ਸੰਜੀਵ ਸੂਦ
- ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਵੱਲੋਂ ਪ੍ਰੈੱਸ ਕਾਨਫ਼ਰੰਸ
- ਪ੍ਰਧਾਨ ਮੰਤਰੀ ਮੋਦੀ ਨੂੰ ਦੱਸਿਆ ਬੱਬਰ ਸ਼ੇਰ
- ਕਿਹਾ ਕਿਸਾਨਾਂ ਨੂੰ ਭੜਕਾ ਰਹੀ ਕਾਂਗਰਸ ਸਰਕਾਰ ਅਤੇ ਹਮਲਿਆਂ ਲਈ ਵੀ ਕੈਪਟਨ ਜ਼ਿੰਮੇਵਾਰ
ਲੁਧਿਆਣਾ, 2 ਅਪ੍ਰੈਲ 2021 - ਪੰਜਾਬ ਦੇ ਵਿੱਚ ਲਗਾਤਾਰ ਸੱਤਾ ਗਰਮਾਉਂਦੀ ਜਾ ਰਹੀ ਹੈ ਵਿਧਾਨ ਸਭਾ ਚੋਣਾਂ ਨੂੰ ਹਾਲਾਂਕਿ ਹਾਲੇ ਇਕ ਸਾਲ ਤੋਂ ਵੱਧ ਦਾ ਸਮਾਂ ਪਿਆ ਹੈ ਪਰ ਇਸ ਦੇ ਬਾਵਜੂਦ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਲਗਾਤਾਰ ਵੋਟਰਾਂ ਨੂੰ ਭਰਮਾਉਣ ਲਈ ਇੱਕ ਦੂਜੇ ਤੇ ਬਿਆਨਬਾਜ਼ੀ ਦਾ ਦੌਰ ਲਗਾਤਾਰ ਜਾਰੀ ਹੈ। ਅੱਜ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਲੁਧਿਆਣਾ ਪਹੁੰਚੇ ਜਿੱਥੇ ਉਨ੍ਹਾਂ ਨੇ ਪੰਜਾਬ ਦੀ ਕੈਪਟਨ ਸਰਕਾਰ ਦੀ ਚਾਰ ਸਾਲ ਦੀ ਕਾਰਗੁਜ਼ਾਰੀ ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕੋਈ ਵੀ ਲੋਕਾਂ ਨਾਲ ਕੀਤਾ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਕੈਪਟਨ ਸਰਕਾਰ ਨੇ ਨਸ਼ੇ ਚਾਰ ਹਫ਼ਤੇ 'ਚ ਖਤਮ ਕਰਨ ਲਈ ਕਿਹਾ ਸੀ ਮੁੱਖ ਮੰਤਰੀ ਨੇ ਸਹੁੰ ਖਾਧੀ ਸੀ ਪਰ ਇੱਕ ਗੁਰਸਿੱਖ ਹੋਣ ਦੇ ਬਾਵਜੂਦ ਉਨ੍ਹਾਂ ਨੇ ਆਪਣੀ ਸਹੁੰ ਦੀ ਤੂਤੀ ਗੁਆ ਦਿੱਤੀ।
ਸ਼ਵੇਤ ਮਲਿਕ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਕਰਜ਼ਾਈ ਹੋ ਚੁੱਕੀ ਹੈ ਅਤੇ ਪੰਜਾਬ ਦੇ ਕਰਜ਼ਾ ਚੜ੍ਹਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਕੋਈ ਵਾਅਦਾ ਪੂਰਾ ਤਾਂ ਨਹੀਂ ਕੀਤਾ। ਪਰ ਨਾਲ ਹੀ ਰੇਤ ਮਾਫੀਆ ਨੂੰ ਖੁੱਲ੍ਹੀ ਲਗਾਮ ਦੇ ਦਿੱਤੀ। ਜਿਸ ਕਾਰਨ ਉਸ ਨੇ ਰੱਜ ਕੇ ਲੋਕਾਂ ਦੀ ਲੁੱਟ ਖਸੁੱਟ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਦੇ ਆਗੂ ਅਰੁਣ ਨਾਰੰਗ ਨਾਲ ਜੋ ਸਲੂਕ ਹੋਇਆ। ਉਸ ਵਿੱਚ ਪੰਜਾਬ ਅਤੇ ਪੰਜਾਬੀਅਤ ਸ਼ਰਮਸਾਰ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਲਈ ਕਾਂਗਰਸ ਜ਼ਿੰਮੇਵਾਰ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਜ਼ਿੰਮੇਵਾਰ ਹੈ ਕਿਉਂਕਿ ਕਿਸਾਨਾਂ ਨੂੰ ਕਾਂਗਰਸ ਲਗਾਤਾਰ ਭੜਕਾ ਰਹੀ ਹੈ। ਜਦੋਂ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਉਨ੍ਹਾਂ ਨੂੰ ਫ਼ਾਇਦਾ ਪਹੁੰਚਾਉਣ ਲਈ ਲਗਾਤਾਰ ਵਚਨਬੱਧ ਹੈ। ਇਸ ਦੌਰਾਨ ਪੱਤਰਕਾਰਾਂ ਵੱਲੋਂ ਦੋ ਤਿੰਨ ਸਵਾਲ ਪੁੱਛਣ ਤੋਂ ਬਾਅਦ ਹੀ ਸ਼ਵੇਤ ਮਲਿਕ ਪ੍ਰੈੱਸ ਕਾਨਫ਼ਰੰਸ ਛੱਡ ਕੇ ਚਲੇ ਗਏ।