ਅਸ਼ੋਕ ਵਰਮਾ
ਨਵੀਂ ਦਿੱਲੀ 12 ਦਸੰਬਰ 2020 - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਭਾਜਪਾ ਹਕੂਮਤ ਦੀਆਂ ਭੜਕਾਊ ਤੇ ਪਾਟਕਪਾਊ ਚਾਲਾਂ ਨੂੰ ਜ਼ੋਰ ਨਾਲ ਪਛਾੜਨ ਤੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਸੱਦਾ ਦਿੱਤਾ ਹੈ। ਟਿਕਰੀ ਬਾਰਡਰ 'ਤੇ ਲੱਗੇ ਕਿਸਾਨ ਮੋਰਚੇ ਦੇ ਅੱਜ 17ਵੇਂ ਦਿਨ ਵੱਖ ਵੱਖ ਸੱਤ ਸਟੇਜਾਂ 'ਚੋ 4 ਸਟੇਜਾਂ 'ਤੇ ਅੱਜ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਵਿਸ਼ੇਸ਼ ਤੌਰ 'ਤੇ ਸੰਬੋਧਨ ਕੀਤਾ ਤੇ ਸੰਘਰਸ਼ ਦੇ ਇਸ ਅਹਿਮ ਪੜਾਅ ਬਾਰੇ ਲੋਕਾਂ ਨਾਲ ਚਰਚਾ ਕੀਤੀ । ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਇੱਕ ਪਾਸੇ ਕਾਨੂੰਨਾਂ 'ਚ ਨਿਗੂਣੀਆਂ ਸੋਧਾਂ ਕਰਨ ਦੀ ਤਜਵੀਜ਼ ਪੇਸ਼ ਕਰ ਰਹੀ ਹੈ ਤੇ ਦੂਜੇ ਪਾਸੇ ਕਿਸਾਨ ਸੰਘਰਸ਼ ਬਾਰੇ ਭੜਕਾਊ ਪ੍ਰਚਾਰ ਕਰ ਰਹੀ ਹੈ। ਆਪਣੇ ਕੁੱਝ ਚੈਨਲਾਂ ਨੂੰ ਸੰਘਰਸ਼ ਬਾਰੇ ਗੁੰਮਰਾਹਕੁੰਨ ਪ੍ਰਚਾਰ ਲਈ ਝੋਕ ਦਿੱਤਾ ਹੈ।
ਉਨ੍ਹਾਂ ਵੱਲੋਂ ਬੁੱਧੀਜੀਵੀਆਂ ਦੀ ਰਿਹਾਈ ਦੀ ਮੰਗ ਕਰਨ ਨੂੰ ਨਕਸਲੀਆਂ ਦੀ ਘੁਸਪੈਠ ਕਿਹਾ ਜਾ ਰਿਹਾ ਹੈ, ਕਦੇ ਇਸ ਨੂੰ ਖ਼ਾਲਿਸਤਾਨੀਆਂ ਦੇ ਸੰਘਰਸ਼ ਵਜੋਂ ਪੇਸ਼ ਕੀਤਾ ਜਾ ਰਿਹਾ ਹੈ ਤੇ ਜੈਪੁਰ ਹਾਈਵੇ ਰੋਕਣ ਦੇ ਐਕਸ਼ਨ ਨਾਲ ਹਿੰਸਾ ਹੋਣ ਦੇ ਖ਼ਤਰੇ ਦਾ ਭਰਮ ਪੈਦਾ ਕੀਤਾ ਜਾ ਰਿਹਾ ਹੈ। ਭਰਮਾਊ ਪ੍ਰਚਾਰ ਦਾ ਭਾਜਪਾ ਵੱਲੋਂ ਇਹ ਪਰਖਿਆ ਪਰਤਿਆਇਆ ਹਥਿਆਰ ਹੈ ਜਿਸ ਨੂੰ ਸੰਘਰਸ਼ ਅੰਦਰ ਡਟੇ ਕਿਸਾਨ ਸਭਨਾਂ ਕਿਰਤੀ ਵਰਗਾਂ ਦੇ ਸਹਿਯੋਗ ਨਾਲ ਫੇਲ੍ਹ ਕਰਨਗੇ। ਇਹ ਭੜਕਾਊ ਪ੍ਰਚਾਰ ਸੰਘਰਸ਼ਸ਼ੀਲ ਲੋਕਾਂ ਨੂੰ ਦਬਾਅ ਹੇਠ ਲਿਆ ਕੇ ਸੋਧਾਂ ਦੀ ਤਜਵੀਜ਼ ਮਨਜ਼ੂਰ ਕਰਨ ਖ਼ਾਤਰ ਹੈ। ਉਨ੍ਹਾਂ ਕਿਹਾ ਕਿ ਤਜਵੀਜ਼ਤ ਸੋਧਾਂ ਦੀ ਔਕਾਤ ਤਾਂ ਭਾਜਪਾ ਦੇ ਅੱਜ ਦੇ ਬਿਆਨ ਤੋਂ ਹੀ ਜ਼ਾਹਿਰ ਹੁੰਦੀ ਹੈ ਜਿਸ ਵਿੱਚ ਪਾਰਟੀ ਨੇ ਦੇਸ਼ ਭਰ ਦੇ ਸੱਤ ਸੌ ਜ਼ਿਲ੍ਹਿਆਂ ਅੰਦਰ ਕਾਨੂੰਨਾਂ ਦੇ ਫ਼ਾਇਦੇ ਗਿਣਾਉਣ ਦੀ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ 14 ਤਰੀਕ ਨੂੰ ਪੰਜਾਬ ਭਰ ਅੰਦਰ ਜ਼ਿਲ੍ਹਾ ਪੱਧਰਾਂ 'ਤੇ ਵੱਡੇ ਰੋਸ ਮੁਜ਼ਾਹਰਿਆਂ ਦੀਆਂ ਜ਼ੋਰਦਾਰ ਤਿਆਰੀਆਂ ਚੱਲ ਰਹੀਆਂ ਹਨ ਜਿੰਨ੍ਹਾਂ ਵਿੱਚ ਲੱਖਾਂ ਲੋਕ ਸ਼ਮੂਲੀਅਤ ਕਰਨਗੇ।
ਸੂਬਾ ਪ੍ਰਧਾਨ ਨੇ ਐਲਾਨ ਕੀਤਾ ਕਿ 16 ਦਸੰਬਰ ਨੂੰ ਪੰਜਾਬ ਭਰ ਵਿਚੋਂ ਖ਼ੁਦਕੁਸ਼ੀ ਕਰ ਗਏ ਕਿਸਾਨਾਂ ਦੇ ਪਰਿਵਾਰਕ ਮੈਂਬਰ ਟਿਕਰੀ ਬਾਰਡਰ 'ਤੇ ਲੱਗੇ ਮੋਰਚੇ ਵਿੱਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ ਤੇ ਦੇਸ਼ ਦੁਨੀਆਂ ਸਾਹਮਣੇ ਪੰਜਾਬ ਦੇ ਖੇਤੀ ਸੰਕਟ ਦਾ ਦਰਦ ਦੱਸਣਗੇ। ਕਰਜ਼ੇ ਕਾਰਨ ਜ਼ਿੰਦਗੀ ਤੋਂ ਬੇਮੁਖ ਹੋ ਗਏ ਕਿਸਾਨਾਂ ਦੇ ਪਰਿਵਾਰਾਂ ਦੀ ਕਰੂਰ ਹਕੀਕਤਾਂ ਸੰਸਾਰ ਸਾਹਮਣੇ ਉਘਾੜੀਆਂ ਜਾਣਗੀਆਂ ਤੇ ਦੱਸਿਆ ਜਾਵੇਗਾ ਕਿ ਕਿਵੇਂ ਇਹ ਨਵੇਂ ਖੇਤੀ ਕਨੂੰਨ ਕਰਜ਼ੇ ਦੀਅਾਂ ਫਸਲਾਂ ਦਾ ਝਾਡ਼ ਹੀ ਵਧਾਉਣਗੇ ਤੇ ਖ਼ੁਦਕੁਸ਼ੀਆਂ ਦੇ ਬੀਜ ਹੋਰ ਡੂੰਘੇ ਵਿੱਚ ਜਾਣਗੇ। ਅੱਜ ਮੋਰਚੇ ਵਿੱਚ ਪੰਜਾਬ ਅੰਦਰੋਂ ਤਰਕਸ਼ੀਲ ਸੁਸਾਇਟੀ ਦੀ ਅਗਵਾਈ ਵਿੱਚ ਸੈਂਕੜੇ ਤਰਕਸ਼ੀਲ ਕਾਰਕੁੰਨਾਂ ਦਾ ਕਾਫਲਾ ਵੀ ਸ਼ਾਮਿਲ ਹੋਇਆ ਤੇ ਸੰਘਰਸ਼ ਦਾ ਜ਼ੋਰਦਾਰ ਸਮਰਥਨ ਕੀਤਾ।
ਸੁਸਾਇਟੀ ਦੀ ਤਰਫੋਂ ਸੰਬੋਧਨ ਹੁੰਦਿਆਂ ਸੂਬਾ ਆਗੂ ਰਜਿੰਦਰ ਭਦੌੜ ਨੇ ਇਸ ਨੂੰ ਅਜਿਹਾ ਹਰਮਨ ਪਿਆਰਾ ਸੰਘਰਸ਼ ਕਰਾਰ ਦਿੱਤਾ ਜਿਸ ਨਾਲ ਸਮਾਜ ਦੇ ਸਭਨਾਂ ਤਬਕਿਆਂ ਦੇ ਸਰੋਕਾਰ ਡੂੰਘੀ ਤਰ੍ਹਾਂ ਜੁੜ ਚੁੱਕੇ ਹਨ। ਇਹ ਸਰੋਕਾਰ ਸਿਰਫ਼ ਫੌਰੀ ਕਿਸਾਨ ਮੰਗਾਂ ਦੀ ਪ੍ਰਾਪਤੀ ਤੱਕ ਸੀਮਤ ਨਹੀਂ ਹਨ ਸਗੋਂ ਇਸ ਅੰਦੋਲਨ ਰਾਹੀਂ ਲੋਕਾਂ ਦੀ ਅਗਾਂਹ ਵਧੂ ਲਹਿਰ ਨੂੰ ਨਵੀਂਆਂ ਜਰਬਾਂ ਤੇ ਨਵੀਂ ਦਿਸ਼ਾ ਮਿਲਣ ਦੀਆਂ ਸੰਭਾਵਨਾਵਾਂ ਦਿਖਦੀਆਂ ਹਨ । ਇਹ ਸੰਭਾਵਨਾਵਾਂ ਦਹਾਕਿਆਂ ਤੋਂ ਲੋਕ ਲਹਿਰ ਦੇ ਵਿਹੜੇ 'ਚ ਵਿਚਰਦੇ ਵਿਅਕਤੀਆਂ ਅੰਦਰ ਨਵੀਆਂ ਤਰੰਗਾਂ ਛੇੜ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਭਨਾਂ ਅਗਾਂਹਵਧੂ ਹਲਕਿਆਂ ਦਾ ਡਟਵਾਂ ਸਾਥ ਇਸ ਅੰਦੋਲਨ ਨੂੰ ਜਿੱਤ ਤੱਕ ਲਾਜ਼ਮੀ ਪਹੁੰਚਾਵੇਗਾ।
