- ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਵੀ ਸਰਧਾਂਜਲੀ
ਅੰਮ੍ਰਿਤਸਰ, 17 ਦਸੰਬਰ 2020 - ਸਿੰਘੂ ਸਰਹੱਦ ਤੇ ਚਲ ਰਹੇ ਕਿਸਾਨ ਅੰਦੋਲਨ ਵਿੱਚ ਸਹਿਯੋਗੀ ਸੰਤ ਰਾਮ ਸਿੰਘ ਨਾਨਕਸਰ ਸੀਂਘੜਾ ਵਾਲਿਆਂ ਵਲੋਂ ਕਿਸਾਨੀ ਮਸਲੇ ਸਰਕਾਰ ਵੱਲੋਂ ਨਾ ਹੱਲ ਕੀਤੇ ਜਾਣ ਦੇ ਰੋਸ ਵਜੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਸਵੈ ਸ਼ਹਾਦਤ ਪ੍ਰਾਪਤ ਕਰ ਲੈਣ ਤੇ ਨਿਹੰਗ ਸਿੰਘਾਂ ਦੇ ਮੁਖ ਦਲਪੰਥ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੇ ਗਹਿਰੇ ਦੁਖ ਤੇ ਅਫਸੋਸ ਦਾ ਇਜ਼ਹਾਰ ਕੀਤਾ ਹੈ।
ਅੱਜ ਸਥਾਨਕ ਨਿਹੰਗ ਸਿੰਘਾਂ ਦੀ ਛਾਉਣੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਤੋਂ ਬੁੱਢਾ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਵੱਲੋ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ਵਿੱਚ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕੇਂਦਰ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕਿਸਾਨ ਭਾਈਚਾਰੇ ਨਾਲ ਜਨ ਸਧਾਰਨ ਕਿਸ ਭਾਵਨਾ ਨਾਲ ਜੁੜਿਆ ਹੈ ਇਸ ਦੀ ਤਸਵੀਰ ਬਾਬਾ ਰਾਮ ਸਿੰਘ ਸੀਂਘੜੇ ਵਾਲਿਆਂ ਅਤੇ ਉਥੇ ਪੁਜੇ ਲੋਕਾਂ ਦੀਆਂ ਭਾਵਨਾਵਾਂ ਤੋਂ ਸਪੱਸ਼ਟ ਹੋ ਜਾਂਦੀ ਹੈ ਜੋ ਅੰਨ੍ਹੀ ਸਰਕਾਰ ਨੂੰ ਦਿਸ ਨਹੀਂ ਰਿਹਾ ਹੈ ਤੇ ਉਹ ਆਨੇ ਬਹਾਨੇ ਇਸ ਸੰਘਰਸ਼ ਨੂੰ ਲੰਬਾ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਅੰਦੋਲਨ ਵਿੱਚ ਬਾਬਾ ਰਾਮ ਸਿੰਘ ਤੋਂ ਇਲਾਵਾ ਕਈ ਕਿਸਾਨ ਵੀ ਸ਼ਹਾਦਤ ਵੀ ਦੇ ਚੁੱਕੇ ਹਨ ਜੋ ਇਸ ਸੰਘਰਸ਼ ਦੇ ਸ਼ਹੀਦ ਬਨਣਗੇ।ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪਰਖ ਤੇ ਪਰਖਣ ਦੀ ਨੀਤੀ ਨੂੰ ਤਿਆਗ ਕੇ ਕਾਨੂੰਨ ਤੁਰੰਤ ਰੱਦ ਕਰੇ।ਬਾਬਾ ਬਲਬੀਰ ਸਿੰਘ ਅਕਾਲੀ ਨੇ ਇਸ ਸੰਘਰਸ਼ ਦੌਰਾਨ ਸ਼ਹੀਦ ਹੋਏ ਸਾਰੇ ਹੀ ਕਿਸਾਨਾਂ ਨੂੰ ਸ਼ਰਧਾ ਸਤਿਕਾਰ ਭੇਂਟ ਕਰਦਿਆਂ ਕਿਹਾ ਕਿ ਬਾਬਾ ਰਾਮ ਸਿੰਘ ਗੁਣੀ ਗਿਆਨੀ, ਧਾਰਮਿਕ ਬਿਰਤੀ ਵਾਲੀ ਸ਼ਖਸ਼ੀਅਤ ਸਨ।ਉਨ੍ਹਾਂ ਦੇ ਅਕਾਲ ਚਲਾਣੇ ਨਾਲ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।