ਅਸ਼ੋਕ ਵਰਮਾ
- ਦਿੱਲੀ ਪੁਲਿਸ ਨੇ ਲਾਏ ਦੋਸ਼ਾਂ ਦੀ ਜਾਂਚ ਸ਼ੁਰੂ:ਐਸ ਐਸ ਪੀ
ਬਠਿੰਡਾ,11 ਅਪਰੈਲ 2021:ਬਠਿੰਡਾ ਪੁਲਿਸ ਨੇ ਲੱਖਾ ਸਿਧਾਣਾ ਦੇ ਭਰਾ ਗੁਰਦੀਪ ਸਿੰਘ ਦੇ ਬਿਆਨ ਕਲਮਬੰਦ ਕਰਕੇ ਦਿੱਲੀ ਪੁਲਿਸ ਨੇ ਲਾਏ ਕੁੱਟਮਾਰ ਦੇ ਦੋਸ਼ਾਂ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਲੱਖਾ ਸਿਧਾਣਾ ਦੇ ਚਾਚੇ ਦੇ ਪੁੱਤਰ ਗਰਦੀਪ ਸਿੰਘ ਨੂੰ ਇਲਾਜ ਲਈ ਬਠਿੰਡਾ ਦੇ ਸਿਵਲ ਹਸਪਤਾਲ ’ਚ ਲਿਆਂਦਾ ਸੀ। ਜਾਣਕਾਰੀ ਅਨੁਸਾਰ ਗੁਰਦੀਪ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਹੈ ਕਿ ਉਹ ਪਟਿਆਲਾ ’ਚ ਲਾਅ ਦੀ ਪੜ੍ਹਾਈ ਕਰ ਰਿਹਾ ਹੈ। ਉਹ 8 ਅਪਰੈਲ ਨੂੰ ਸ਼ਾਮ ਸਾਢੇ ਚਾਰ ਵਜੇ ਰਾਮਪੁਰਾ ਤੋਂ ਪਟਿਆਲਾ ਲਈ ਰਵਾਨ ਹੋਇਆ ਸੀ ਜਿੱਥੇ ਉਸ ਨੇ ਪੇਪਰ ਦੇਣੇ ਸਨ।
ਉਹ ਸ਼ਾਮ ਨੂੰ ਸਵਾ ਸੱਤ ਵਜੇ ਪਟਿਆਲਾ ਪੁੱਜ ਗਿਆ ਅਤੇ ਸਟੇਸ਼ਨ ਤੋਂ ਉਸ ਦਾ ਦੋਸਤ ਉਸ ਨੂੰ ਮੋਟਰਸਾਈਕਲ ਤੇ ਬਿਠਾਕੇ ਲੈ ਗਿਆ। ਗੁਰਦੀਪ ਨੇ ਬਿਆਨ ’ਚ ਦੱਸਿਆ ਹੈ ਕਿ ਪਟਿਆਲਾ ਯੂਨੀਵਰਸਿਟੀ ਸੜਕ ਤੇ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਦੇ ਜਵਾਨਾਂ ਨੇ ਉਸ ਨੂੰ ਜਬਰੀ ਚੁੱਕ ਲਿਆ ਅਤੇ ਆਪਣੀ ਗੱਡੀ ’ਚ ਬਿਠਾ ਲਿਆ। ਪੁਲਿਸ ਜਵਾਨ ਉਸ ਨੂੰ ਜਨਕਪੁਰੀ ਪੁਲਿਸ ਸਟੇਸ਼ਨ ਲੈ ਗਏ ਜਿੱਥੇ ਉਸ ਨੂੰ ਪੁਲਿਸ ਨੇ ਕੱਟਮਾਰ ਕੀਤੀ ਅਤੇ ਤਸ਼ੱਦਦ ਢਾਹਿਆ। ਬਿਆਨਾਂ ’ਚ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਦਿੱਲੀ ਪੁਲਿਸ ਨੇ ਉਸਤੇ ਭਾਰੀ ਤਸ਼ੱਦਦ ਕਰਕੇ ਲੱਖਾ ਸਿਧਾਣਾ ਬਾਰੇ ਪੁੱਛਿਆ ਹੈ। ਅਗਲੇ ਦਿਨ 9 ਅਪਰੈਲ ਨੂੰ ਦਿੱਲੀ ਪੁਲਿਸ ਅੰਬਾਲਾ ਛੱਡ ਕੇ ਚਲੀ ਗਈ। ਜਿੱਥੋਂ ਉਹ ਆਪਣੇ ਦੋਸਤ ਕੋਲ ਪਟਿਆਲਾ ਅਤੇ ਬਾਅਦ ’ਚ ਆਪਣੇ ਪਿੰਡ ਪਹੁੰਚਿਆ।
