ਅਸ਼ੋਕ ਵਰਮਾ
ਨਵੀਂ ਦਿੱਲੀ, 8 ਜਨਵਰੀ 2021 - ਖੇਤੀ ਕਾਨੂੰਨਾਂ ਖਿਲਾਫ ਦਿੱਲੀ ਵਿਖੇ ਚੱਲ ਰਹੇ ਸੰਘਰਸ਼ ’ਚ ਅੱਜ ਹੱਥਾਂ ‘ਚ ਸੁਰਖ ਫਰੇਰੇ ਲੈ ਕੇ ਵਿਸ਼ਾਲ ਗਿਣਤੀ ਚ ਪੁੱਜੇ ਖੇਤ ਮਜਦੂਰ ਮਰਦ ਔਰਤਾਂ ਨੌਜਵਾਨਾਂ ਅਤੇ ਬੱਚਿਆਂ ਨੇ ਕਿਸਾਨ ਸੰਘਰਸ਼ ਦੀ ਹਮਾਇਤ ’ਚ ਮਸ਼ਾਲਾਂ ਬਾਲ ਕੇ ਰੱਖਣ ਦੇ ਐਲਾਨ ਨਾਲ ਪਿੰਡ ਪਿੰਡ ’ਚ ਕਿਸਾਨ ਮਜਦੂਰ ਜੋਟੀ ਪੀਡੀ ਕਰਨ ਦਾ ਅਹਿਦ ਲਿਆ। ਪੰਜਾਬ ਖੇਤ ਮਜਦੂਰ ਯੂਨੀਅਨ ਦੀ ਅਗਵਾਈ ਚ ਵੱਡੀ ਗਿਣਤੀ ਖੇਤ ਮਜਦੂਰਾਂ ਵੱਲੋਂ ਟਿੱਕਰੀ ਬਾਰਡਰ ‘ਤੇ ਲੱਗੀ ਸਟੇਜ ‘ਤੇ ਪੁੱਜਣ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਜੋਰਦਾਰ ਸਵਾਗਤ ਕਰਦਿਆਂ ਅੱਜ ਦੀ ਸਟੇਜ ਕਾਰਵਾਈ ਚਲਾਉਣ ਦੀ ਜਿੰਮੇਵਾਰੀ ਖੇਤ ਮਜਦੂਰ ਜਥੇਬੰਦੀ ਨੂੰ ਸੌਂਪ ਦਿੱਤੀ।ਖੇਤ ਮਜਦੂਰਾਂ ਤੇ ਕਿਸਾਨਾਂ ਦੇ ਵਿਸ਼ਾਲ ਇਕੱਠ ਨੂੰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਵਿੱਤ ਸਕੱਤਰ ਹਰਮੇਸ਼ ਮਾਲੜੀ ਨੇ ਸੰਬੋਧਨ ਕਰਦਿਆਂ ਖੇਤੀ ਕਾਨੂੰਨ ਨੂੰ ਰੱਦ ਕਰਾਉਣ ਲਈ ਕਿਸਾਨਾਂ ਤੇ ਖੇਤ ਮਜਦੂਰਾਂ ਦੀ ਆਪਸੀ ਸਾਂਝ ਦੇ ਮਹੱਤਵ ਨੂੰ ਉਘਾੜਿਆ।
ਉਹਨਾਂ ਆਖਿਆ ਕਿ ਇਤਹਾਸ ਇਸ ਗੱਲ ਦਾ ਗਵਾਹ ਹੈ ਕਿ ਜਦੋਂ ਵੀ ਕਿਸਾਨ ਤੇ ਮਜਦੂਰ ਜਾਤ ਪਾਤ ਦੀਆਂ ਵਲਗਣਾਂ ਉਲੰਘਕੇ ਤੇ ਇੱਕ ਜੁੱਟਤਾ ਨਾਲ ਮੈਦਾਨ ‘ਚ ਨਿੱਤਰੇ ਹਨ ਉਦੋਂ ਹੀ ਉਹਨਾਂ ਲਹਿਰਾਂ ਨੇ ਵੱਡੀਆਂ ਮੰਜਿਲਾਂ ਸਰ ਕੀਤੀਆਂ ਹਨ। ਸੰਘਰਸ਼ ਦੇ ਮੋਰਚੇ ‘ਚ ਡਟੇ ਕਿਸਾਨਾਂ ਦੇ ਦਿਰੜ ਇਰਾਦਿਆਂ ਨੂੰ ਸਲਾਮ ਕਰਦਿਆਂ ਉਹਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਾਂ ਦੇ ਸਾਂਝੀ ਤੇ ਖੇਤੀ ਸੰਕਟ ਤੋਂ ਸਭ ਤੋਂ ਜਿਆਦਾ ਪੀੜਤ ਖੇਤ ਮਜਦੂਰਾਂ ਨੂੰ ਮੌਜੂਦਾ ਸੰਘਰਸ ਦਾ ਅੰਗ ਬਨਾਉਣ ਲਈ ਤਾਣ ਜੁਟਾਉਣ। ਉਹਨਾਂ ਆਖਿਆ ਕਿ ਇਹਨਾਂ ਕਾਨੂੰਨਾਂ ਰਾਹੀਂ ਮੋਦੀ ਹਕੂਮਤ ਵੱਲੋਂ ਬੋਲਿਆ ਹੱਲਾ ਖੇਤ ਮਜਦੂਰਾਂ ਤੇ ਦਲਿਤਾਂ ਦੀ ਹੋਂਦ ਨੂੰ ਹੀ ਖਤਰੇ ਮੂੰਹ ਧੱਕਣ ਦਾ ਜਰੀਆ ਬਣੇਗਾ। ਉਹਨਾਂ ਦੋਸ਼ ਲਾਇਆ ਕਿ ਸਰਕਾਰਾਂ ਦੀਆਂ ਅਖੌਤੀ ਨੀਵੀਆਂ ਨੀਤੀਆਂ ਕਾਰਨ ਪਹਿਲਾਂ ਹੀ ਗਰੀਬੀ, ਬੇਰੁਜਗਾਰੀ , ਮਹਿੰਗਾਈ ਤੇ ਨਾਮੁਰਾਦ ਬਿਮਾਰੀਆਂ ਵਰਗੀਆਂ ਅਲਾਮਤਾਂ ਦੇ ਝੰਭੇ ਖੇਤ ਮਜਦੂਰਾਂ ਲਈ ਇਹ ਕਾਨੂੰਨ ਫਾਕਾ ਕਸੀ ਕੱਟਣ ਲਈ ਮਜਬੂਰ ਕਰਨਗੇ।
ਖੇਤ ਮਜਦੂਰਾਂ ਨੂੰ ਵਿਸ਼ੇਸ਼ ਤੌਰ ‘ਤੇ ਸੰਬੋਧਨ ਹੁੰਦਿਆਂ ਆਖਿਆ ਕਿ ਉਹ ਮੋਦੀ ਹਕੂਮਤ ਦੇ ਖੋਟੇ ਮਨਸੂਬਿਆਂ ਨੂੰ ਹਿੰਦੂ ਰਾਸਟਰ ਬਣਾਉਣ ਦੇ ਫਾਸੀਵਾਦੀ ਹੱਲੇ ਨਾਲ ਜੋੜਕੇ ਸਮਝਣ ਜਿਸਦੇ ਤਹਿਤ ਭਾਜਪਾ ਦੇ ਸੱਤਾ ‘ਚ ਆਉਣ ਤੋਂ ਬਾਅਦ ਦਲਿਤਾਂ ਉਤੇ ਜਾਤਪਾਤੀ ਅੱਤਿਆਚਾਰਾ ਦਾ ਗ੍ਰਾਫ ਵਧਦਾ ਜਾ ਰਿਹਾ ਹੈ। ਉਹਨਾਂ ਐਲਾਨ ਕੀਤਾ ਕਿ ਖੇਤ ਮਜਦੂਰਾਂ ਦਾ ਵਿਸ਼ਾਲ ਕਾਫਲਾ 9 ਜਨਵਰੀ ਨੂੰ ਸਿੰਘੂ ਬਾਰਡਰ ਮੋਰਚੇ ‘ਤੇ ਡਟੇ ਕਿਸਾਨਾਂ ਨਾਲ ਸੰਘਰਸ਼ੀ ਸਾਂਝ ਦੀ ਬਾਤ ਪਾਏਗਾ। ਕਿਸਾਨ ਆਗੂ ਝੰਡਾ ਸਿੰਘ ਜੇਠੂਕੇ ਨੇ ਤੰਗੀਆਂ ਤੁਰਸ਼ੀਆਂ ਦੇ ਬਾਵਜੂਦ ਸੈਂਕੜੇ ਕਿਲੋਮੀਟਰ ਦਾ ਪੰਧ ਮੁਕਾ ਕੇ ਮੋਰਚੇ ‘ਚ ਸ਼ਾਮਲ ਹੋਣ ਦਾ ਸਵਾਗਤ ਕਰਦਿਆਂ ਆਖਿਆ ਕਿ ਖੇਤ ਮਜਦੂਰਾਂ ਦੇ ਆਉਣ ਨਾਲ ਉਹਨਾਂ ਦੇ ਹੌਸਲੇ ਹੋਰ ਬੁਲੰਦ ਹੋਏ ਹਨ। ਉਹਨਾਂ ਆਖਿਆ ਕਿ ਹਾਕਮਾਂ ਵੱਲੋਂ ਘੋਲ ਨੂੰ ਢਾਹ ਲਾਉਣ ਦੇ ਕਈ ਯਤਨ ਅਸਫਲ ਹੋਣ ਤੋਂ ਬਾਅਦ ਹੁਣ ਖੇਤ ਮਜਦੂਰਾਂ ਦੀ ਸ਼ਮੂਲੀਅਤ ਜਾਤਪਾਤੀ ਵੰਡੀਆਂ ਦੀ ਸਿਆਸਤ ਨੂੰ ਮਾਤ ਦੇਣ ਚ ਅਹਿਮ ਰੋਲ ਅਦਾ ਕਰੇਗੀ।
