਲ ਮਿਲਾ ਕੇ ਦਫਤਰਾਂ ਦੇ ਘਿਰਾਓ ਕੀਤੇ ਜਾਣਗੇ। ਹਾਜ਼ਰ ਅਧਿਕਾਰੀਆਂ ਨੂੰ ਕੇਂਦਰ ਵਿੱਚ ਅਨਾਜ ਮੰਤਰੀ ਦੇ ਨਾਮ ਮੰਗ ਪੱਤਰ ਸੌਂਪੇ ਜਾਣਗੇ। ਥਾਂ ਥਾਂ ਪ੍ਰਵਾਰਾਂ ਸਮੇਤ ਸ਼ਾਮਲ ਹੋਣ ਵਾਲੇ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਵੱਲੋਂ ਮੰਗ ਕੀਤੀ ਜਾਵੇਗੀ ਕਿ ਕਣਕ ਦੀ ਖਰੀਦ ਤੋਂ ਭੱਜਣ ਦੇ ਬਹਾਨਿਆਂ ਵਜੋਂ ਨਮੀ ਦੀ ਮਾਤਰਾ ਅਤੇ ਦਾਗੀ ਦਾਣਿਆਂ ਦੀ ਮਾਤਰਾ ਘਟਾਉਣ ਵਰਗੀਆਂ ਬੇਹੂਦਾ ਸ਼ਰਤਾਂ ਰੱਦ ਕੀਤੀਆਂ ਜਾਣ।
ਕਿਸਾਨਾਂ ਨੂੰ ਜ਼ਮੀਨਾਂ ਦੀਆਂ ਫਰਦਾਂ ਪੇਸ਼ ਕਰਨ ਦੇ ਹੁਕਮ ਅਤੇ ਇਨ੍ਹਾਂ ਮੁਤਾਬਕ ਸਿਰਫ ਉਤਨੀ ਹੀ ਕਣਕ ਖਰੀਦਣ ਦਾ ਕਿਸਾਨ ਮਾਰੂ ਫੈਸਲਾ ਵੀ ਵਾਪਸ ਲਿਆ ਜਾਵੇ। ਸ਼ਾਂਤਾ ਕੁਮਾਰ ਕਮੇਟੀ ਦੀ ਐਫ. ਸੀ. ਆਈ. ਦਾ ਭੋਗ ਪਾਉਣ ਵਾਲੀ ਰਿਪੋਰਟ ਅਤੇ ਇਸ ਮੁਤਾਬਕ ਬਣਾਏ ਗਏ ਕਾਲੇ ਖੇਤੀ ਕਾਨੂੰਨ ਤੁਰੰਤ ਰੱਦ ਕੀਤੇ ਜਾਣ। ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਮੁਤਾਬਕ ਤਿਆਰੀ ਮੁਹਿੰਮ ਦੌਰਾਨ ਸਮੂਹ ਕਿਸਾਨਾਂ ਤੇ ਖੇਤ ਮਜ਼ਦੂਰਾਂ ਤੋਂ ਇਲਾਵਾ ਇਨ੍ਹਾਂ ਕਾਨੂੰਨਾਂ ਦੀ ਮਾਰ ਹੇਠ ਆਉਂਦੇ ਮੰਡੀ ਕਰਮਚਾਰੀਆਂ, ਪੱਲੇਦਾਰਾਂ, ਮੁਨੀਮਾਂ, ਆੜ੍ਹਤੀਆਂ, ਟ੍ਰਾਂਸਪੋਰਟਰਾਂ ਆਦਿ ਸਭਨਾਂ ਨੂੰ ਕਿਸਾਨ ਘੋਲ਼ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਜਿਸ ਨੂੰ ਸਾਰੇ ਪਾਸਿਆਂ ਤੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸਾਮਰਾਜੀ ਕਾਰਪੋਰੇਟਾਂ ਦੀ ਝੋਲੀਚੁੱਕ ਭਾਜਪਾ ਮੋਦੀ ਹਕੂਮਤ ਦੀ ਹਰ ਪਾਸਿਓਂ ਜ਼ੋਰਦਾਰ ਨਿਖੇਧੀ ਕੀਤੀ ਜਾ ਰਹੀ ਹੈ।