ਉਨ੍ਹਾਂ ਨੇ ਤਰਕਸ਼ੀਲ ਸੁਸਾਇਟੀ ਵੱਲੋਂ ਸੈਂਕੜੇ ਅਗਾਂਹਵਧੂ ਪੁਸਤਕਾਂ ਸੰਘਰਸ਼ ਅੰਦਰ ਡਟੇ ਲੋਕਾਂ ਨੂੰ ਭੇਟ ਕਰਦਿਆਂ ਕਿਹਾ ਕਿ ਸੋਸਾਇਟੀ ਵੱਲੋਂ ਦਿੱਲੀ ਮੋਰਚਿਆਂ ਵਿੱਚ ਸੱਤ ਲੱਖ ਦੀਆਂ ਪੁਸਤਕਾਂ ਲੋਕਾਂ ਅੰਦਰ ਵੰਡੀਆਂ ਜਾ ਰਹੀਆਂ ਹਨ ਜਿਹੜੀਆਂ ਨਵੀਂ ਚੇਤਨਾ ਦਾ ਛੱਟਾ ਦੇਣਗੀਆਂ। ਇਸ ਸੰਘਰਸ਼ ਪ੍ਰਤੀ ਅਜਿਹੀਆਂ ਹੀ ਭਾਵਨਾਵਾਂ ਦਾ ਪ੍ਰਗਟਾਵਾ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਤੋਂ ਪਹੁੰਚੀ ਸੁਰਿੰਦਰ ਕੁਮਾਰੀ ਕੋਛੜ ਨੇ ਵੀ ਕੀਤਾ। ਉਨ੍ਹਾਂ ਨੇ ਇਸ ਅੰਦੋਲਨ ਦੇ ਵੇਗ ਤੇ ਤਾਕਤ ਨੂੰ ਮੁਲਕ ਦੇ ਆਜ਼ਾਦੀ ਸੰਗਰਾਮ ਦੀ ਤਹਿਰੀਕ ਨਾਲ ਜੋਡ਼ਿਆ ਅਤੇ ਦੇਸ਼ ਭਗਤਾਂ ਦੇ ਸੁਪਨਿਆਂ ਦੀ ਪੂਰਤੀ ਦੀਆਂ ਆਸਾਂ ਨਾਲ ਜੋਡ਼ਕੇ ਜੂਝਦੇ ਜੁਝਾਰੂਆਂ ਨੂੰ ਆਪਣੀਆਂ ਸੰਗਰਾਮੀ ਸ਼ੁਭ-ਕਾਮਨਾਵਾਂ ਭੇਟ ਕੀਤੀਆਂ।
ਇਸ ਤੋਂ ਇਲਾਵਾ ਅੱਜ ਦੇ ਇਕੱਠਾਂ ਨੂੰ ਹਰਿਆਣਾ ਕਿਸਾਨ ਏਕਤਾ ਦੇ ਸੰਤਵੀਰ ਪੂਨੀਆ ਤੇ ਟੇਕ ਚੰਦ ਸਿਰਸਾ , ਪੰਜ ਮੈਂਬਰੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਦਲੇਰ ਸਿੰਘ ਰਾਜੋਕੇ ਤੇ ਹਰਦੀਪ ਸਿੰਘ ਜੌੜਾ ਨੇ ਵੀ ਸੰਬੋਧਨ ਕੀਤਾ । ਅੱਜ ਦੇ ਇਕੱਠਾਂ ਨੂੰ ਜਥੇਬੰਦੀ ਦੇ ਆਗੂਆਂ ਸ਼੍ਰੀ ਸ਼ਿੰਗਾਰਾ ਸਿੰਘ ਮਾਨ, ਪਰਮਜੀਤ ਕੌਰ, ਹਰਿੰਦਰ ਕੌਰ ਬਿੰਦੂ, ਜਸਵਿੰਦਰ ਸਿੰਘ ਲੌਂਗੋਵਾਲ , ਅਮਰਜੀਤ ਸਿੰਘ ਸੈਦੋਕੇ, ਮਨਜੀਤ ਸਿੰਘ ਨਿਆਲ, ਗੁਰਪ੍ਰੀਤ ਕੌਰ ਬਰਿਆਸ ਨੇ ਵੀ ਆਪਣੇ ਵਿਚਾਰ ਰੱਖੇ।