ਉੱਘੇ ਬੁੱਧੀਜੀਵੀ ਹਿੰਮਾਸ਼ੂ ਕੁਮਾਰ ਨੇ ਆਖਿਆ ਕਿ ਇਹ ਲੜਾਈ ਇਨਸਾਨੀਅਤ ਬਚਾਉਣ ਤੇ ਸ਼ੈਤਾਨੀਅਤ ਹਰਾਉਣ ਦੀ ਹੈ ਜਿਸ ’ਚ ਦਲਿਤਾਂ ਆਦਿਵਾਸੀਆਂ ਤੇ ਔਰਤਾਂ ਦੀ ਭੂਮਿਕਾ ਬੇਹੱਦ ਮਹੱਤਵ ਰੱਖਦੀ ਹੈ। ਖੇਤ ਮਜਦੂਰ ਆਗੂ ਗੁਰਮੇਲ ਕੌਰ ਸਿੰਘੇਵਾਲਾ ਤੇ ਕਿਸਾਨ ਆਗੂ ਪਰਮਜੀਤ ਕੌਰ ਪਿੱਥੋ ਨੇ ਆਖਿਆ ਕਿ ਕਿਸਾਨ ਮਜਦੂਰ ਔਰਤਾਂ ਦਾ ਜੁੜਕੇ ਬੈਠਣਾ ਸੰਘਰਸ਼ ਨੂੰ ਹੋਰ ਤਕੜਾਈ ਦੇਵੇਗਾ।ਇਸ ਮੌਕੇ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ,ਖੇਤ ਮਜਦੂਰ ਆਗੂ ਹਰਭਗਵਾਨ ਸਿੰਘ ਮੂਣਕ, ਮੇਜਰ ਸਿੰਘ ਕਾਲੇਕੇ, ਸ੍ਰੀ ਕਾਂਤੀ ਮੋਹਣ ਮੁਠੱਡਾ, ਸੁਖਵਿੰਦਰ ਸਿੰਘ ਕੋਟਲੀ ਤੋਂ ਇਲਾਵਾ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਦਰਵਾਰਾ ਸਿੰਘ ਤੇ ਹਰਿਆਣਾ ਦੇ ਕਿਸਾਨ ਆਗੂ ਬਲਵੀਰ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸੱਤਪਾਲ ਪਟਿਆਲਾ ਦੀ ਨਿਰਦੇਸ਼ਨਾ ਹੇਠ ਪੀਪਲਜ ਆਰਟ ਥੀਏਟਰ ਪਟਿਆਲਾ ਦੇ ਕਲਾਕਾਰਾਂ ਨੇ (ਪਲਸ ਮੰਚ)ਮਸ਼ਾਲਾਂ ਬਾਲ ਕੇ ਚੱਲਣਾ ਤੇ ਲਹਿਰਾਂ ਬਣ ਉੱਠੋ ਭੁੱਖਾਂ ਦੇ ਲਤਾੜਿਓ ਗੀਤਾਂ ‘ਤੇ ਆਧਾਰਿਤ ਕੋਰੀਓਗਰਾਫੀਆ ਪੇਸ ਕੀਤੀਆਂ।ਧਰਮਿੰਦਰ ਮਸਾਣੀ , ਅਜਮੇਰ ਸਿੰਘ ਅਕਲੀਆਂ ,ਛੋਟੀ ਬੱਚੀ ਖੁਸ਼ਪ੍ਰੀਤ ਕੌਰ ਸਿੰਘੇਵਾਲਾ ਤੇ ਜੋਗੀ ਸਿੰਘ ਨੰਗਲਾ ਨੇ ਜੋਸੀਲੇ ਗੀਤ ਪੇਸ਼ ਕੀਤੇ ।