ਅਸ਼ੋਕ ਵਰਮਾ
ਬਰਨਾਲਾ, 16 ਮਾਰਚ, 2021 - ਤੀਹ ਕਿਸਾਨ ਜਥੇਬੰਦੀਆਂ ਦੇ ਸੰਯਕੁਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਕਰਨ ਵਾਲਾ ਨਵਾਂ ਕਾਨੂੰਨ ਬਣਵਾਉਣ ਦੀ ਮੰਗ ਨੂੰ ਲੈ ਕੇ ਲਾਇਆ ਧਰਨਾ ਅੱਜ 167ਵੇਂ ਦਿਨ ਵੀ ਪੂਰੇ ਜੋਸ਼ੋ ਖਰੋਸ਼ ਨਾਲ ਜਾਰੀ ਰਿਹਾ। ਅੱਜ ਧਰਨੇ ਨੂੰ, ਕਰਨੈਲ ਸਿੰਘ ਗਾਂਧੀ, ਉਜਾਗਰ ਸਿੰਘ ਬੀਹਲਾ, ਨਰੈਣ ਦੱਤ,ਬਾਰਾ ਸਿੰਘ ਬਦਰਾ,ਬਾਬੂ ਸਿੰਘ ਖੁੱਡੀ ਕਲਾਂ, ਲਾਲ ਸਿੰਘ ਧਨੌਲਾ,ਮੇਲਾ ਕੱਟੂ, ਮਨਜੀਤ ਰਾਜ, ਗੋਰਾ ਸਿੰਘ ਢਿਲਵਾਂ, ਗੁਰਨਾਮ ਸਿੰਘ ਠੀਕਰੀਵਾਲਾ, ਸਾਧੂ ਸਿੰਘ ਛੀਨੀਵਾਲ, ਜਸਵੀਰ ਕਾਂਦੀਆਂ, ਗੁਰਮੇਲ ਸ਼ਰਮਾ, ਗੁਰਦਰਸ਼ਨ ਸਿੰਘ ਦਿਉਲ, ਬਲਵੀਰ ਕੌਰ ਕਰਮਗੜ੍ਹ ਤੇ ਹਰਚਰਨ ਸਿੰਘ ਚੰਨਾ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਦੱਸਿਆ ਕਿ ਸੰਯਕੁਤ ਕਿਸਾਨ ਮੋਰਚੇ ਵੱਲੋਂ 19 ਮਾਰਚ ਨੂੰ ਪੈਪਸੂ ਦੀ ਮੁਜਾਹਰਾ ਦੇ ਸ਼ਹੀਦਾਂ ਦੀ ਯਾਦ ਵਿੱਚ ਮੁਜ਼ਾਹਰਾ ਲਹਿਰ ਦਿਵਸ ਮਨਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਲਾਲ ਪਾਰਟੀ ਦੀ ਅਗਵਾਈ ਹੇਠ ਚੱਲੀ ਮੁਜਾਹਰਾ ਲਹਿਰ ਨੇ ਪੰਜਾਬ ਦੇ ਮੁਜਾਹਰਿਆਂ ਨੂੰ ਜਮੀਨਾਂ ਦੇ ਮਾਲਕੀ ਦੇ ਹੱਕ ਦਿਵਾਏ ਸਨ। ਮੌਜੂਦਾ ਮਾਨਸਾ ਜਿਲ੍ਹੇ ਦੇ ਬਰੇਟਾ ਕਸਬੇ ਨਜਦੀਕ ਪੈਂਦੇ ਪਿੰਡ ਕਿਸ਼ਨਗੜ੍ਹ ਨੂੰ ਘੇਰਨ ਤੇ ਪਿੰਡ ਵਾਸੀਆਂ ਵਿਰੁੱਧ ਸਖਤ ਫੌਜੀ ਐਕਸ਼ਨ ਕਰਨ ਲਈ ਆਜਾਦ ਭਾਰਤ ਵਿੱਚ ਪਹਿਲੀ ਵਾਰ ਮਾਰਸ਼ਲ ਲਾਇਆ ਗਿਆ ਸੀ। ਕਾਮਰੇਡ ਤੇਜਾ ਸਿੰਘ ਸੁਤੰਤਰ, ਜੰਗੀਰ ਸਿੰਘ ਜੋਗਾ ਤੇ ਧਰਮ ਸਿੰਘ ਫੱਕਰ ਵਰਗੇ ਸਿਰਲੱਥ ਯੋਧਿਆਂ ਦੀ ਰਹਿਨੁਮਾਈ ਹੇਠ ਲੜ੍ਹੇ ਇਸ ਘੋਲ ਨੇ ਵੱਡੀਆਂ ਮੱਲਾਂ ਮਾਰੀਆਂ ਭਾਵੇਂ ਕਿ 19 ਮਾਰਚ 1949 ਨੂੰ ਫੌਜ ਨੇ ਪਿੰਡ ਕਿਸ਼ਨਗ੍ੜ ਵਿੱਚ ਚਾਰ ਕਿਸਾਨ ਸ਼ਹੀਦ ਕਰ ਦਿੱਤੇ। ਮੁਜਾਹਰਾ ਲਹਿਰ ਦਿਵਸ ਮੌਕੇ ਉਨ੍ਹਾਂ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਮੌਜੂਦਾ ਕਿਸਾਨ ਅੰਦੋਲਨ ਨੂੰ ਅੱਗੇ ਵਧਾਉਣ ਦਾ ਅਹਿਦ ਲਿਆ ਜਾਵੇਗਾ ।
ਉਨ੍ਹਾਂ ਕਿਹਾ ਕਿ ਐਫਸੀਆਈ ਨੇ ਨਵਾਂ ਫਰਮਾਨ ਜਾਰੀ ਕੀਤਾ ਹੈ ਕਿ ਫਸਲ ਵੇਚਣ ਲਈ ਜਮੀਨ ਦੀ ਮਾਲਕੀ ਦੇ ਦਸਤਾਵੇਜ਼ ਪੇਸ਼ ਕਰਨੇ ਪੈਣਗੇ। ਇਸ ਫਰਮਾਨ ਕਾਰਨ ਠੇਕੇ 'ਤੇ ਜਮੀਨ ਲੈ ਕੇ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਫਸਲ ਵੇਚਣ ਵਿੱਚ ਬਹੁਤ ਮੁਸ਼ਕਲ ਆਵੇਗੀ। ਆੜ੍ਹਤੀਆਂ ਰਾਹੀਂ ਭੁਗਤਾਨ ਕਰਨ ਦੀ ਬਜਾਏ ਐਫਸੀਆਈ ਨੇ ਸਿੱਧੀ ਅਦਾਇਗੀ ਦੇ ਫਰਮਾਨ ਜਾਰੀ ਕੀਤੇ ਹਨ। ਬਹੁਤੇ ਕਿਸਾਨ ਸਿੱਧੀ ਅਦਾਇਗੀ ਦੇ ਹੱਕ ਵਿੱਚ ਨਹੀਂ ਅਤੇ ਸਰਕਾਰ ਜਾਣਬੁੱਝ ਕੇ ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ਲਈ ਅਜਿਹਾ ਕਰ ਰਹੀ ਹੈ 19 ਮਾਰਚ ਨੂੰ ਮੁਜਾਹਰਾ ਲਹਿਰ ਦਿਵਸ ਮੌਕੇ ਐਫਸੀਆਈ ਦੇ ਇਹ ਤੁਗਲਕੀ ਫਰਮਾਨ ਨੂੰ ਵਾਪਸ ਲੈਣ ਲਈ ਐਸਡੀਐਮ ਨੂੰ ਮੰਗ ਪੱਤਰ ਦਿੱਤਾ ਜਾਵੇਗਾ।
ਅੱਜ ਜਗਰਾਜ ਸਿੰਘ ਕਵੀਸ਼ਰ ਦੇ ਜਥੇ ਨੇ ਜੋਸ਼ੀਲੀਆਂ ਵਾਰਾਂ ਸੁਣਾਈਆਂ। ਰੁਲਦੂ ਸਿੰਘ ਗਿੱਲ, ਸਰਦਾਰਾ ਸਿੰਘ ਮੌੜ ਤੇ ਰਘਵੀਰ ਸਿੰਘ ਕੱਟੂ ਨੇ ਕਵਿਤਾਵਾਂ ਸੁਣਾ ਕੇ ਰੰਗ ਬੰਨਿਆ। ਲੰਗਰ ਦੀ ਸੇਵਾ ਪਿੰਡ ਠੀਕਰੀਵਾਲਾ ਤੇ ਉਪਲੀ ਦੇ ਨਿਵਾਸੀਆਂ ਨੇ ਨਿਭਾਈ।ਬੇਕੇਯੂ ਡਕੌਂਦਾ ਦੀ ਅਗਵਾਈ ਹੇਠ ਬਰਨਾਲਾ ਦੀ ਰਿਲਾਇੰਸ ਮਾਲ ਅੱਗੇ ਚਲ ਰਿਹਾ ਧਰਨਾ ਅਜ ਵੀ ਵੀ ਜਾਰੀ ਰਿਹਾ ਜਿਸ ਨੂੰ ਮੇਜਰ ਸਿੰਘ, ਜਸਵੰਤ ਸਿੰਘ ਤੇ ਦਰਸ਼ਨ ਸਿੰਘ ਨੇ ਸੰਬੋਧਨ ਕੀਤਾ।