ਅਸ਼ੋਕ ਵਰਮਾ
ਮਾਨਸਾ,24ਦਸੰਬਰ2020: ਕਿਸਾਨ ਵਿਰੋਧੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਅਤੇ ਔਰਤਾਂ ਨੂੰ ਅੱਜ ਪਿੰਡ ਭੈਣੀ ਬਾਘਾ ਵਿੱਚ ਵੱਡੇ ਇਕੱਠ ਦੌਰਾਨ ਸ਼ਰਧਾਂਜ਼ਲੀਆਂ ਭੇਟ ਕੀਤੀਆਂ ਗਈਆਂ। ਜ਼ਿਕਰਯੋਗ ਹੈ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 20 ਤਾਰੀਖ ਤੋਂ ਵਿਛੜੇ ਸਾਥੀਆਂ ਨੂੰ ਪਿੰਡਾਂ ਵਿੱਚ ਸ਼ਰਧਾਂਜਲੀ ਸਮਾਗਮ ਕਰਵਾਉਣ ਦਾ ਪ੍ਰੋਗਰਾਮ ਉਲਕਿਆ ਹੋਇਆ ਸੀ। ਅੱਜ ਆਖਰੀ ਦਿਨ ਜਿਲ੍ਹੇ ਵਿੱਚ ਪੰਜ ਥਾਵਾਂ ਤੇ ਵੱਡੇ ਇਕੱਠ ਕਰਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਭੈਣੀ ਬਾਘਾ ਵਿੱਚ ਜੁੜੇ ਹਜ਼ਾਰਾਂ ਕਿਸਾਨਾਂ, ਔਰਤਾਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਜੂਨ ਮਹੀਨੇ ਤੋਂ ਕਾਲੇ ਕਾਨੂੰਨਾਂ ਖਿਲਾਫ ਸ਼ੁਰੂ ਹੋਏ ਅੰਦੋਲਨ ਵਿੱਚ ਕੁੱਲ 42 ਕਿਸਾਨ ਸ਼ਹੀਦ ਹੋ ਚੁੱਕੇ ਹਨ ਜਿੰਨਾਂ ਵਿੱਚ ਦੋ ਔਰਤਾਂ ਸ਼ਾਮਲ ਹਨ। ਮਾਨਸਾ ਜਿਲੇ ਦੇ ਅੱਠ ਜਣਿਆਂ ਦੀਆਂ ਜਾਨਾਂ ਸੰਘਰਸ਼ ਲੇਖੇ ਲੱਗੀਆਂ ਹਨ ਜਿੰਨਾਂ ਵਿੱਚ ਮੁਖਤਿਆਰ ਸਿੰਘ, ਵਜੀਰ ਸਿੰਘ ਕਿਸ਼ਨਗੜ੍ਹ, ਮਾਤਾ ਤੇਜ ਕੌਰ ਬਰ੍ਹੇ, ਗੁਰਜੰਟ ਸਿੰਘ ਬੱਛੂਆਣਾ, ਰਾਮ ਸਿੰਘ ਦੋਦੜਾ, ਜੁਗਰਾਜ ਸਿੰਘ ਗੁੜੱਦੀ, ਤੇਜਿੰਦਰ ਸਿੰਘ ਫੱਤਾ ਮਾਲੋਕਾ, ਧੰਨਾ ਸਿੰਘ ਖਿਆਲੀ ਚਹਿਲਾਂਵਾਲੀ ਸ਼ਾਮਲ ਹਨ। ਕਿਸਾਨ ਆਗੂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਰਖੇਲ ਅਤੇ ਕਿਸਾਨਾਂ ਦੀ ਕਾਤਲ ਸਾਬਤ ਹੋ ਰਹੀ ਹੈ। ਉਹਨਾਂ ਕਿਹਾ ਕਿ ਦਿੱਲੀ ਵਿੱਚ ਲੱਗਿਆ ਮੋਰਚਾ ਕਾਨੂੰਨ ਵਾਪਸੀ ਤੱਕ ਜਾਰੀ ਰਹੇਗਾ ਅਤੇੇ ਇਹ ਸੰਘਰਸ਼ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਦੀ ਜਾਨ ਸੁਖਾਲੀ ਕਰਨ ਲਈ ਮੀਲ ਪੱਥਰ ਸਾਬਤ ਹੋਵੇਗਾ। ਇਸ ਮੌਕੇ ਚੇਤਨਾ ਕਲਾਂ ਕੇਂਦਰ ਟੀਮ ਹਰਵਿੰਦਰ ਦੀਵਾਨਾ ਵੱਲੋਂ ਨਾਟਕ ਉਜੜੇ ਘਰਾਂ ਦੀ ਦਾਸਤਾਨ ਅਤੇ ਛੁਪਣ ਤੋਂ ਪਹਿਲਾਂ ਖੇਡੇ ਗਏ । ਇਸ ਮੌਕੇ ਬੁਲਾਰੇ ਜਗਦੇਵ ਸਿੰਘ ਭੈਣੀ ਬਾਘਾ, ਲਾਭ ਸਿੰਘ ਖੋਖਰ, ਹਰਿੰਦਰ ਸਿੰਘ ਟੋਨੀ ਪਿੰਡ ਪ੍ਰਧਾਨ, ਗੋਰਾ ਸਿੰਘ ਆਦਿ ਹਾਜ਼ਰ ਸਨ।