ਪਿੰਡ ਦੀ ਪੰਚਾਇਤ ਨੇ ਉਸ ਨੂੰ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਸੀ। ਡਾਕਟਰਾਂ ਅਨੁਸਾਰ ਗੁਰਦੀਪ ਸਿੰਘ ਦੇ ਸ਼ਰੀਰ ਤੇ ਸੱਟਾਂ ਦੇ ਨਿਸ਼ਾਨ ਹਨ।ਦੱਸਣਯੋਗ ਹੈ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਨੂੰ ਲੈਕੇ 26 ਜਨਵਰੀ ਨੂੰ ਦਿੱਲੀ ਦੇ ਲਾਲ ਕਿਲੇ ਕੋਲ ਵਾਪਰੀਆਂ ਘਟਨਾਵਾਂ ਦੇ ਮਾਮਲੇ ’ਚ ਦਿੱਲੀ ਪੁਲਿਸ ਨੇ ਲੱਖਾ ਸਿਧਾਣਾ ਨੂੰ ਦੋਸ਼ੀ ਵਜੋਂ ਨਾਮਜਦ ਕਰਕੇ ਪੁਲਿਸ ਕੇਸ ਦਰਜ ਕੀਤਾ ਸੀ। ਇਸ ਮਾਮਲੇ ਨੂੰ ਲੈਕੇ ਲੱਖਾ ਸਿਧਾਣਾ ਨੇ ਦਿੱਲੀ ਪੁਲਿਸ ਤੇ ਦੋਸ਼ ਲਾਏ ਹਨ ਕਿ ਉਸ ਨੇ 8 ਅਪਰੈਲ ਨੂੰ ਪੇਪਰ ਦੇਣ ਲਈ ਪਟਿਆਲਾ ਗੁਰਦੀਪ ਸਿੰਘ ਨੂੰ ਦਿੱਲੀ ਚੁੱਕ ਲਿਆ ਅਤੇ ਬੇਤਹਾਸ਼ਾ ਤਸ਼ੱਦਦ ਢਾਹਿਆ ਹੈ। ਬਠਿੰਡਾ ’ਚ ਗੁਰਦੀਪ ਸਿੰਘ ਨੂੰ ਇਲਾਜ ਲਈ ਲਿਆਏ ਲੱਖਾ ਸਿਧਾਣਾ ਅਤੇ ਉਸ ਦੇ ਸਾਥੀਆਂ ਨੇ ਦਿੱਲੀ ਪੁਲਿਸ ਖਿਲਾਫ ਰੋਸ ਜਤਾਇਆ ਅਤੇ ਮੋਦੀ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ। ਇਸ ਮੌਕੇ ਹਾਜਰ ਲੋਕਾਂ ਨੇ ਕੇਂਦਰ ਸਰਕਾਰ ਨੂੰ ਚੁਣੌਤੀ ਦਿੱਤੀ ਕਿ ਜੇਕਰ ਦਿੱਲੀ ਪੁਲਿਸ ’ਚ ਦਮ ਹੈ ਤਾਂ ਲੱਖਾ ਸਿਧਾਣਾ ਨੂੰ ਗ੍ਰਿਫਤਾਰ ਕਰਕੇ ਦਿਖਾਏ।
ਬਿਆਨ ਕਲਮਬੰਦ ਕੀਤੇ: ਐਸ ਐਸ ਪੀ ਬਠਿੰਡਾ
ਸੀਨੀਅਰ ਪੁਲਿਸ ਕਪਤਾਨ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਦਾ ਕਹਿਣਾ ਸੀ ਕਿ ਗੁਰਦੀਪ ਸਿੰਘ ਦੇ ਬਿਆਨ ਲਿਖ ਲਏ ਹਨ ਜਿਸ ’ਚ ਦਿੱਲੀ ਪੁਲਿਸ ਵੱਲੋਂ ਤਸ਼ੱਦਦ ਕਰਨ ਦੀ ਗੱਲ ਆਖੀ ਗਈ ਹੈ। ਉਨ੍ਹਾਂ ਆਖਿਆ ਕਿ ਇਹ ਵਾਕਿਆ ਪਟਿਆਲਾ ਦਾ ਹੈ ਫਿਰ ਵੀ ਬਠਿੰਡਾ ਪੁਲਿਸ ਨੇ ਆਪਣੇ ਪੱਧਰ ਤੇ ਪੜਤਾਲ ਸ਼ੁਰੂ ਕਰ ਦਿੱਤੀ ਹੈ।